ਤੋਤੇ ਦੀ ਸਮਾਧੀ
Tote di Samadhi
ਇਕ ਵਾਰ ਬਾਦਸ਼ਾਹ ਅਕਬਰ ਨੇ ਇਕ ਤੋਤਾ ਖ਼ਰੀਦਿਆ। ਤੋਤਾ ਬੜਾ ਗਿਆਨੀ ਸੀ। ਬੜੀਆਂ ਚੰਗੀਆਂ-ਚੰਗੀਆਂ ਗੱਲਾਂ ਕਰਦਾ ਸੀ। ਬਾਦਸ਼ਾਹ ਨੇ ਉਸ ਦੀ ਦੇਖ-ਭਾਲ ਦੇ ਲਈ ਇਕ ਆਦਮੀ ਨਿਯੁਕਤ ਕਰ ਦਿੱਤਾ ਅਤੇ ਉਸ ਨੂੰ ਸਖ਼ਤ ਹਿਦਾਇਤ ਦਿੱਤੀ ਕਿ ਅਗਰ ਤੁਹਾਡੀ ਲਾਪਰਵਾਹੀ ਨਾਲ ਤੋਤਾ ਮਰ ਗਿਆ ਅਤੇ ਇਹ ਖ਼ਬਰ ਤੁਸੀਂ ਮੇਰੇ ਕੋਲ ਲੈ ਕੇ ਆਏ ਤਾਂ ਤੁਹਾਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਜਾਵੇਗਾ। ਨੌਕਰ ਤਨ-ਮਨ ਨਾਲ ਤੋਤੇ ਦੀ ਸੇਵਾ ਕਰਨ ਲੱਗਾ। ਮਗਰ ਇਸ ਨੂੰ ਵਕਤ ਦੀ ਮਾਰ ਹੀ ਕਹਾਂਗੇ ਕਿ ਇੰਨੀ ਚੰਗੀ ਦੇਖ-ਭਾਲ ਦੇ ਬਾਅਦ ਵੀ ਤੋਤਾ ਮਰ ਗਿਆ। ਹੁਣ ਤਾਂ ਤੋਤੇ ਦਾ ਰਖਵਾਲਾ ਬੜਾ ਘਬਰਾਇਆ। ਉਸ ਦੇ ਪਸੀਨੇ ਛੁੱਟਣ ਲੱਗੇ। ਉਹ ਜਾਣਦਾ ਸੀ ਕਿ ਜਦੋਂ ਹੀ ਉਸ ਨੇ ਬਾਦਸ਼ਾਹ ਅਕਬਰ ਨੂੰ ਜਾ ਕੇ ਤੋਤੇ ਦੇ ਮਰਨ ਦੀ ਖ਼ਬਰ ਸੁਣਾਈ, ਤਦੋਂ ਹੀ ਬਾਦਸ਼ਾਹ ਨੇ ਉਸ ਦੇ ਲਈ ਫ਼ਾਂਸੀ ਦਾ ਹੁਕਮ ਜਾਰੀ ਕਰ ਦੇਣਾ ਹੈ।
ਸਵੇਰ ਤੋਂ ਦੁਪਹਿਰ ਹੋ ਗਈ। ਉਹ ਰੋਂਦਾ ਰਿਹਾ ਅਤੇ ਆਪਣੀ ਕਿਸਮਤ ਨੂੰ ਕੋਸਦਾ ਰਿਹਾ। ਅਚਾਨਕ ਉਸ ਨੂੰ ਬੀਰਬਲ ਦਾ ਖ਼ਿਆਲ ਆਇਆ ਤਾਂ ਉਹ ਉੱਛਲ ਕੇ ਖੜਾ ਹੋ ਗਿਆ ਅਤੇ ਕੁਝ ਹੀ ਪਲਾਂ ਦੇ ਬਾਅਦ ਬੀਰਬਲ ਦੇ ਕੋਲ ਜਾ ਪਹੁੰਚਿਆ। ਉਸ ਨੇ ਜਾਂਦੇ ਹੀ ਬੀਰਬਲ ਦੇ ਪੈਰ ਫੜੇ ਤੇ ਬੋਲਿਆ, “ਰੱਖਿਆ, ਹਜ਼ੂਰ ਰੱਖਿਆ।
