ਬੀਰਬਲ ਦੀ ਖਿਚੜੀ
Birbal di Khichdi
ਇਕ ਦਿਨ ਬਾਦਸ਼ਾਹ ਅਕਬਰ ਨੇ ਐਲਾਨ ਕੀਤਾ ਕਿ ਜੋ ਆਦਮੀ ਸਰਦੀ ਦੇ ਮੌਸਮ ਵਿਚ ਨਦੀ ਦੇ ਠੰਡੇ ਪਾਣੀ ਵਿਚ ਰਾਤ ਭਰ ਖੜਾ ਰਹੇਗਾ, ਉਸ ਨੂੰ ਸ਼ਾਹੀ ਖ਼ਜ਼ਾਨੇ ਵਿਚੋਂ ਭਾਰੀ ਇਨਾਮ ਦਿੱਤਾ ਜਾਵੇਗਾ।
ਇਸ ਐਲਾਨ ਨੂੰ ਸੁਣ ਕੇ ਇਕ ਗ਼ਰੀਬ ਧੋਬੀ ਨੇ ਸਾਰੀ ਰਾਤ ਨਦੀ ਵਿਚ ਖੜੇ-ਖੜੇ ਲੰਘਾ ਦਿੱਤੀ ਅਤੇ ਅਗਲੇ ਦਿਨ ਬਾਦਸ਼ਾਹ ਦੇ ਦਰਬਾਰ ਵਿਚ ਆ ਕੇ ਇਨਾਮ ਮੰਗਣ ਲੱਗਾ।
ਬਾਦਸ਼ਾਹ ਨੇ ਉਸ ਧੋਬੀ ਨੂੰ ਸਵਾਲ ਕੀਤਾ, “ਕੀ ਤੁਸੀਂ ਦੱਸ ਸਕਦੇ ਹੋ ਕਿ ਸਾਰੀ ਰਾਤ ਨਦੀ ਵਿਚ ਤੁਸੀਂ ਕਿਸ ਸ਼ਕਤੀ ਦੇ ਸਹਾਰੇ ਖੜੇ ਰਹੇ ??
ਧੋਬੀ ਨੇ ਅਦਬ ਨਾਲ ਜਵਾਬ ਦਿੱਤਾ, “ਆਲਮ ਪਨਾਹ ! ਮੈਂ ਕੱਲ੍ਹ ਸਾਰੀ ਰਾਤ ਮਹੱਲ ਦੀ ਛੱਤ 'ਤੇ ਜਲਦੇ ਹੋਏ ਚਿਰਾਗ ਨੂੰ ਦੇਖਦਾ ਰਿਹਾ। ਉਸ ਦੀ ਸ਼ਕਤੀ ਨਾਲ ਮੈਂ ਸਾਰੀ ਰਾਤ ਨਦੀ ਵਿਚ ਖੜਾ ਰਹਿ ਸਕਿਆ।
ਬਾਦਸ਼ਾਹ ਨੇ ਉਸ ਦਾ ਜਵਾਬ ਸੁਣ ਕੇ ਕਿਹਾ, “ਇਸ ਦਾ ਮਤਲਬ ਤਾਂ ਇਹ ਹੋਇਆ ਕਿ ਮਹੱਲ ਦੀ ਰੋਸ਼ਨੀ ਦੀ ਗਰਮੀ ਦੇ ਕਾਰਨ ਤੁਸੀਂ ਸਾਰੀ ਰਾਤ ਪਾਣੀ ਵਿਚ ਖੜੇ ਰਹਿ ਸਕੇ। ਇਸ ਲਈ ਤੁਸੀਂ ਇਨਾਮ ਦੇ ਸੱਚੇ ਹੱਕਦਾਰ ਨਹੀਂ ਹੋ ਸਕਦੇ।”
ਧੋਬੀ ਉਦਾਸ ਹੋ ਗਿਆ ਅਤੇ ਬੀਰਬਲ ਕੋਲ ਜਾ ਕੇ ਨਿਰਾਸ਼ਾ ਭਰੀ ਆਵਾਜ਼ ਵਿਚ ਬੋਲਿਆ, “ਦਰਬਾਰ ਵਿਚ ਬਾਦਸ਼ਾਹ ਨੇ ਇਨਾਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ।” ਧੋਬੀ ਨੇ ਇਸ ਦਾ ਕਾਰਨ ਵੀ ਬੀਰਬਲ ਨੂੰ ਦੱਸ ਦਿੱਤਾ।
