ਬੇਈਮਾਨ ਕਾਜ਼ੀ
Baimaan Kaazi
ਇਕ ਕਾਜ਼ੀ ਸੀ, ਜੋ ਆਪਣੇ ਇਲਾਕੇ ਵਿਚ ਬੇਹੱਦ ਇਮਾਨਦਾਰ ਸਮਝਿਆ ਜਾਂਦਾ ਸੀ।
ਉਸ ਦੇ ਗੁਆਂਢ ਵਿਚ ਇਕ ਗਰੀਬ ਨਿਰਸੰਤਾਨ ਵਿਧਵਾ ਰਹਿੰਦੀ ਸੀ। ਉਸ ਦਾ ਨਾਮ ਫ਼ੌਜੀਆ ਸੀ। ਇਕ ਵਾਰ ਉਸ ਦਾ ਮਨ ਕੀਤਾ ਕਿ ਹੱਜ ਕਰ ਆਵਾਂ। ਇਹੀ ਸੋਚ ਕੇ ਉਸ ਨੇ ਘਰ ਦਾ ਸਾਰਾ ਕੀਮਤੀ ਸਮਾਨ ਵੇਚ ਦਿੱਤਾ ਅਤੇ ਨਕਦੀ ਵਿਚੋਂ ਕੁਝ ਆਪਣੇ ਖ਼ਰਚੇ ਲਈ ਰੱਖ ਕੇ ਬਾਕੀ ਬਚੀਆਂ ਇਕ ਹਜ਼ਾਰ ਮੋਹਰਾਂ ਉਸ ਨੇ ਇਕ ਥੈਲੀ ਵਿਚ ਰੱਖ ਕੇ ਉਸ ਉੱਤੇ ਲਾਖ ਦੀ ਸੀਲ ਲਗਾ ਦਿੱਤੀ ਅਤੇ ਕਾਜ਼ੀ ਦੇ ਕੋਲ ਜਾ ਕੇ ਕਿਹਾ, “ਕਾਜ਼ੀ ਜੀ, ਤੁਸੀਂ ਬੜੇ ਹੀ ਇਮਾਨਦਾਰ ਆਦਮੀ ਹੈ, ਇਹੀ ਸੋਚ ਕੇ ਮੈਂ ਤੁਹਾਡੇ ਕੋਲ ਆਈ ਹਾਂ। ਦਰਅਸਲ ਮੈਂ ਹੱਜ ਤੇ ਜਾਣਾ ਚਾਹੁੰਦੀ ਹਾਂ। ਮੇਰੀ ਇਹ ਥੈਲੀ ਰੱਖ ਲਉ , ਇਸ ਵਿਚ ਇਕ ਹਜ਼ਾਰ ਮੋਹਰਾਂ ਹਨ। ਮੈਂ ਹੱਜ ਤੋਂ ਵਾਪਸ ਆ ਕੇ ਆਪਣੀ ਅਮਾਨਤ ਲੈ ਲਵਾਂਗੀ।”
ਕਾਜ਼ੀ ਨੇ ਥੈਲੀ ਰੱਖ ਲਈ।
ਫੌਜੀਆ ਚਲੀ ਗਈ। ਕਰੀਬ ਦੋ ਸਾਲ ਬਾਅਦ ਉਹ ਵਾਪਸ ਆਈ ਅਤੇ ਕਾਜ਼ੀ ਤੋਂ ਆਪਣੀ ਥੈਲੀ ਲੈ ਲਈ। ਘਰ ਆ ਕੇ ਉਸ ਨੇ ਥੈਲੀ ਖੋਲ ਕੇ ਦੇਖੀ ਤਾਂ ਘਬਰਾ ਗਈ। ਥੈਲੀ ਵਿਚ ਮੁਹਰਾਂ ਦੀ ਜਗਾ ਲੋਹੇ ਦੀਆਂ ਠੀਕਰੀਆਂ ਭਰੀਆਂ ਸਨ। ਉਹ ਤੁਰੰਤ ਕਾਜ਼ੀ ਕੋਲ ਗਈ ਤੇ ਉਸ ਨੂੰ ਸਾਰੀ ਗੱਲ ਦੱਸੀ, ਮਗਰ ਕਾਜ਼ੀ ਨੇ ਵਿਰੋਧ ਪ੍ਰਗਟ ਕੀਤਾ ਅਤੇ ਬੋਲਿਆ, “ਦੇਖੋ ਬੀਬੀ, ਤੁਹਾਡੀ ਥੈਲੀ ਵਿਚ ਕੀ ਸੀ, ਕੀ ਨਹੀਂ ਸੀ, ਮੈਨੂੰ ਨਹੀਂ ਪਤਾ। ਮੈਂ ਤਾਂ ਤੁਹਾਡੀ ਅਮਾਨਤ ਇਵੇਂ ਦੀ ਇਵੇਂ ਰੱਖ ਦਿੱਤੀ ਅਤੇ ਤੁਹਾਡੇ ਵਾਪਸ ਆਉਣ 'ਤੇ ਤੁਹਾਨੂੰ ਉਸੇ ਤਰ੍ਹਾਂ ਉਠਾ ਕੇ ਦੇ ਦਿੱਤੀ। ਹੁਣ ਮੈਨੂੰ ਕੀ ਪਤਾ ਕਿ ਉਸ ਵਿਚ ਕੀ ਸੀ ਅਤੇ ਕੀ ਨਹੀਂ ਸੀ।
ਕਾਜ਼ੀ ਦੀ ਗੱਲ ਸੁਣ ਕੇ ਫ਼ੌਜੀਆ ਬੀਬੀ ਬਹੁਤ ਘਬਰਾਈ ਅਤੇ ਗਿੜਗਿੜਾਉਣ ਵਾਲੇ ਅੰਦਾਜ਼ ਨਾਲ ਬੋਲੀ, “ਕਾਜ਼ੀ ਸਾਹਿਬ, ਮੈਂ ਆਪਣੇ ਹੱਥਾਂ ਨਾਲ ਥੈਲੀ ਵਿਚ ਮੋਹਰਾਂ ਰੱਖੀਆਂ ਸਨ। ਦੇਖੋ ਮੈਂ ਬਹੁਤ ਗ਼ਰੀਬ ਔਰਤ ਹਾਂ। ਉਹ ਇਕ ਹਜ਼ਾਰ ਮੋਹਰਾਂ ਹੀ ਮੇਰੀ ਕੱਲ ਜਮਾਂ ਪੂੰਜੀ ਸੀ। ਆਪਣਾ ਬੁਢਾਪਾ ਉਹਨਾਂ ਦੇ ਸਹਾਰੇ ਹੀ ਗੁਜ਼ਾਰਨਾ ਹੈ ਮੈਂ। ਸਾਰੀਆਂ ਨਹੀਂ ਤਾਂ ਘੱਟ ਤੋਂ ਘੱਟ ਅੱਧੀਆਂ ਹੀ ਦੇ ਦਿਉ । ਮੈਂ ਤਾਂ ਤੁਹਾਨੂੰ ਇਮਾਨਦਾਰ ਸਮਝ ਕੇ ਆਪਣੀ ਅਮਾਨਤ ਤੁਹਾਡੇ ਕੋਲ ਰੱਖੀ ਸੀ, ਮਗਰ ਤੁਸੀਂ ਮੇਰੇ ਗ਼ਰੀਬ ਦੇ ਨਾਲ ਅਨਿਆਂ ਕਰ ਰਹੇ ਹੋ।
“ਓ ਬੁੱਢੀਏ ! ਫ਼ਾਲਤੂ ਬਕਵਾਸ ਬੰਦ ਕਰ ਅਤੇ ਸਿੱਧੀ ਤਰਾਂ ਇਥੋਂ ਚੱਲਦੀ ਬਣ, ਵਰਨਾ ਧੱਕੇ ਮਾਰ ਕੇ ਬਾਹਰ ਕੱਢ ਦੇਵਾਂਗਾ।”
ਬੁੱਢੀ ਰੋਣ ਲੱਗੀ। ਉਸ ਦੇ ਜੀਵਨ ਦੀ ਸਾਰੀ ਪੂੰਜੀ ਉਹੀ ਇਕ ਹਜ਼ਾਰ ਮੋਹਰਾਂ ਸਨ। ਉਸ ਨੇ ਸੋਚਿਆ ਕਿ ਜੇਕਰ ਮੋਹਰਾਂ ਨਾ ਮਿਲੀਆਂ ਤਾਂ ਉਸ ਦਾ ਬੁਢੇਪਾ ਕੱਟਣਾ ਮੁਸ਼ਕਿਲ ਹੋ ਜਾਵੇਗਾ। ਉਹ ਬੀਰਬਲ ਦੇ ਕੋਲ ਪਹੁੰਚੀ ਅਤੇ ਸਾਰੀ ਗੱਲ ਦੱਸੀ। ਬੀਰਬਲ ਨੇ ਉਸ ਨੂੰ ਹੌਸਲਾ ਦੇ ਕੇ ਘਰ ਭੇਜ ਦਿੱਤਾ ਅਤੇ ਉਸ ਦੀ ਥੈਲੀ ਰੱਖ ਲਈ । ਦੂਸਰੇ ਦਿਨ ਹੀ ਬੀਰਬਲ ਨੇ ਨਗਰ ਦੇ ਸਾਰੇ ਰਫ਼ੂਗਰਾਂ ਨੂੰ ਬੁਲਾ ਕੇ ਉਹ ਥੈਲੀ ਦਿਖਾਈ।
