ਚੌਥੇ ਮੂਰਖ ਤੁਸੀਂ
Chokhe Surma Tusi
ਇਕ ਵਾਰ ਬਾਦਸ਼ਾਹ ਅਕਬਰ ਨੇ ਬੀਰਬਲ ਨੂੰ ਆਦੇਸ਼ ਦਿੱਤਾ ਕਿ ਸ਼ਹਿਰ ਦੇ ਚਾਰ ਛਟੇ ਹੋਏ ਮੂਰਖ ਲੱਭ ਕੇ ਲਿਆਉ। ਬੀਰਬਲ ਚਲੇ ਗਏ। ਰਾਤ ਹੋਣ 'ਤੇ ਉਹਨਾਂ ਨੇ ਸੜਕ 'ਤੇ ਦੇਖਿਆ ਕਿ ਇਕ ਆਦਮੀ ਲੈਂਪ ਪੋਸਟ ਦੀ ਰੋਸ਼ਨੀ ਵਿਚ ਬੈਠਾ ਕੁਝ ਲੱਭ ਰਿਹਾ ਹੈ। ਉਸ ਨੇ ਕਰੀਬ ਜਾ ਕੇ ਪੁੱਛਿਆ, “ਕੀ ਲੱਭ ਰਹੇ ਹੋ ???
“ਮੇਰਾ ਇਕ ਰੁਪਿਆ ਗਵਾਚ ਗਿਆ ਹੈ ਦੀਵਾਨ ਜੀ।’’ ਆਦਮੀ ਨੇ ਦੱਸਿਆ।
“ਕਿਥੇ ਗੁਆਚਾ ਸੀ ?? “ਉਥੇ, ਉਸ ਦਰੱਖ਼ਤ ਥੱਲੇ।”, “ਤਾਂ ਉਥੇ ਕਿਉਂ ਨਹੀਂ ਲੱਭਦੇ?”
ਅਰੇ ਦੀਵਾਨ ਜੀ, ਉਥੇ ਹਨੇਰਾ ਹੈ।” “ਓਹ..... ਬੀਰਬਲ ਸਮਝ ਗਏ ਕਿ ਇਹ ਮੁਰਖ ਨੰਬਰ ਇਕ ਹੈ। ਉਹ ਉਸ ਨੂੰ ਰੁਪਿਆ ਦੇਣ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਆਏ। ਕੁਝ ਹੀ ਦੂਰ ਗਏ ਸੀ ਕਿ ਇਕ ਘੋੜ-ਸਵਾਰ ਮਿਲਿਆ।
ਉਹ ਘੋੜੇ 'ਤੇ ਬੈਠਾ ਚਲਾ ਆ ਰਿਹਾ ਸੀ। ਉਸ ਦੇ ਸਿਰ ਤੇ ਲੱਕਤੀਆਂ ਦਾ ਗੱਠਾ ਸੀ। ਬੀਰਬਲ ਨੇ ਕਰੀਬ ਆਉਣ ਤੇ ਉਸ ਨੂੰ ਪੁੱਛਿਆ, “ਅਰੇ , ਇਹ ਗੱਠਾ ਸਿਰ 'ਤੇ ਕਿਉਂ ਰੱਖਿਆ ਹੋਇਆ ਹੈ ? ਘੋੜੇ ਤੇ ਕਿਉਂ ਨਹੀਂ ਰੱਖਦੇ ??
