Akbar-Birbal Story "Sabh to vada Hathiyar ", "ਸਭ ਤੋਂ ਵੱਡਾ ਹਥਿਆਰ " Punjabi Story for Students of Class 5, 6, 7, 8, 9, 10 in Punjabi Language.

ਸਭ ਤੋਂ ਵੱਡਾ ਹਥਿਆਰ 
Sabh to vada Hathiyar 



ਅਕਬਰ ਅਤੇ ਬੀਰਬਲ ਦੇ ਵਿਚ ਕਦੇ-ਕਦੇ ਅਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਸਨ, ਜਿਹਨਾਂ ਦੀ ਪਰਖ ਕਰਨ ਵਿਚ ਜਾਨ ਦਾ ਵੀ ਖ਼ਤਰਾ ਰਹਿੰਦਾ ਸੀ। ਇਕ ਵਾਰ ਅਕਬਰ ਨੇ ਬੀਰਬਲ ਨੂੰ ਪੁੱਛਿਆ, “ਬੀਰਬਲ, ਸੰਸਾਰ ਵਿਚ ਸਭ ਤੋਂ ਵੱਡਾ ਹਥਿਆਰ ਕਿਹੜਾ ਹੈ ?

‘ਬਾਦਸ਼ਾਹ ਸਲਾਮਤ! ਸੰਸਾਰ ਵਿਚ ਸਭ ਤੋਂ ਵੱਡਾ ਹਥਿਆਰ ਹੈ। ਆਤਮ-ਵਿਸ਼ਵਾਸ।’’ ਬੀਰਬਲ ਨੇ ਜਵਾਬ ਦਿੱਤਾ।

ਅਕਬਰ ਨੇ ਬੀਰਬਲ ਦੀ ਇਸ ਗੱਲ ਨੂੰ ਸੁਣ ਕੇ ਆਪਣੇ ਦਿਲ ਵਿਚ ਰੱਖ ਲਿਆ ਅਤੇ ਕਿਸੇ ਸਮੇਂ ਇਸ ਦੀ ਪਰਖ ਕਰਨ ਦਾ ਨਿਸ਼ਚਾ ਕੀਤਾ।

ਦੇਵਯੋਗ ਨਾਲ ਇਕ ਦਿਨ ਇਕ ਹਾਥੀ ਪਾਗ਼ਲ ਹੋ ਗਿਆ। ਇਸ ਤਰ੍ਹਾਂ ਦੇ ਹਾਥੀ ਨੂੰ ਜ਼ੰਜੀਰਾਂ ਵਿਚ ਜਕੜ ਕੇ ਰੱਖਿਆ ਜਾਂਦਾ ਸੀ।

ਅਕਬਰ ਨੇ ਬੀਰਬਲ ਦੇ ਆਤਮ-ਵਿਸ਼ਵਾਸ ਦੀ ਪਰਖ ਕਰਨ ਦੇ ਲਈ ਬੀਰਬਲ ਨੂੰ ਬੁਲਾ ਭੇਜਿਆ ਅਤੇ ਇਧਰ ਹਾਥੀ ਦੇ ਮਹਾਵਤ ਨੂੰ ਹੁਕਮ ਦਿੱਤਾ ਕਿ ਜਿਉਂ ਹੀ ਬੀਰਬਲ ਨੂੰ ਆਉਂਦਿਆਂ ਵੇਖੇ, ਉਦੋਂ ਹੀ ਹਾਥੀ ਦੀ ਜ਼ੰਜੀਰ ਖੋਲ ਦੇਵੇ।

ਬੀਰਬਲ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਜਦੋਂ ਉਹ ਬਾਦਸ਼ਾਹ ਅਕਬਰ ਨੂੰ ਮਿਲਣ ਉਹਨਾਂ ਦੇ ਦਰਬਾਰ ਵੱਲ ਜਾ ਰਹੇ ਸੀ ਤਾਂ ਪਾਗਲ ਹਾਥੀ ਨੂੰ ਛੱਡਿਆ ਜਾ ਚੁੱਕਾ ਸੀ। ਬੀਰਬਲ ਆਪਣੀ ਮਸਤੀ ਵਿਚ ਚਲੇ ਆ ਰਹੇ ਸਨ ਕਿ ਉਹਨਾਂ ਦੀ ਨਜ਼ਰ ਪਾਗਲ ਹਾਥੀ ਤੇ ਪਈ, ਜੋ ਚਿੰਘਾੜਦਾ ਹੋਇਆ ਉਹਨਾਂ ਦੀ ਤਰਫ਼ ਆ ਰਿਹਾ ਸੀ।

