ਸੰਜੋਅ ਦੀ ਪਰੀਖਿਆ 
Sanjoa Di Parikhiya 



ਇਕ ਵਾਰੀ ਇਕ ਲੁਹਾਰ ਲੋਹੇ ਦੇ ਸੰਜੋਅ ਬਣਾ ਕੇ ਬਾਦਸ਼ਾਹ ਪਾਸ ਲਿਆਇਆ। ਬਾਦਸ਼ਾਹ ਨੇ ਉਸ ਨੂੰ ਇਕ ਲੱਕੜੀ ਦੇ ਪੁੱਤਲੇ ਦੁਆਲੇ ਪਾ ਕੇ ਤਲਵਾਰ ਦਾ ਵਾਰ ਕੀਤਾ ਤਾਂ ਉਹ ਕੱਟਿਆ ਗਿਆ। ਬਾਦਸ਼ਾਹ ਨੇ ਕਿਹਾ, “ਹੋਰ ਬਣਾ ਕੇ ਲਿਆ।


ਉਹ ਵੀ ਇਸੇ ਤਰ੍ਹਾਂ ਕੱਟਿਆ ਗਿਆ। ਤੀਜੀ ਵਾਰ ਬਾਦਸ਼ਾਹ ਨੇ ਕਿਹਾ, “ਜੇ ਐਤਕੀਂ ਵੀ ਤੇਰਾ ਸੰਜੋਅ ਤਲਵਾਰ ਦੇ ਵਾਰ ਨਾਲ ਕੱਟਿਆ ਗਿਆ ਤਾਂ ਤੈਨੂੰ ਸਖ਼ਤ ਦੰਡ ਦਿੱਤਾ ਜਾਵੇਗਾ।


ਲੁਹਾਰ ਨੇ ਬੀਰਬਲ ਪਾਸ ਫ਼ਰਿਆਦ ਕੀਤੀ। ਬੀਰਬਲ ਨੇ ਉਸ ਨੂੰ ਇਕ ਤਰਕੀਬ ਸੁਝਾਅ ਦਿੱਤੀ।


ਜਦ ਲੁਹਾਰ ਨੇ ਹੋਰ ਸੰਜੋਅ ਬਣਾਇਆ ਤਾਂ ਖ਼ੁਦ ਆਪਣੇ ਦੁਆਲੇ ਪਹਿਨ ਕੇ ਦਰਬਾਰ ਵਿਚ ਗਿਆ। ਬਾਦਸ਼ਾਹ ਨੇ ਫਿਰ ਪਰਤਾਵੇ ਲਈ ਲੱਕੜੀ ਦੇ ਪੁਤਲੇ ਨੂੰ ਪਹਿਨਾਉਣ ਦੀ ਆਗਿਆ ਕੀਤੀ। ਲੁਹਾਰ ਨੇ ਕਿਹਾ, “ਹਜ਼ੂਰ, ਇਸ ਦੀ ਪਰੀਖਿਆ ਕਾਠ ਦੇ ਪੁਤਲੇ ਉੱਤੇ ਨਹੀਂ ਹੋ ਸਕਦੀ। ਮੈਂ ਹੀ ਪਹਿਨੀ ਰੱਖਦਾ ਹਾਂ, ਆਪ ਕਿਸੇ ਸਰਦਾਰ ਨੂੰ ਤਲਵਾਰ ਦਾ ਵਾਰ ਕਰਨ ਦਾ ਹੁਕਮ ਦਿਉ।


ਜਦ ਬਾਦਸ਼ਾਹ ਦੀ ਆਗਿਆ ਨਾਲ ਇਕ ਦਰਬਾਰੀ ਤਲਵਾਰ ਲੈ ਕੇ ਵਾਰ ਕਰਨ ਲੱਗਾ ਤਾਂ ਕਾਰੀਗਰ ਨੇ ਇਕ ਦਮ ਸ਼ੇਰ ਵਰਗੀ ਗਰਜ ਦੀ ਆਵਾਜ਼ ਕੀਤੀ, ਜਿਸ ਨੂੰ ਸੁਣ ਕੇ ਉਹ ਦਰਬਾਰੀ ਡਰ ਕੇ ਪਿੱਛੇ ਹਟ ਗਿਆ। 


ਤਦ ਕਾਰੀਗਰ ਨੇ ਬਾਦਸ਼ਾਹ ਪਾਸ ਬੇਨਤੀ ਕੀਤੀ, “ਸ਼ਹਿਨਸ਼ਾਹ ! ਮੇਰਾ ਬਣਾਇਆ ਹੋਇਆ ਸੰਜੋਅ ਪਹਿਨਣ ਵਾਲਾ ਲੱਕੜੀ ਦਾ ਪੁਤਲਾ ਨਹੀਂ ਹੋ ਸਕਦਾ, ਸਗੋਂ ਕੋਈ ਬਹਾਦਰ ਆਦਮੀ ਹੋਵੇਗਾ, ਜੋ ਕਾਠ ਦੇ ਪੁਤਲੇ ਵਾਂਗ ਜੜ੍ਹ ਹੋ ਕੇ ਖਲੋਤਾ ਨਹੀਂ ਰਹੇਗਾ।


ਬਾਦਸ਼ਾਹ ਨੇ ਪ੍ਰਸੰਨ ਹੋ ਕੇ ਕਾਰੀਗਰ ਨੂੰ ਇਨਾਮ ਦਿੱਤਾ।