Akbar-Birbal Story "Chaploos Darbari", "ਚਾਪਲੂਸ ਦਰਬਾਰੀ" Punjabi Story for Students of Class 5, 6, 7, 8, 9, 10 in Punjabi Language.

ਚਾਪਲੂਸ ਦਰਬਾਰੀ 
Chaploos Darbari



ਇਕ ਦਿਨ ਦੋ ਦਰਬਾਰੀ ਬਾਦਸ਼ਾਹ ਅਕਬਰ ਦੀ ਚਾਪਲੂਸੀ ਕਰਨ ਲੱਗੇ। ਉਹਨਾਂ ਨੇ ਬਾਦਸ਼ਾਹ ਨੂੰ ਕਿਹਾ, “ਹਜ਼ੂਰ, ਤੁਸੀਂ ਸਾਨੂੰ ਕੋਈ ਅਹਿਮੀਅਤ ਹੀ ਨਹੀਂ ਦਿੰਦੇ। ਸਾਨੂੰ ਵੀ ਸੇਵਾ ਕਰਨ ਦਾ ਮੌਕਾ ਦਿਉ । ਤੁਸੀਂ ਸਾਨੂੰ ਜੋ ਵੀ ਕੰਮ ਸੌਂਪੋਗੇ, ਅਸੀਂ ਉਹ ਚੁਟਕੀ ਵਜਾਉਂਦੇ ਹੀ ਕਰ ਦੇਵਾਂਗੇ।”

ਅਕਬਰ ਨੇ ਤਾੜ ਲਿਆ ਕਿ ਇਹ ਦਰਬਾਰੀ ਬੀਰਬਲ ਨਾਲ ਈਰਖਾ ਦੇ ਕਾਰਨ ਮੇਰੀ ਚਾਪਲੂਸੀ ਕਰ ਰਹੇ ਹਨ। ਬਾਦਸ਼ਾਹ ਨੇ ਉਹਨਾਂ ਦੋਵਾਂ ਨੂੰ ਸਬਕ ਸਿਖਾਉਣ ਦਾ ਨਿਸ਼ਚਾ ਕੀਤਾ।

ਬਾਦਸ਼ਾਹ ਨੇ ਉਹਨਾਂ ਨੂੰ ਕਿਹਾ, “ਉਂਝ ਤਾਂ ਹਰ ਕਿਸੇ ਨੂੰ ਮੈਂ ਕੰਮ ਨਹੀਂ ਸੌਂਪ ਸਕਦਾ, ਲੇਕਿਨ ਤੁਸੀਂ ਦੋਵੇਂ ਖ਼ੁਦ ਕਹਿ ਰਹੇ ਹੋ, ਇਸ ਲਈ ਮੈਂ ਤੁਹਾਨੂੰ ਦੋਹਾਂ ਨੂੰ ਇਕ-ਇਕ ਕੰਮ ਸੌਂਪਦਾ ਹਾਂ।”

“ਜਹਾਂ ਪਨਾਹ ! ਹੁਕਮ ਕਰੋ ।’’ ਦੋਵੇਂ ਦਰਬਾਰੀ ਇਕੱਠੇ ਬੋਲੇ, ਅਸੀਂ ਕੰਮ ਨਿਪਟਾਉਣ ਲਈ ਜੀ-ਜਾਨ ਲਗਾ ਦੇਵਾਂਗੇ।”

ਅਕਬਰ ਨੇ ਕਿਹਾ, “ਤੁਹਾਡੇ ਦੋਵਾਂ ਵਿਚੋਂ ਇਕ ਕਾਗ਼ਜ਼ ਵਿਚ ਹਵਾ ਨੂੰ ਬੰਨ ਕੇ ਲਿਆਵੇ ਅਤੇ ਦੁਸਰਾ ਅੱਗ ਨੂੰ ਕਾਗ਼ਜ਼ ਵਿਚ ਭਰ ਕੇ ਲਿਆਵੇ।”

