Akbar-Birbal Story "Sab to vadi cheej", "ਸਭ ਤੋਂ ਵੱਡੀ ਚੀਜ਼" Punjabi Story for Students of Class 5, 6, 7, 8, 9, 10 in Punjabi Language.

ਸਭ ਤੋਂ ਵੱਡੀ ਚੀਜ਼ 
Sab to vadi cheej



ਦਿਨ ਦਿਨ ਬੀਰਬਲ ਦਰਬਾਰ ਵਿਚ ਹਾਜ਼ਰ ਨਹੀਂ ਸੀ। ਇਸ ਦੌਰਾਨ ਬੀਰਬਲ ਤੋਂ ਈਰਖਾ ਕਰਨ ਵਾਲੇ ਸਾਰੇ ਸਭਾ ਕਰਮਚਾਰੀ ਬੀਰਬਲ ਦੇ ਖ਼ਿਲਾਫ਼ ਅਕਬਰ ਦੇ ਕੰਨ ਭਰ ਰਹੇ ਸਨ। ਅਕਸਰ ਅਜਿਹਾ ਹੀ ਹੁੰਦਾ ਸੀ, ਜਦੋਂ ਵੀ ਬੀਰਬਲ ਦਰਬਾਰ ਵਿਚ ਹਾਜ਼ਰ ਨਹੀਂ ਹੁੰਦਾ ਸੀ ਤਾਂ ਦਰਬਾਰੀਆਂ ਨੂੰ ਮੌਕਾ ਮਿਲ ਜਾਂਦਾ ਸੀ। ਅੱਜ ਵੀ ਅਜਿਹਾ ਹੀ ਮੌਕਾ ਸੀ।

ਬਾਦਸ਼ਾਹ ਦੇ ਸਾਲੇ ਮੁੱਲਾਂ ਦੋ ਪਿਆਜ਼ਾ ਦੀ ਸ਼ਹਿ (ਸਾਜ਼ਿਸ਼) 'ਤੇ ਕੁਝ ਸਭਾ ਕਰਮਚਾਰੀਆਂ ਨੇ ਕਿਹਾ, “ਜਹਾਂ ਪਨਾਹ ! ਤੁਸੀਂ ਵਾਸਤਵ ਵਿਚ ਬੀਰਬਲ ਨੂੰ ਲੋੜ ਤੋਂ ਵੱਧ ਮਾਣ ਦਿੰਦੇ ਹੋ, ਸਾਡੇ ਤੋਂ ਜ਼ਿਆਦਾ ਉਸ ਨੂੰ ਚਾਹੁੰਦੇ ਹੋ। ਤੁਸੀਂ ਉਸ ਨੂੰ ਬਹੁਤ ਸਿਰ ਚੜਾ ਰੱਖਿਆ ਹੈ। ਜਦ ਕਿ ਜੋ ਕੰਮ ਉਹ ਕਰਦਾ ਹੈ, ਉਹ ਅਸੀਂ ਵੀ ਕਰ ਸਕਦੇ ਹਾਂ, ਪਰ ਤੁਸੀਂ ਸਾਨੂੰ ਮੌਕਾ ਹੀ ਨਹੀਂ ਦਿੰਦੇ।”

ਬਾਦਸ਼ਾਹ ਨੂੰ ਬੀਰਬਲ ਦੀ ਬੁਰਾਈ ਚੰਗੀ ਨਹੀਂ ਲੱਗਦੀ ਸੀ, ਜਿਸ ਦੇ ਫਲਸਰੂਪ ਉਸ ਨੇ ਉਹਨਾਂ ਚਾਰਾਂ ਕਰਮਚਾਰੀਆਂ ਦੀ ਪਰੀਖਿਆ ਲੈਣ ਹਿਤ ਕਿਹਾ, “ਦੇਖੋ, ਅੱਜ ਬੀਰਬਲ ਤਾਂ ਇਥੇ ਹੈ ਨਹੀਂ ਅਤੇ ਮੈਨੂੰ ਆਪਣੇ ਇਕ ਸਵਾਲ ਦਾ ਉੱਤਰ ਚਾਹੀਦਾ ਹੈ। ਜੇ ਤੁਸੀਂ ਸਾਰਿਆਂ ਨੇ ਮੇਰੇ ਪ੍ਰਸ਼ਨ ਦਾ ਸਹੀ-ਸਹੀ ਉੱਤਰ ਨਹੀਂ ਦਿੱਤਾ ਤਾਂ ਮੈਂ ਤੁਹਾਨੂੰ ਚੌਹਾਂ ਨੂੰ ਫਾਂਸੀ ਲਗਵਾ ਦਿਆਂਗਾ।”

ਬਾਦਸ਼ਾਹ ਦੀ ਗੱਲ ਸੁਣ ਕੇ ਉਹ ਚਾਰੇ ਘਬਰਾ ਗਏ । ਉਹਨਾਂ ਵਿਚੋਂ ਇਕ ਨੇ ਹਿੰਮਤ ਕਰ ਕੇ ਕਿਹਾ, “ਪ੍ਰਸ਼ਨ ਦੱਸੋ ਬਾਦਸ਼ਾਹ ਸਲਾਮਤ।“