ਬੀਰਬਲ ਨੇ ਗ਼ਰੀਬ ਧੋਬੀ ਨੂੰ ਹੌਂਸਲਾ ਦੇ ਕੇ ਘਰ ਭੇਜ ਦਿੱਤਾ।
ਬਾਦਸ਼ਾਹ ਨੇ ਅਗਲੇ ਦਿਨ ਬੀਰਬਲ ਨੂੰ ਦਰਬਾਰ ਵਿਚ ਨਾ ਵੇਖ ਕੇ ਇਕ ਖ਼ਾਦਿਮ ਨੂੰ ਉਸ ਨੂੰ ਘਰੋਂ ਬੁਲਾਉਣ ਲਈ ਭੇਜਿਆ। ਖ਼ਾਦਿਮ ਨੇ ਆ ਕੇ ਸੂਚਨਾ ਦਿੱਤੀ, “ਬੀਰਬਲ ਨੇ ਕਿਹਾ ਹੈ ਕਿ ਜਦੋਂ ਉਹਨਾਂ ਦੀ ਖਿਚੜੀ ਪੂਰੀ ਤਰ੍ਹਾਂ ਪੱਕ ਜਾਏਗੀ, ਤਦ ਹੀ ਉਹ ਦਰਬਾਰ ਵਿਚ ਆ ਸਕਣਗੇ ।”
ਬਾਦਸ਼ਾਹ ਅਕਬਰ ਨੂੰ ਇਹ ਸੁਣ ਕੇ ਬੜਾ ਅਸਚਰਜ ਹੋਇਆ। ਉਹ ਆਪਣੇ ਦਰਬਾਰੀਆਂ ਨੂੰ ਨਾਲ ਲੈ ਕੇ ਬੀਰਬਲ ਦੇ ਘਰ ਪਹੁੰਚੇ। ਉਥੇ ਉਹਨਾਂ ਨੇ ਦੇਖਿਆ ਕਿ ਦੋ ਲੰਬੇ ਬਾਂਸਾਂ ਉਪਰ ਇਕ ਹਾਂਡੀ ਵਿਚ ਚਾਵਲ ਪਾ ਕੇ ਲਟਕਾਇਆ ਗਿਆ ਹੈ ਅਤੇ ਥੱਲੇ ਜ਼ਮੀਨ ਉੱਤੇ ਅੱਗ ਬਲ ਰਹੀ ਹੈ।
ਬਾਦਸ਼ਾਹ ਨੇ ਤੁਰੰਤ ਪੁੱਛਿਆ, “ਬੀਰਬਲ, ਇਹ ਕੀ ਤਮਾਸ਼ਾ ਹੈ ? ਕੀ ਏਨੀ ਦੂਰ ਰੱਖੀ ਹਾਂਡੀ ਵਿਚ ਖਿਚੜੀ ਪੱਕ ਜਾਏਗੀ?
“ਹਜ਼ੂਰ, ਜ਼ਰੂਰ ਪੱਕ ਜਾਏਗੀ। ਬੀਰਬਲ ਨੇ ਉੱਤਰ ਦਿੱਤਾ। “ਕਿਵੇਂ ??? ਬਾਦਸ਼ਾਹ ਨੇ ਹੈਰਾਨ ਹੋ ਕੇ ਪੁੱਛਿਆ।
“ਜਹਾਂ ਪਨਾਹ! ਬਿਲਕੁਲ ਉਸੇ ਤਰ੍ਹਾਂ ਜਿਵੇਂ ਮਹੱਲ ਦੇ ਉਪਰ ਜਗ ਰਹੇ ਦੀਪਕ ਦੀ ਗਰਮੀ ਦੇ ਕਾਰਨ ਧੋਬੀ ਸਾਰੀ ਰਾਤ ਨਦੀ ਦੇ ਪਾਣੀ ਵਿਚ ਖੜਾ ਰਹਿ ਸਕਦਾ ਹੈ। ਬੀਰਬਲ ਨੇ ਕਿਹਾ।
ਬਾਦਸ਼ਾਹ ਅਕਬਰ ਬੀਰਬਲ ਦਾ ਇਹ ਤਰਕ ਸੁਣ ਕੇ ਸ਼ਰਮਸਾਰ ਹੋਏ । ਉਹਨਾਂ ਨੇ ਤੁਰੰਤ ਧੋਬੀ ਨੂੰ ਲੱਭ ਲਿਆਉਣ ਅਤੇ ਇਨਾਮ ਦੇਣ ਦਾ ਆਦੇਸ਼ ਜਾਰੀ ਕਰ ਦਿੱਤਾ।

0 Comments