Akbar-Birbal Story “Kudrati ate Banawati”, "ਕੁਦਰਤੀ ਅਤੇ ਬਨਾਵਟੀ “ Punjabi Story for Students of Class 5, 6, 7, 8, 9, 10 in Punjabi Language.

ਕੁਦਰਤੀ ਅਤੇ ਬਨਾਵਟੀ 
Kudrati ate Banawati



ਇਕ ਦਿਨ ਸਰਕਾਰੀ ਕੰਮ ਮੁੱਕ ਜਾਣ 'ਤੇ ਰਾਜ-ਸਭਾ ਵਿਚ ਗੱਪਾਂ ਉੱਡ ਰਹੀਆਂ ਸਨ। ਗੱਲਾਂ ਕਰਦਿਆਂ-ਕਰਦਿਆਂ ਫ਼ਲਾਂ ਦੀ ਕੁਦਰਤੀ ਰੰਗਤ ਤੇ ਸੁੰਦਰਤਾ ਦਾ ਜ਼ਿਕਰ ਆਇਆ। ਸਾਰੇ ਜਣੇ ਕੁਦਰਤ ਦੀ ਕਾਰੀਗਰੀ ਦੀ ਉਪਮਾ ਕਰਨ ਲੱਗੇ, ਪਰ ਬੀਰਬਲ ਸਭ ਤੋਂ ਉਲਟਾ ਹੀ ਚੱਲਦਾ ਹੁੰਦਾ ਸੀ। ਬਾਦਸ਼ਾਹ ਨੇ ਕਿਹਾ, “ਕਿਉਂ ਬੀਰਬਲ ! ਤੂੰ ਕੀ ਸੋਚਦਾ ਹੈਂ ???


ਉਸ ਨੇ ਕਿਹਾ, “ਸਰਕਾਰ ! ਮੇਰੀ ਰਾਇ ਤੁਸਾਂ ਸਾਰਿਆਂ ਤੋਂ ਵੱਖਰੀ ਹੈ। ਤੁਸੀਂ ਕੁਦਰਤੀ ਫਲਾਂ-ਫੁੱਲਾਂ ਦੀ ਉਪਮਾ ਕਰ ਰਹੇ ਹੋ, ਪਰ ਮੇਰੇ ਖ਼ਿਆਲ ਵਿਚ ਬਨਾਵਟੀ ਫਲ-ਫੁੱਲ ਕੁਦਰਤੀ ਫਲ-ਫੁੱਲਾਂ ਨਾਲੋਂ ਵਧੇਰੇ ਮੁੱਲ ਵਾਲੇ ਹੁੰਦੇ ਹਨ। ਕੁਝ ਚਿਰ ਬਹਿਸ ਦੇ ਮਗਰੋਂ ਬੀਰਬਲ ਨੇ ਇਹ ਗੱਲ ਸਾਬਤ ਕਰਨ ਦਾ ਜ਼ਿੰਮਾ ਲਿਆ।


ਘਰ ਕੇ ਬੀਰਬਲ ਨੇ ਇਕ ਬੜੇ ਸਿਆਣੇ ਕਾਰੀਗਰ ਨੂੰ ਸੱਦ ਕੇ ਬੜੇ ਵਧੀਆ ਮਿੱਟੀ ਦੇ ਫਲ-ਫੁੱਲ ਬਣਾਉਣ ਦਾ ਹੁਕਮ ਦਿੱਤਾ। ਉਹ ਦੂਜੇ ਦਿਨ ਹੀ ਕਈ ਪ੍ਰਕਾਰ ਦੇ ਫਲ-ਫੁੱਲ ਬੜੀ ਕਾਰੀਗਰੀ ਨਾਲ ਬਣਾ ਲਿਆਇਆ। ਬੀਰਬਲ ਨੇ ਉਸ ਨੂੰ ਸਿਖਾ ਦਿੱਤਾ ਕਿ ਇਹ ਦਰਬਾਰ ਵਿਚ ਲੈ ਆਵੀਂ ਤੇ ਇਹਨਾਂ ਦਾ ਮੁੱਲ ਇਕ ਹਜ਼ਾਰ ਰੁਪਿਆ ਮੰਗੀ। ਇਸ ਤੋਂ ਮਗਰੋਂ ਬੀਰਬਲ ਨੇ ਮਾਲੀ ਨੂੰ ਵੀ ਸੱਦ ਕੇ ਹੁਕਮ ਦਿੱਤਾ ਕਿ ਕੱਲ੍ਹ ਆਪਣੇ ਬਾਗ਼ ਵਿਚੋਂ ਸੋਹਣੇ-ਸੋਹਣੇ ਫਲ-ਫੁੱਲ ਤੋੜ ਕੇ ਦਰਬਾਰ ਵਿਚ ਹਾਜ਼ਰ ਕਰੀਂ

