ਸਹੀ ਗਲਤ ਦਾ ਅੰਤਰ
Sahi Galat da Antar
ਇਕ ਦਿਨ ਬਾਦਸ਼ਾਹ ਅਕਬਰ ਨੇ ਸੋਚਿਆ, ਅਸੀਂ ਰੋਜ਼-ਰੋਜ਼ ਇਨਸਾਫ਼ ਕਰਦੇ ਹਾਂ। ਇਸ ਦੇ ਲਈ ਸਾਨੂੰ ਸਹੀ ਅਤੇ ਗ਼ਲਤ ਦਾ ਪਤਾ ਲਗਾਉਣਾ ਪੈਂਦਾ ਹੈ। ਪਰ ਸਹੀ ਅਤੇ ਗ਼ਲਤ ਦੇ ਵਿਚਕਾਰ ਆਖ਼ਰ ਕਿੰਨਾਂ ਫ਼ਰਕ ਹੁੰਦਾ ਹੈ ?
ਦੂਸਰੇ ਦਿਨ ਅਕਬਰ ਬਾਦਸ਼ਾਹ ਨੇ ਇਹ ਸਵਾਲ ਦਰਬਾਰੀਆਂ ਨੂੰ ਪੱਛਿਆ। ਦਰਬਾਰੀ ਇਸ ਪ੍ਰਸ਼ਨ ਦਾ ਕੀ ਉੱਤਰ ਦਿੰਦੇ। ਉਹ ਇਕ ਦੂਜੇ ਦੀ ਸ਼ਕਲ ਦੇਖਣ ਲੱਗੇ।
ਬਾਦਸ਼ਾਹ ਸਮਝ ਗਏ ਕਿ ਕਿਸੇ ਦੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈ। ਇਸ ਲਈ ਉਹਨਾਂ ਨੇ ਬੀਰਬਲ ਨੂੰ ਪੁੱਛਿਆ, “ਬੀਰਬਲ ਤੁਸੀਂ ਦੱਸੋ, ਸਹੀ ਅਤੇ ਗ਼ਲਤ ਵਿਚ ਕਿੰਨਾ ਅੰਤਰ ਹੈ ???
ਬੀਰਬਲ ਤੁਰੰਤ ਬੋਲੇ, “ਚਾਰ ਉਂਗਲਾਂ ਦਾ ਜਹਾਂ ਪਨਾਹ।।
ਬਾਦਸ਼ਾਹ ਹੈਰਾਨ ਹੋਏ । ਉਹ ਤਾਂ ਸਮਝਦੇ ਸੀ ਕਿ ਇਸ ਸਵਾਲ ਦਾ ਕੋਈ ਜਵਾਬ ਹੀ ਨਹੀਂ ਹੋ ਸਕਦਾ। ਇਸ ਲਈ ਬੀਰਬਲ ਦਾ ਜਵਾਬ ਸੁਣ ਕੇ ਉਹਨਾਂ ਨੂੰ ਬੜੀ ਹੈਰਾਨੀ ਹੋਈ। ਉਹਨਾਂ ਨੇ ਕਿਹਾ, “ਬੀਰਬਲ, ਸਮਝਾ ਕੇ ਦੱਸੋ।“
“ਜਹਾਂ ਪਨਾਹ ! ਅੱਖ ਅਤੇ ਕੰਨ ਦੇ ਵਿਚ ਚਾਰ ਉਂਗਲਾਂ ਦਾ ਅੰਤਰ ਹੈ। ਇਹ ਸਹੀ ਗਲਤ ਦੇ ਵਿਚ ਦੀ ਦੂਰੀ ਹੈ। ਤੁਸੀਂ ਜਿਸ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਹੋ, ਉਹ ਸਹੀ ਹੈ। ਜਿਸ ਨੂੰ ਆਪਣੇ ਕੰਨਾਂ ਨਾਲ ਸੁਣਦੇ ਹੋ, ਉਹ ਗ਼ਲਤ ਵੀ ਹੋ ਸਕਦਾ ਹੈ। ਇਸ ਲਈ ਸਹੀ ਅਤੇ ਗ਼ਲਤ ਦੇ ਵਿਚ ਚਾਰ ਉਂਗਲਾਂ ਦਾ ਅੰਤਰ ਮੰਨਿਆ ਜਾਵੇਗਾ।
ਇਹ ਸੁਣ ਕੇ ਬਾਦਸ਼ਾਹ ਬੋਲੇ, “ਵਾਹ ਬੀਰਬਲ ਵਾਹ, ਤੁਹਾਡੀ ਬੁੱਧੀ ਅਤੇ ਚਤੁਰਾਈ ਦਾ ਜਵਾਬ ਨਹੀਂ ।

0 Comments