ਇਕ ਰਫ਼ੂਗਰ ਬੋਲਿਆ, “ਇਹ ਥੈਲੀ ਤਾਂ ਸਾਲ ਭਰ ਪਹਿਲੇ ਮੈਂ ਹੀ ਰਫੂ ਕੀਤੀ ਸੀ।
“ਕੌਣ ਲਿਆਇਆ ਸੀ ਇਹ ਥੈਲੀ ਤੁਹਾਡੇ ਪਾਸ ?? ਬੀਰਬਲ ਨੇ ਪੁੱਛਿਆ।
“ਕਾਜ਼ੀ ਜੀ। ਰਫ਼ੂਗਰ ਨੇ ਦੱਸਿਆ।
ਬੀਰਬਲ ਨੇ ਉਸੇ ਸਮੇਂ ਦੋ ਸਿਪਾਹੀ ਕਾਜ਼ੀ ਨੂੰ ਬੁਲਾਉਣ ਦੇ ਲਈ ਭੇਜ ਦਿੱਤੇ। ਕਾਜ਼ੀ ਆਇਆ ਅਤੇ ਉਥੇ ਮੌਜੂਦ ਰਫ਼ੂਗਰ ਨੂੰ ਦੇਖ ਕੇ ਸਾਰਾ ਮਾਮਲਾ ਸਮਝ ਗਿਆ। ਅਗਲੇ ਹੀ ਪਲ ਉਸ ਨੇ ਆਪਣੀ ਜੇਬ ਵਿਚੋਂ ਇਕ ਥੈਲੀ ਕੱਢ ਕੇ ਬੀਰਬਲ ਦੇ ਕਦਮਾਂ ਵਿਚ ਰੱਖ ਦਿੱਤੀ ਅਤੇ ਮਾਫ਼ੀ ਮੰਗਣ ਲੱਗਾ।
“ਤੁਸੀਂ ਮਾਫ਼ ਕਰਨ ਦੇ ਕਾਬਲ ਨਹੀਂ ਹੋ ਕਾਜ਼ੀ। ਤੈਨੂੰ ਤੇਰੇ ਪਦ ਤੋਂ ਵੀ ਹਟਾਇਆ ਜਾਂਦਾ ਹੈ। ਜੋ ਖ਼ੁਦ ਬੇਈਮਾਨ ਹੋਵੇ, ਉਹ ਦੂਸਰਿਆਂ ਦਾ ਇਨਸਾਫ਼ ਕੀ ਕਰੇਗਾ ???
ਆਪਣਾ ਧਨ ਪ੍ਰਾਪਤ ਕਰ ਕੇ ਬੁੱਢੀ ਬਹੁਤ ਖ਼ੁਸ਼ ਹੋਈ ਅਤੇ ਬੀਰਬਲ ਨੂੰ ਦੁਆਵਾਂ ਦੇਣ ਲੱਗੀ।
ਦਰਅਸਲ ਕਾਜ਼ੀ ਨੇ ਥੱਲੇ ਤੋਂ ਥੈਲੀ ਕੱਟ ਕੇ ਮੋਹਰਾਂ ਕੱਢ ਲਈਆਂ ਸਨ ਅਤੇ ਉਸ ਵਿਚ ਲੋਹੇ ਦੀਆਂ ਠੀਕਰੀਆਂ ਭਰ ਕੇ ਥੱਲਿਉਂ ਥੈਲੀ ਨੂੰ ਰਫ਼ੂ ਕਰਵਾ ਦਿੱਤਾ ਸੀ। ਹਾਲਾਂਕਿ ਰਫ਼ੂ ਬੜੀ ਬਾਰੀਕੀ ਨਾਲ ਕੀਤਾ ਗਿਆ ਸੀ, ਪਰ ਬੀਰਬਲ ਦੀਆਂ ਤੇਜ਼ ਨਜ਼ਰਾਂ ਤੋਂ ਉਹ ਬਚ ਨਹੀਂ ਸਕਿਆ ਸੀ।

0 Comments