ਅੰਬ ਦੇ ਬ੍ਰਿਛ ਦੀ ਚੋਰੀ
Amb de vriksh di chori
ਇਕ ਦਿਨ ਕੇਸ਼ੋ ਨਾਮੀ ਕਿਸਾਨ ਨੇ ਅਰਜ਼ੀ ਦਿੱਤੀ ਕਿ ਸ਼ਹਿਰੋਂ ਬਾਹਰ ਅੱਧੇ ਕੋਹ ਉੱਤੇ ਇਕ ਅੰਬ ਦਾ ਬ੍ਰਿਛ ਹੈ। ਉਸ ਨੂੰ ਮੈਂ ਪਾਣੀ ਦੇ-ਦੇ ਕੇ ਪਾਲਿਆ ਹੈ। ਸੱਤ ਵਰੇ ਤਕ ਮੈਂ ਉਸ ਦੀ ਸੇਵਾ ਕੀਤੀ ਹੈ, ਪਰ ਇਸ ਵਰੇ ਜਦ ਫਲ ਲੱਗੇ ਹਨ ਤਾਂ ਪ੍ਰੇਮਾ ਨਾਮੀ ਮੇਰਾ ਗੁਆਂਢੀ ਉਸ ਦਾ ਮਾਲਕ ਬਣ ਬੈਠਾ ਹੈ। ਸਰਕਾਰ, ਇਨਸਾਫ਼ ਕਰੋ।”
ਬੀਰਬਲ ਨੇ ਉਸ ਨੂੰ ਦੂਜੇ ਦਿਨ ਹਾਜ਼ਰ ਹੋਣ ਦਾ ਹੁਕਮ ਦੇ ਕੇ ਪ੍ਰੇਮੇ ਨੂੰ ਸੱਦ ਕੇ ਪੁੱਛਿਆ। ਉਸ ਨੇ ਕਿਹਾ, “ਹਜ਼ੂਰ ! ਇਹ ਅੰਬ ਮੇਰਾ ਹੈ। ਮੈਂ ਸੱਤ ਵਰੇ ਤੋਂ ਇਸ ਨੂੰ ਪਾਲ ਰਿਹਾ ਹਾਂ। ਹੁਣ ਅੰਬ ਲੱਗੇ ਦੇਖ ਕੇ ਕੇਸ਼ੋ ਦੀ ਨੀਅਤ ਵਿਗੜ ਗਈ ਹੈ।
ਬੀਰਬਲ ਨੇ ਪੁੱਛਿਆ, “ਉਸ ਦੀ ਰਾਖੀ ਅੱਜ-ਕੱਲ੍ਹ ਕੌਣ ਕਰਦਾ ਹੈ ?
ਪ੍ਰੇਮੇ ਨੇ ਕਿਹਾ, “ਇਕ ਚੌਕੀਦਾਰ ਅਸਾਂ ਦੋਹਾਂ ਨੇ ਇਸ ਵਾਸਤੇ ਰੱਖ ਛੱਡਿਆ ਹੈ ਕਿ ਉਹ ਫ਼ੈਸਲੇ ਤੋਂ ਪਹਿਲਾਂ ਕਿਸੇ ਨੂੰ ਅੰਬ ਨਾ ਤੋੜਨ ਦੇਵੇ।