ਬੀਰਬਲ ਹਾਜ਼ਰ-ਜਵਾਬ, ਬੇਹੱਦ ਬੁੱਧੀਮਾਨ, ਚਤੁਰ ਅਤੇ ਆਤਮ-ਵਿਸ਼ਵਾਸੀ ਸੀ। ਉਹ ਸਮਝ ਗਏ ਕਿ ਬਾਦਸ਼ਾਹ ਅਕਬਰ ਨੇ ਆਤਮ-ਵਿਸ਼ਵਾਸ ਅਤੇ ਬੁੱਧੀ ਦੀ ਪ੍ਰੀਖਿਆ ਲਈ ਹੀ ਪਾਗ਼ਲ ਹਾਥੀ ਨੂੰ ਛੱਡਿਆ ਹੈ।

ਦੌੜਦਾ ਹੋਇਆ ਹਾਥੀ ਸੁੰਡ ਨੂੰ ਉਠਾ ਕੇ ਤੇਜ਼ੀ ਨਾਲ ਬੀਰਬਲ ਦੀ ਤਰਫ ਚਲਿਆ ਆ ਰਿਹਾ ਸੀ। ਬੀਰਬਲ ਅਜਿਹੇ ਸਥਾਨ 'ਤੇ ਖੜੇ ਸਨ ਕਿ ਉਹ ਇਧਰ-ਉਧਰ ਭੱਜ ਕੇ ਵੀ ਨਹੀਂ ਬਚ ਸਕਦੇ ਸੀ। ਠੀਕ ਉਸੇ ਸਮੇਂ ਬੀਰਬਲ ਨੂੰ ਇਕ ਕੁੱਤਾ ਦਿਖਾਈ ਦਿੱਤਾ। ਹਾਥੀ ਬਹੁਤ ਜ਼ਿਆਦਾ ਨਜ਼ਦੀਕ ਆ ਗਿਆ ਸੀ। ਇਤਨਾ ਨਜ਼ਦੀਕ ਕਿ ਉਹ ਬੀਰਬਲ ਨੂੰ ਆਪਣੀ ਸੂੰਡ ਵਿਚ ਲਪੇਟ ਲੈਂਦਾ। ਤਦੇ ਬੀਰਬਲ ਨੇ ਝਪਟ ਕੇ ਕੁੱਤੇ ਦੀਆਂ ਪਿਛਲੀਆਂ ਦੋਵੇਂ ਲੱਤਾਂ ਫੜੀਆਂ ਅਤੇ ਪੂਰੀ ਤਾਕਤ ਨਾਲ ਘੁਮਾ ਕੇ ਹਾਥੀ ਉੱਤੇ ਸੁੱਟਿਆ। ਘਬਰਾ ਕੇ ਬੁਰੀ ਤਰ੍ਹਾਂ ਚੀਕਦਾ ਹੋਇਆ ਕੁੱਤਾ ਜਦ ਹਾਥੀ ਨਾਲ ਜਾ ਕੇ ਵੱਜਿਆ ਤਾਂ ਉਸ ਦੀਆਂ ਭਿਆਨਕ ਚੀਕਾਂ ਸੁਣ ਕੇ ਹਾਥੀ ਵੀ ਘਬਰਾ ਗਿਆ ਅਤੇ ਪਲਟ ਕੇ ਭੱਜ ਗਿਆ।

ਅਕਬਰ ਨੂੰ ਬੀਰਬਲ ਦੀ ਇਸ ਗੱਲ ਦੀ ਖ਼ਬਰ ਮਿਲ ਗਈ ਅਤੇ ਉਸ ਨੂੰ ਇਹ ਮੰਨਣਾ ਪਿਆ ਕਿ ਬੀਰਬਲ ਨੇ ਜੋ ਕੁਝ ਕਿਹਾ ਹੈ, ਉਹ ਸੱਚ ਹੈ।

ਆਤਮ-ਵਿਸ਼ਵਾਸ ਹੀ ਸਭ ਤੋਂ ਵੱਡਾ ਹਥਿਆਰ ਹੈ।


Post a Comment

0 Comments