ਦੋਵੇਂ ਦਰਬਾਰੀ ਇਹ ਸੁਣ ਕੇ ਹੈਰਾਨ ਰਹਿ ਗਏ। ਇਹ ਕਿਸ ਤਰ੍ਹਾਂ ਦੇ ਵਚਿੱਤਰ ਕੰਮ ਸਾਡੇ ਸਿਰ ਆ ਪਏ ਹਨ। ਅਸੀਂ ਜਾਣ-ਬੁਝ ਕੇ ਇਹ ਮੁਸੀਬਤ ਮੁੱਲ ਲੈ ਲਈ ਹੈ। ਸੋਚਦੇ-ਸੋਚਦੇ ਦੋਵੇਂ ਉਥੋਂ ਰਵਾਨਾ ਹੋ ਗਏ।

ਕਈ ਦਿਨ ਬੀਤ ਗਏ। ਉਹਨਾਂ ਨੇ ਕਈ ਕਿਤਾਬਾਂ ਪੜ੍ਹ ਲਈਆਂ, ਲੇਕਿਨ ਬਾਦਸ਼ਾਹ ਦੁਆਰਾ ਸੌਂਪੇ ਗਏ ਕੰਮ ਨੂੰ ਪੂਰਾ ਕਰਨ ਦਾ ਕੋਈ ਉਪਾਅ ਨਹੀਂ ਸੁੱਝਿਆ । ਅੰਤ ਵਿਚ ਪਰੇਸ਼ਾਨ ਹੋ ਕੇ ਉਹ ਬੀਰਬਲ ਦੇ ਕੋਲ ਗਏ ਅਤੇ ਉਸ ਦੇ ਪੈਰਾਂ ਵਿਚ ਡਿੱਗ ਪਏ।

ਉਹਨਾਂ ਨੇ ਬੀਰਬਲ ਨੂੰ ਸਾਰਾ ਬਿਰਤਾਂਤ ਕਹਿ ਸੁਣਾਇਆ। ਫਿਰ ਬੋਲੇ, “ਅਸੀਂ ਤੁਹਾਡੀ ਸ਼ਰਨ ਵਿਚ ਆਏ ਹਾਂ। ਹੁਣ ਸਾਡੀ ਇੱਜ਼ਤ ਤਹਾਡੇ ਹੱਥ ਵਿਚ ਹੈ। 

ਬੀਰਬਲ ਨੂੰ ਉਹਨਾਂ ਤੇ ਦਇਆ ਆ ਗਈ। ਉਹਨਾਂ ਨੇ ਕਿਹਾ, ਸਾਡੇ ਵਿਚੋਂ ਕੋਈ ਇਕ ਕਾਗਜ਼ ਦਾ ਪੱਖਾ ਬਣਾਉ ਅਤੇ ਦੂਸਰਾ ਕਾਗ਼ਜ਼ ਲਾਲਟੈਨ। ਤੁਸੀਂ ਦੋਵੇਂ ਵਸਤਾਂ ਲਿਜਾ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰੋ। ਉਹ ਜ਼ਰੂਰ ਖ਼ੁਸ਼ ਹੋਣਗੇ।

ਦੋਵੇਂ ਬੀਰਬਲ ਦਾ ਅਹਿਸਾਨ ਮੰਨ ਕੇ ਚਲੇ ਗਏ।

ਦੁਸਰੇ ਦਿਨ ਇਕ ਦਰਬਾਰੀ ਕਾਗਜ਼ ਦਾ ਪੱਖਾ ਅਤੇ ਦੂਸਰਾ ਬਲਦੀ ਹੋਈ ਮੋਮਬੱਤੀ ਵਾਲੀ ਕਾਗ਼ਜ਼ ਦੀ ਲਾਲਟੇਨ ਲੈ ਕੇ ਬਾਦਸ਼ਾਹ ਦੇ ਕੋਲ ਗਏ। ਉਹਨਾਂ ਨੇ ਬਾਦਸ਼ਾਹ ਨੂੰ ਸਲਾਮ ਕਰ ਕੇ ਦੋਵੇਂ ਵਸਤਾਂ ਉਸ ਦੇ ਅੱਗੇ ਰੱਖ ਦਿੱਤੀਆਂ।