ਉਸ ਚੌਕੀਦਾਰ ਨੂੰ ਬੁਲਾ ਕੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, “ਮੈਂ ਕੇਵਲ ਦੋ ਮਹੀਨੇ ਤੋਂ ਨੌਕਰ ਹੋਇਆ ਹਾਂ। ਮੈਨੂੰ ਪਤਾ ਨਹੀਂ ਕਿ ਇਸ ਅੰਬ ਦਾ ਅਸਲੀ ਮਾਲਕ ਦੋਹਾਂ ਵਿਚੋਂ ਕੌਣ ਹੈ ।
ਕੁਝ ਚਿਰ ਸੋਚ ਕੇ ਬੀਰਬਲ ਨੇ ਚੌਕੀਦਾਰ ਨੂੰ ਤਾਂ ਉਥੇ ਹੀ ਬਿਠਾ ਰੱਖਿਆ ਤੇ ਪ੍ਰੇਮੇ ਨੂੰ ਵਿਦਾ ਕਰ ਦਿੱਤਾ। ਸੰਧਿਆ ਵੇਲੇ ਬੀਰਬਲ ਨੇ ਚੌਕੀਦਾਰ ਨੂੰ ਸਿਖਾਇਆ ਕਿ ਅੱਜ ਅੱਧੀ ਰਾਤ ਵੇਲੇ ਤੂੰ ਵਾਰੋ-ਵਾਰੀ ਕੇਸ਼ੋ ਤੇ ਪ੍ਰੇਮੇ ਦੋਹਾਂ ਦੇ ਘਰ ਜਾਵੀਂ ਤੇ ਆਖੀਂ ਕਿ ਕਈ ਸ਼ਸਤਰਧਾਰੀ ਸਿਪਾਹੀ ਦਰੱਖ਼ਤ ਤੋਂ ਅੰਬ ਤੋੜ ਕੇ ਸੁੱਟ ਰਹੇ ਹਨ, ਚੱਲ ਕੇ ਉਹਨਾਂ ਨੂੰ ਹਟਾਉ ਤੇ ਬ੍ਰਿਛ ਦੀ ਰਾਖੀ ਕਰੋ। ਏਨਾ ਕਹਿ ਕੇ ਤੂੰ ਆਪਣੇ ਘਰ ਚਲਾ ਜਾਵੀਂ।
ਇਸ ਤੋਂ ਬਿਨਾਂ ਬੀਰਬਲ ਨੇ ਆਪਣੇ ਦੋ ਸਿਪਾਹੀ ਵੀ ਚੌਕੀਦਾਰ ਦੇ ਨਾਲ ਘੱਲ ਦਿੱਤੇ ਤੇ ਹੁਕਮ ਦਿੱਤਾ ਕਿ ਤੁਹਾਡੇ ਵਿਚੋਂ ਇਕ ਜਣਾ ਪ੍ਰੇਮੇ ਦੇ ਘਰ ਅੱਗੇ ਬੈਠਾ ਰਹੇ ਅਤੇ ਦੂਜਾ ਕੇਸ਼ੋ ਦੇ ਘਰ ਅੱਗੇ ਲੁਕਿਆ ਰਹੇ ਤੇ ਸੁਣੇ ਕਿ ਚੌਕੀਦਾਰ ਦੀ ਗੱਲ ਸੁਣ ਕੇ ਉਹ ਦੋਵੇਂ ਕੀ ਆਖਦੇ ਹਨ ?