“ਅਰੇ.....ਰੇ.....ਕੌਣ ਹੋ ਤੁਸੀਂ, ਉਠੇ। ਦੱਸੋ ਕੀ ਗੱਲ ਹੈ ? ਤੋਤੇ ਦੇ ਰਖਵਾਲੇ ਨੇ ਉਸ ਨੂੰ ਦੱਸਿਆ ਕਿ ਕੀ ਗੱਲ ਸੀ।
ਪੂਰੀ ਗੱਲ ਸੁਣ ਕੇ ਬੀਰਬਲ ਗੰਭੀਰ ਹੋ ਗਏ । ਫਿਰ ਉਹਨਾਂ ਨੇ ਰਖਵਾਲੇ ਨੂੰ ਇਕ ਯੁਕਤੀ ਦੱਸ ਕੇ ਵਿਦਾ ਕਰ ਦਿੱਤਾ ਅਤੇ ਖੁਦ ਵੀ ਰਾਜ ਦਰਬਾਰ ਲਈ ਚੱਲ ਪਏ।
ਕੁਝ ਸਮੇਂ ਬਾਅਦ ਰਖਵਾਲਾ ਦਰਬਾਰ ਵਿਚ ਹਾਜ਼ਰ ਹੋਇਆ ਅਤੇ ਬੋਲਿਆ, “ਮਹਾਰਾਜ, ਜਲਦੀ ਚੱਲੇ।
“ਕੀ ਗੱਲ ਹੈ, ਤੋਤਾ ਤਾਂ ਠੀਕ ਹੈ ਨਾ ? ।
“ਹਾਂ ਮਹਾਰਾਜ, ਠੀਕ ਤਾਂ ਹੈ ਪਰੰਤੂ ਅਜੀਬ ਜਿਹੀ ਹਾਲਤ ਵਿਚ ਉਸ ਨੇ ਸਮਾਧੀ ਲੈ ਲਈ ਹੈ, ਰਖਵਾਲਾ ਬੋਲਿਆ, “ਨਾ ਕੁਝ ਬੋਲ ਰਿਹਾ ਹੈ, ਨਾ ਖਾ ਰਿਹਾ ਹੈ, ਨਾ ਪੀ ਰਿਹਾ ਹੈ, ਨਾ ਹਿੱਲ ਰਿਹਾ ਹੈ, ਨਾ ਭੁੱਲ ਰਿਹਾ ਹੈ। ਹੁਣ ਤੁਸੀਂ ਹੀ ਚੱਲ ਕੇ ਦੇਖੋ।
ਮਹਾਰਾਜ ਬੀਰਬਲ ਦੇ ਨਾਲ ਉਥੇ ਪਹੁੰਚੇ ਅਤੇ ਤੋਤੇ ਦੀ ਹਾਲਤ ਦੇਖ ਕੇ ਬੋਲੇ, “ਅਰੇ ਮੁਰਖ , ਸਿੱਧੀ ਤਰ੍ਹਾਂ ਕਿਉਂ ਨਹੀਂ ਦੱਸਿਆ ਕਿ ਤੋਤਾ ਮਰ ਗਿਆ ਹੈ।
“ਇਹ ਕਿਵੇਂ ਕਹਿ ਸਕਦਾ ਸੀ ਜਹਾਂ ਪਨਾਹ! ਇਸ ਨੇ ਫਾਂਸੀ ਤੇ ਥੋੜ੍ਹਾ ਹੀ ਲਟਕਣਾ ਸੀ।
“ਓ....., ਮਹਾਰਾਜ ਨੇ ਕਿਹਾ, “ਤਾਂ ਇਹ ਤੁਹਾਡੀ ਚਾਲ ਹੈ। ਸੱਚ ਬੀਰਬਲ , ਤੁਸੀਂ ਅੱਜ ਇਕ ਹੋਰ ਬੰਦੇ ਦੀ ਜਾਨ ਬਚਾ ਲਈ।”
ਬੀਰਬਲ ਮੁਸਕਰਾ ਕੇ ਰਹਿ ਗਿਆ।

0 Comments