ਦੂਜੇ ਦਿਨ ਦਰਬਾਰ ਲੱਗਾ ਤਾਂ ਪਹਿਲਾਂ ਉਸ ਕਾਰੀਗਰ ਨੇ ਬਨਾਵਟੀ ਫਲ-ਫੁੱਲ ਜੋ ਅਸਲੀ ਮਾਲੂਮ ਹੁੰਦੇ ਸਨ, ਲਿਆ ਹਾਜ਼ਰ ਕੀਤੇ। ਬਾਦਸ਼ਾਹ ਤੇ ਕੁਲ ਦਰਬਾਰੀ ਦੇਖ ਕੇ ਖ਼ੁਸ਼ ਹੋਏ। ਬਾਦਸ਼ਾਹ ਨੇ ਮੁੱਲ ਪੁੱਛਿਆ ਤਾਂ ਕਾਰੀਗਰ ਨੇ ਕਿਹਾ, “ਦਾਤਾ ! ਇਹਨਾਂ ਉੱਤੇ ਮੇਰੀ ਬੜੀ ਮਿਹਨਤ ਤੇ ਕਾਰੀਗਰੀ ਖ਼ਰਚ ਹੋਈ ਹੈ, ਇਕ ਹਜ਼ਾਰ ਰੁਪਏ ਤੋਂ ਘੱਟ ਮੁੱਲ ਨਹੀਂ ਲਵਾਂਗਾ।


ਬਾਦਸ਼ਾਹ ਨੇ ਫ਼ੌਰਨ ਇਕ ਹਜ਼ਾਰ ਰੁਪਿਆ ਦਿਵਾ ਦਿੱਤਾ। ਕੁਝ ਪਲ ਮਗਰੋਂ ਮਾਲੀ ਵੀ ਫਲਾਂ-ਫੁੱਲਾਂ ਦੀ ਡਾਲੀ ਲੈ ਕੇ ਹਾਜ਼ਰ ਹੋਇਆ। ਬਾਦਸ਼ਾਹ ਨੇ ਭੇਟਾ ਕਬੂਲ ਕੀਤੀ ਤੇ ਇਹ ਸੋਚ ਕੇ ਇਹ ਸਾਰੇ ਫਲ-ਫੁੱਲ ਦਸ ਰੁਪਏ ਦੇ ਹੋਣਗੇ, ਪੰਦਰਾਂ ਰੁਪਏ ਇਨਾਮ ਰਲਾ ਕੇ ਕੁੱਲ ਪੰਝੀ ਰੁਪਏ ਉਸ ਮਾਲੀ ਨੂੰ ਦਿਵਾ ਕੇ ਵਿਦਾ ਕੀਤਾ।


ਉਹਨਾਂ ਦੇ ਜਾਂਦਿਆਂ ਹੀ ਬੀਰਬਲ ਉੱਠ ਖਲੋਤਾ ਤੇ ਕਹਿਣ ਲੱਗਾ, “ਕਿਉਂ ਮਹਾਰਾਜ! ਆਪ ਕੁਦਰਤੀ ਫੁੱਲਾਂ ਨੂੰ ਸਲਾਹੁੰਦੇ ਸਾਓ ਤੇ ਮੈਂ ਆਦਮੀ ਦੀ ਕਾਰੀਗਰੀ ਦੀ ਉਪਮਾ ਕਰਦਾ ਸੀ। ਹੁਣ ਆਪ ਨੇ ਖ਼ੁਦ ਬਨਾਵਟੀ ਫੁੱਲਾਂ ਦੇ ਬਦਲੇ ਇਕ ਹਜ਼ਾਰ ਰੁਪਿਆ ਤੇ ਕੁਦਰਤੀ ਫੁੱਲਾਂ ਵਾਸਤੇ ਪੰਝੀ ਰੁਪਏ ਦੇ ਕੇ ਮੇਰੀ ਗੱਲ ਨੂੰ ਸਾਬਤ ਕਰ ਦਿੱਤਾ ਹੈ। ਹੁਣ ਦੱਸੋ ਮੈਂ ਸੱਚਾ ਕਿ ਆਪ?


Post a Comment

0 Comments