ਕਾਗ਼ਜ਼ ਦਾ ਪੱਖਾ ਅਤੇ ਕਾਗ਼ਜ਼ ਦੀ ਲਾਲਟੇਨ ਦੇਖ ਕੇ ਬਾਦਸ਼ਾਹ ਨੂੰ ਪਹਿਲਾਂ ਤਾਂ ਹੈਰਾਨੀ ਹੋਈ, ਫਿਰ ਉਸ ਨੂੰ ਤੁਰੰਤ ਯਾਦ ਆਇਆ ਕਿ ਇਹਨਾਂ ਦੋਵਾਂ ਨੂੰ ਤਾਂ ਆਦੇਸ਼ ਦਿੱਤਾ ਸੀ ਕਿ ਇਕ ਵਿਅਕਤੀ ਕਾਗ਼ਜ਼ ਵਿਚ ਹਵਾ ਭਰ ਕੇ ਲਿਆਏ ਤੇ ਦੁਸਰਾ ਕਾਗ਼ਜ਼ ਵਿਚ ਅੱਗ ਲਿਆਏ ॥

ਬਾਦਸ਼ਾਹ ਤੁਰੰਤ ਹੀ ਸਮਝ ਗਏ ਕਿ ਜ਼ਰੂਰ ਇਹ ਬੀਰਬਲ ਦਾ ਹੀ ਕੰਮ ਹੈ। ਇਸ ਲਈ ਉਹਨਾਂ ਨੇ ਦੋਹਾਂ ਦਰਬਾਰੀਆਂ ਨੂੰ ਪੁੱਛਿਆ, “ਤੁਹਾਨੂੰ ਇਹ ਉਪਾਅ ਕਿਸ ਨੇ ਦੱਸਿਆ ? ਸੱਚ-ਸੱਚ ਦੱਸਣਾ, ਵਰਨਾ ਸਜ਼ਾ ਭੁਗਤਣ ਦੇ ਲਈ ਤਿਆਰ ਰਹਿਣਾ।

ਦੋਹਾਂ ਨੇ ਕੰਬਦੇ ਹੋਏ ਕਿਹਾ, “ਹਜ਼ੂਰ, ਸਾਨੂੰ ਇਹ ਉਪਾਅ ਬੀਰਬਲ ਨੇ ਦੱਸਿਆ ਹੈ।

ਅਕਬਰ ਨੇ ਉਹਨਾਂ ਦੋਵਾਂ ਚਾਪਲੂਸ ਦਰਬਾਰੀਆਂ ਨੂੰ ਡਾਂਟਦੇ ਹੋਏ ਕਿਹਾ, “ਜ਼ਰੂਰਤ ਨਾਲੋਂ ਜ਼ਿਆਦਾ ਚਤੁਰ ਬਣਨਾ ਚੰਗਾ ਨਹੀਂ ਹੁੰਦਾ। ਆਖ਼ਰ ਤੁਹਾਨੂੰ ਬੀਰਬਲ ਦੀ ਸ਼ਰਨ ਵਿਚ ਜਾਣਾ ਹੀ ਪਿਆ ਨਾ।”

ਦੋਹਾਂ ਦਰਬਾਰੀਆਂ ਦੇ ਸਿਰ ਸ਼ਰਮ ਨਾਲ ਝੁਕ ਗਏ। ਉਸ ਸਮੇਂ ਬੀਰਬਲ ਬੈਠੇ-ਬੈਠੇ ਮੁਸਕਰਾ ਰਹੇ ਸੀ।


Post a Comment

0 Comments