ਰਾਤ ਪਈ ਤਾਂ ਚੌਕੀਦਾਰ ਨੇ ਕੋਸ਼ੋ ਦੇ ਘਰ ਜਾ ਕੇ ਉਹੋ ਗੱਲ ਆਖੀ। ਉਸ ਵੇਲੇ ਕੇਸ਼ੋ ਘਰ ਨਹੀਂ ਸੀ, ਉਸ ਦੀ ਵਹੁਟੀ ਨੇ ਕਿਹਾ, “ਘਰ ਆਉਣਗੇ ਤਾਂ ਕਹਿ ਦਿਆਂਗੀ।” ਚੌਕੀਦਾਰ ਚਲਿਆ ਗਿਆ ਤੇ ਇਕ ਸਿਪਾਹੀ ਬਾਹਰ ਲੁਕ ਕੇ ਬੈਠ ਗਿਆ। ਫੇਰ ਚੌਕੀਦਾਰ ਪ੍ਰੇਮੇ ਦੇ ਘਰ ਗਿਆ। ਰੱਬ ਦੀ ਮਰਜ਼ੀ ਉਹ ਵੀ ਘਰ ਨਹੀਂ ਸੀ। ਉਸ ਦੀ ਵਹੁਟੀ ਨੂੰ ਵੀ ਸੁਨੇਹਾ ਦੇ ਕੇ ਚੌਕੀਦਾਰ ਚਲਿਆ ਗਿਆ ਤੇ ਦੂਜਾ ਸਿਪਾਹੀ ਬਾਹਰ ਬੈਠ ਗਿਆ।
ਕੁਝ ਚਿਰ ਮਗਰੋਂ ਕੇਸ਼ੋ ਆਪਣੇ ਘਰ ਆਇਆ ਤਾਂ ਉਸ ਦੀ ਵਹੁਟੀ ਨੇ ਚੌਕੀਦਾਰ ਦਾ ਸੁਨੇਹਾ ਦਿੱਤਾ। ਇਹ ਸੁਣ ਕੇ ਕੇਸ਼ੋ ਬੇਫ਼ਿਕਰੀ ਨਾਲ ਕਹਿਣ ਲੱਗਾ, “ਸਾਨੂੰ ਕੀ, ਅੰਬ ਸਾਡਾ ਨਹੀਂ ਹੈ, ਭਾਵੇਂ ਕੋਈ ਤੋੜ ਕੇ ਲੈ ਜਾਵੇ। ਮੈਂ ਤਾਂ ਐਵੇਂ ਹੀ ਪ੍ਰੇਮੇ ਨਾਲ ਅੜਾਉਣੀ ਫਸਾ ਦਿੱਤੀ ਹੈ। ਜੇ ਅਦਾਲਤ ਨੇ ਦੁਆ ਦਿੱਤਾ ਤਾਂ ਮੌਜ ਹੋ ਜਾਵੇਗੀ। ਇਸ ਹਨੇਰੀ ਰਾਤ ਵਿਚ ਕੌਣ ਜਾਵੇ ??
ਸਿਪਾਹੀ ਨੇ ਇਹ ਸਾਰੀਆਂ ਗੱਲਾਂ ਬੀਰਬਲ ਨੂੰ ਜਾ ਦੱਸੀਆਂ।
ਓਧਰ ਜਦ ਪ੍ਰੇਮਾ ਘਰ ਆਇਆ ਤਾਂ ਉਸ ਦੀ ਵਹੁਟੀ ਨੇ ਵੀ ਚੌਕੀਦਾਰ ਦੀ ਗੱਲ ਸੁਣਾਈ। ਸੁਣਦਿਆਂ ਹੀ ਪ੍ਰੇਮਾ ਲਾਠੀ ਲੈ ਕੇ ਤੁਰਨ ਲੱਗਾ। ਵਹੁਟੀ ਨੇ ਕਿਹਾ, “ਰੋਟੀ ਤਾਂ ਖਾ ਜਾਊ।” ,
ਉਸ ਨੇ ਉੱਤਰ ਦਿੱਤਾ, “ਰੋਟੀ ਤਾਂ ਆ ਕੇ ਵੀ ਖਾ ਲਵਾਂਗਾ, ਪਰ ਮੈਂ ਆਪਣੀ ਸੱਤਾਂ ਵਰਿਆਂ ਦੀ ਮਿਹਨਤ ਕਿਸ ਤਰ੍ਹਾਂ ਬਰਬਾਦ ਹੋਣ ਦਿਆਂ ? ਹੁਣੇ ਉਹਨਾਂ ਨੂੰ ਹਟਾ ਕੇ ਆਉਂਦਾ ਹਾਂ।
