ਅਕਬਰ ਦੇ ਪੰਜ ਸਵਾਲ
Akbar de Panj Sawal
ਇਕ ਵਾਰ ਬੀਰਬਲ ਦੀ ਗੈਰਹਾਜ਼ਰੀ ਵਿਚ ਬਾਦਸ਼ਾਹ ਅਕਬਰ ਨੇ ਆਪਣੇ ਸਭਾ ਕਰਮਚਾਰੀਆਂ ਨੂੰ ਪੰਜ ਸਵਾਲ ਪੁੱਛੇ-ਫੁੱਲ ਕਿਸ ਦਾ ਚੰਗਾ, ਦੁੱਧ ਕਿਸ ਦਾ ਚੰਗਾ, ਮਿਠਾਸ ਕਿਸ ਦੀ ਚੰਗੀ, ਪੱਤਾ ਕਿਸ ਦਾ ਚੰਗਾ, ਰਾਜਾ ਕੌਣ ਚੰਗਾ।
ਬਾਦਸ਼ਾਹ ਦੇ ਇਹਨਾਂ ਸਵਾਲਾਂ ਨੂੰ ਸੁਣ ਕੇ ਸਭਾ ਕਰਮਚਾਰੀਆਂ ਨੇ ਆਪਣੀ-ਆਪਣੀ ਬੁੱਧੀ ਦੇ ਅਨੁਸਾਰ ਉੱਤਰ ਦਿੱਤੇ।
ਕਿਸੇ ਨੇ ਗੁਲਾਬ ਤੇ ਕਿਸੇ ਨੇ ਕਮਲ ਦੇ ਫੁੱਲ ਨੂੰ ਚੰਗਾ ਦੱਸਿਆ । ਇਸ ਤਰ੍ਹਾਂ ਦੁੱਧ ਦੇ ਲਈ ਵੀ ਹੋਇਆ। ਕਿਸੇ ਨੇ ਗਾਂ ਤੇ ਕਿਸੇ ਨੇ ਮੱਝ ਦਾ ਦੁੱਧ ਚੰਗਾ ਕਿਹਾ। ਪੱਤੇ ਦੇ ਲਈ ਵੀ ਕਿਸੇ ਨੇ ਕੇਲੇ ਦੇ ਤੇ ਕਿਸੇ ਨੇ ਨਿੰਮ ਆਦਿ ਦੇ ਪੱਤੇ ਨੂੰ ਗੁਣਕਾਰੀ ਦੱਸਿਆ।
ਰਾਜਾ ਕਿਹੜਾ ਚੰਗਾ ਹੈ ? ਇਸ ਦਾ ਸਾਰਿਆਂ ਨੇ ਇਕ ਆਵਾਜ਼ ਨਾਲ ਉੱਤਰ ਦਿੱਤਾ ਕਿ ਬਾਦਸ਼ਾਹ ਅਕਬਰ।
ਬਾਦਸ਼ਾਹ ਨੂੰ ਉਹਨਾਂ ਲੋਕਾਂ ਦੀ ਸਵਾਮੀ ਭਗਤੀ ਤੇ ਪ੍ਰਸੰਨਤਾ ਤਾਂ ਜ਼ਰੂਰ ਹੋਈ ਪਰ ਆਪਣੇ ਸਵਾਲਾਂ ਦਾ ਵਾਸਤਵਿਕ ਉੱਤਰ ਨਾ ਮਿਲਣ ਤੇ ਉਸ ਨੂੰ ਸੰਤੋਸ਼ ਨਹੀਂ ਹੋਇਆ।
ਤਦ ਬਾਦਸ਼ਾਹ ਨੇ ਦਰਬਾਰ ਵਿਚ ਬੀਰਬਲ ਨੂੰ ਸੰਬੋਧਿਤ ਕਰਦੇ ਹੋਏ ਉਹੀ ਪੰਜ ਸਵਾਲ ਪੁੱਛੇ।
ਬੀਰਬਲ ਨੇ ਇਸ ਪ੍ਰਕਾਰ ਉੱਤਰ ਦਿੱਤੇ, “ਕਪਾਹ ਦਾ ਫੁੱਲ ਸਭ ਤੋਂ ਚੰਗਾ ਹੁੰਦਾ ਹੈ, ਜਿਸ ਨਾਲ ਕੱਪੜਾ ਬਣਦਾ ਹੈ। ਦੁੱਧ ਆਪਣੀ ਮਾਂ ਦਾ ਸਭ ਤੋਂ ਚੰਗਾ ਹੁੰਦਾ ਹੈ, ਜਿਸ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ ਅਤੇ ਪਾਲਣ-ਪੋਸ਼ਣ ਹੁੰਦਾ ਹੈ। ਮਿਠਾਸ ਬਾਣੀ ਦੀ ਚੰਗੀ ਹੁੰਦੀ ਹੈ। ਪੱਤਾ ਪਾਨ ਦਾ ਚੰਗਾ ਹੁੰਦਾ ਹੈ, ਜਿਸ ਨੂੰ ਦੇਣ ਨਾਲ ਦੁਸ਼ਮਣ ਵੀ ਮਿੱਤਰ ਦੀ ਤਰ੍ਹਾਂ ਵਿਵਹਾਰ ਕਰਦਾ ਹੈ। ਰਾਜਿਆਂ ਵਿਚੋਂ ਇੰਦਰ ਸਰਵ-ਸ਼੍ਰੇਸ਼ਟ ਹੈ, ਕਿਉਂਕਿ ਉਸ ਦੀ ਆਗਿਆ ਨਾਲ ਬੱਦਲ ਪਾਣੀ ਵਰਸਾਉਂਦੇ ਹਨ, ਜਿਸ ਨਾਲ ਸੰਸਾਰ ਵਿਚ ਖੇਤੀ-ਬਾੜੀ ਹੁੰਦੀ ਹੈ।
ਬੀਰਬਲ ਦਾ ਉੱਤਰ ਸੁਣ ਕੇ ਬਾਦਸ਼ਾਹ ਅਤੇ ਹੋਰ ਦਰਬਾਰੀ ਬਹੁਤ ਖੁਸ਼ ਹੋਏ ।
0 Comments