“ਘੋੜਾ ਬੇਹੱਦ ਕਮਜ਼ੋਰ ਹੈ ਦੀਵਾਨ ਜੀ, ਇਸ ਲਈ ਮੈਂ ਗੱਠਾ ਆਪਣੇ ਸਿਰ 'ਤੇ ਰੱਖ ਲਿਆ ਹੈ’’, ਬੜੀ ਮਾਸੂਮੀਅਤ ਨਾਲ ਉਹ ਬੋਲਿਆ, “ਹੁਣ ਤੁਸੀਂ ਹੀ ਦੱਸੋ, ਮੈਂ ਵੀ ਘੋੜੇ 'ਤੇ ਬੈਠਾ ਹਾਂ। ਮੇਰਾ ਹੀ ਵਜ਼ਨ ਨਹੀਂ ਸੰਭਾਲ ਰਿਹਾ ਤਾਂ ਫਿਰ ਗੱਠੇ ਦਾ ਵਜ਼ਨ ਵੀ ਇਸ ਉੱਤੇ ਰੱਖ ਦੇਵਾਂਗਾ ਤਾਂ ਇਸ ਦੀ ਹਾਲਤ ਕੀ ਹੋਵੇਗੀ ? ਇਹ ਵਿਚਾਰਾ ਤਾਂ ਮਰ ਹੀ ਜਾਏਗਾ। ਬੀਰਬਲ ਉਸ ਮਹਾਂ ਮੂਰਖ ਦੀ ਸ਼ਕਲ ਦੇਖਦੇ ਰਹਿ ਗਏ।
ਤਦ ਉਸ ਵਿਅਕਤੀ ਨੇ ਗੱਠਾ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਘੋੜੇ ਤੋਂ ਛਾਲ ਮਾਰ ਕੇ ਹੇਠਾਂ ਉਤਰਿਆ ਤੇ ਬੋਲਿਆ, “ਦੀਵਾਨ ਸਾਹਿਬ ! ਆਦਾਬ ਕਰਦਾ ਹਾਂ।
“ਠੀਕ ਹੈ, ਠੀਕ ਹੈ, ਬੀਰਬਲ ਨੇ ਕਿਹਾ, “ਤੁਸੀਂ ਸਾਡੇ ਨਾਲ ਚੱਲੋ, ਅਸੀਂ ਤੁਹਾਨੂੰ ਨਵਾਂ ਘੋੜਾ ਦੇ ਦੇਵਾਂਗੇ ।”
ਬੀਰਬਲ ਉਹਨਾਂ ਦੋਵਾਂ ਨੂੰ ਲੈ ਕੇ ਉਸੇ ਸਮੇਂ ਬਾਦਸ਼ਾਹ ਦੇ ਕੋਲ ਪਹੁੰਚੇ ਅਤੇ ਉਹਨਾਂ ਦੀ ਕਰਤੂਤ ਦੱਸੀ। ਬਾਦਸ਼ਾਹ ਬੋਲੇ, “ਠੀਕ ਹੈ, ਮਗਰ ਮੈਂ ਤਾਂ ਚਾਰ ਮੂਰਖ ਲਿਆਉਣ ਨੂੰ ਕਿਹਾ ਸੀ, ਇਹ ਤਾਂ ਤੁਸੀਂ ਦੋ ਹੀ ਲਿਆਏ।
“ਜਹਾਂ ਪਨਾਹ ! ਇਸ ਸਮੇਂ ਦੋ ਮੂਰਖ ਇਥੇ ਮੌਜੂਦ ਹਨ।’’ ਬੀਰਬਲ ਬੋਲੇ।
ਬਾਦਸ਼ਾਹ ਹੈਰਾਨ ਹੋ ਕੇ ਇਧਰ-ਉਧਰ ਦੇਖਣ ਲੱਗੇ, ਪਰ ਉਥੇ ਉਹਨਾਂ ਦੋਹਾਂ ਦੇ ਇਲਾਵਾ ਹੋਰ ਕੋਈ ਦਿਖਾਈ ਨਹੀਂ ਸੀ ਦੇ ਰਿਹਾ। ਉਹ ਉਲਝਣ ਵਿਚ ਪੈ ਗਏ ਅਤੇ ਬੋਲੇ, “ਅਰੇ ਭਰਾ ਬੀਰਬਲ ! ਕਿਥੇ ਹਨ ਦੋ ਮੂਰਖ ਹੋਰ ??
ਬੀਰਬਲ ਬੋਲੇ, ਗੁਸਤਾਖੀ ਮਾਫ਼ ਹੋ ਆਲੀਜਾਹ ! ਤੀਸਰਾ ਮੂਰਖ ਮੈਂ ਹਾਂ ਜੋ ਅਜਿਹੇ ਫ਼ਜ਼ੂਲ ਕੰਮ ਕਰਦਾ ਫਿਰ ਰਿਹਾ ਹਾਂ।
ਅਤੇ ਚੌਥਾ ? “ਚੌਥੇ ਮੁਰਖ ਤੁਸੀਂ ਹੋ ਜੋ ਮੇਰੇ ਕੋਲੋਂ ਅਜਿਹੇ ਕੰਮ ਕਰਵਾ ਰਹੇ ਹੋ।”
ਬੀਰਬਲ ਦੀ ਗੱਲ ਸੁਣ ਕੇ ਬਾਦਸ਼ਾਹ ਅਕਬਰ ਖਿੜਖਿੜਾ ਕੇ ਹੱਸ ਪਏ । ਫਿਰ ਉਹਨਾਂ ਨੇ ਦੋਵਾਂ ਮੂਰਖਾਂ ਨੂੰ ਇਨਾਮ ਦੇ ਕੇ ਰਵਾਨਾ ਕਰ ਦਿੱਤਾ।

0 Comments