ਇਸ ਤਰ੍ਹਾਂ ਹਨੇਰੀ ਰਾਤ ਵਿਚ ਪੇਮਾ ਜੰਗਲ ਨੂੰ ਤੁਰ ਪਿਆ । ਸਿਪਾਹੀ ਨੇ ਉਸ ਦੀ ਗੱਲਬਾਤ ਵੀ ਸਾਰੀ ਬੀਰਬਲ ਨੂੰ ਜਾ ਸੁਣਾਈ।
ਦੂਜੇ ਦਿਨ ਦੋਵੇਂ ਕਿਸਾਨ ਬੀਰਬਲ ਪਾਸ ਹਾਜ਼ਰ ਹੋਏ ਤਾਂ ਬੀਰਬਲ ਨੇ ਹੋਰ ਪਰਤਾਵਾ ਲੈਣ ਲਈ ਦੋਹਾਂ ਨੂੰ ਕਿਹਾ, “ਮੇਰਾ ਖ਼ਿਆਲ ਹੈ ਕਿ ਇਹ ਅੰਬ ਤੁਹਾਡਾ ਦੋਹਾਂ ਦਾ ਹੈ। ਇਸ ਵਾਸਤੇ ਇਸ ਦੇ ਫਲ ਤੋੜ ਕੇ ਅੱਧੇ-ਅੱਧੇ ਤੁਹਾਨੂੰ ਦਿੱਤੇ ਜਾਣ ਤੇ ਇਸੇ ਤਰ੍ਹਾਂ ਦਰੱਖ਼ਤ ਵੀ ਵੱਢ ਕੇ ਉਸ ਦੇ ਦੋ ਹਿੱਸੇ ਕਰ ਦਿੱਤੇ ਜਾਣ।
ਇਹ ਸੁਣ ਕੇ ਕੇਸ਼ੋ ਤਾਂ ਖ਼ੁਸ਼ ਹੋ ਗਿਆ, ਪਰ ਪ੍ਰੇਮੇ ਦਾ ਚਿਹਰਾ ਉੱਤਰ ਗਿਆ। ਉਸ ਨੇ ਹੱਥ ਜੋੜ ਕੇ ਕਿਹਾ, “ਮਾਈ ਬਾਪ ! ਅੰਬੀਆਂ ਅਜੇ ਕੱਚੀਆਂ ਹਨ। ਕਿਸੇ ਵੀ ਕੰਮ ਨਹੀਂ ਆ ਸਕਦੀਆਂ। ਨਾਲੇ ਆਪ ਨੂੰ ਦਰੱਖ਼ਤ ਦੇ ਵੱਢਣ ਤੋਂ ਕੀ ਲਾਭ ਹੋਵੇਗਾ ? ਜੋ ਆਪ ਦੀ ਇਹੋ ਮਰਜ਼ੀ ਹੈ ਤਾਂ ਸਾਰਾ ਬ੍ਰਿਛ ਹੀ ਕੇਸ਼ੋ ਨੂੰ ਦੇ ਦਿਉ, ਪਰ ਦਰੱਖ਼ਤ ਨੂੰ ਨਾ ਵੱਢੋ।
ਹੁਣ ਬੀਰਬਲ ਨੂੰ ਪੂਰਨ ਨਿਸਚਾ ਹੋ ਗਿਆ ਕਿ ਦਰੱਖ਼ਤ ਪ੍ਰੇਮੇ ਦਾ ਹੈ। ਉਸ ਨੇ ਕੇਸ਼ੋ ਨੂੰ ਬੈਂਤ ਮਾਰਨ ਦੀ ਆਗਿਆ ਦਿੱਤੀ। ਥੋੜੇ ਹੀ ਬੇਂਤ ਖਾ ਕੇ ਕੇਸ਼ੋ ਬੋਲ ਪਿਆ ਕਿ ਸੱਚਮੁੱਚ ਇਹ ਦਰੱਖ਼ਤ ਪ੍ਰੇਮੇ ਦਾ ਹੀ ਹੈ। ਬੀਰਬਲ ਨੇ ਦਰੱਖ਼ਤ ਪ੍ਰੇਮੇ ਨੂੰ ਦਿੱਤਾ ਤੇ ਕੇਸ਼ੋ ਨੂੰ ਸਜ਼ਾ ਦਿੱਤੀ।

0 Comments