“ਸੰਸਾਰ ਵਿਚ ਸਭ ਤੋਂ ਵੱਡੀ ਚੀਜ਼ ਕੀ ਹੈ? ਚੰਗੀ ਤਰ੍ਹਾਂ ਸੋਚ-ਸਮਝ ਕੇ ਉੱਤਰ ਦੇਣਾ। ਨਹੀਂ ਤਾਂ ਮੈਂ ਤੁਹਾਨੂੰ ਕਹਿ ਚੁੱਕਿਆ ਹਾਂ ਕਿ ਤੁਹਾਨੂੰ ਫ਼ਾਂਸੀ ਲਗਵਾ ਦਿਆਂਗਾ । ਬਾਦਸ਼ਾਹ ਅਕਬਰ ਨੇ ਕਿਹਾ, “ਬੇਫ਼ਜ਼ੂਲ ਜਵਾਬ ਬਿਲਕੁਲ ਨਹੀਂ ਚੱਲਣਗੇ। ਜਵਾਬ ਇਕ ਹੋਵੇ ਤੇ ਬਿਲਕੁਲ ਸਹੀ ਹੋਵੇ।

“ਬਾਦਸ਼ਾਹ ਸਲਾਮਤ! ਸਾਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਜਾਵੇ । ਉਹਨਾਂ ਨੇ ਸਲਾਹ ਕਰ ਕੇ ਕਿਹਾ।

“ਠੀਕ ਏ, ਤੁਹਾਨੂੰ ਚੌਹਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੰਦਾ ਹਾਂ।” ਬਾਦਸ਼ਾਹ ਨੇ ਕਿਹਾ।

ਚਾਰੇ ਦਰਬਾਰੀ ਚਲੇ ਗਏ ਅਤੇ ਦਰਬਾਰ ਤੋਂ ਬਾਹਰ ਆ ਕੇ ਸੋਚਣ ਲੱਗੇ ਕਿ ਸਭ ਤੋਂ ਵੱਡੀ ਚੀਜ਼ ਕੀ ਹੋ ਸਕਦੀ ਹੈ ?

ਇਕ ਦਰਬਾਰੀ ਬੋਲਿਆ, “ਮੇਰੇ ਵਿਚਾਰ ਅਨੁਸਾਰ ਰੱਬ ਤੋਂ ਵੱਡਾ ਕੋਈ ਨਹੀਂ ।

“ਰੱਬ ਕੋਈ ਚੀਜ਼ ਨਹੀਂ ਹੈ, ਕੋਈ ਦੂਸਰਾ ਉੱਤਰ ਸੋਚੋ । ਦੂਸਰਾ ਬੋਲਿਆ, “ਸਭ ਤੋਂ ਵੱਡੀ ਚੀਜ਼ ਹੈ ਭੁੱਖ, ਜੋ ਆਦਮੀ ਤੋਂ ਕੁਝ ਵੀ ਕਰਵਾ ਸਕਦੀ ਹੈ।

ਤੀਜੇ ਨੇ ਕਿਹਾ, “ਨਹੀਂ...ਨਹੀਂ, ਭੁੱਖ ਵੀ ਬਰਦਾਸ਼ਤ ਕੀਤੀ ਜਾ ਸਕਦੀ ਹੈ।”

“ਫਿਰ ਕੀ ਹੈ ਸਭ ਤੋਂ ਵੱਡੀ ਚੀਜ਼???

ਛੇ ਦਿਨ ਬੀਤ ਗਏ ਲੇਕਿਨ ਉਹਨਾਂ ਨੂੰ ਕੋਈ ਉੱਤਰ ਨਹੀਂ ਲੱਭਿਆ। ਹਾਰ ਕੇ ਉਹ ਚਾਰੇ ਬੀਰਬਲ ਦੇ ਕੋਲ ਪਹੁੰਚੇ ਤੇ ਉਸ ਨੂੰ ਪੂਰੀ ਘਟਨਾ ਦੱਸੀ ਤੇ ਨਾਲ ਹੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਪ੍ਰਸ਼ਨ ਦਾ ਉੱਤਰ ਦੱਸ ਦੇਵੇ।

ਬੀਰਬਲ ਨੇ ਹੱਸ ਕੇ ਕਿਹਾ, “ਮੈਂ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਵਾਂਗਾ, ਲੇਕਿਨ ਮੇਰੀ ਇਕ ਸ਼ਰਤ ਹੈ।” 

“ਸਾਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ, ਚਾਰਾਂ ਨੇ ਇਕੋ ਵਾਰੀ ਕਿਹਾ, ਬੱਸ ਤੁਸੀਂ ਸਾਡੇ ਇਸ ਪ੍ਰਸ਼ਨ ਦਾ ਉੱਤਰ ਦੱਸ ਕੇ ਸਾਡੀ ਜਾਨ ਬਚਾਉ! ਦੱਸੋ ਤੁਹਾਡੀ ਕੀ ਸ਼ਰਤ ਹੈ ??

“ਤੁਹਾਡੇ ਵਿਚੋਂ ਦੋ ਆਪਣੇ ਮੋਢਿਆਂ ਤੇ ਮੇਰੀ ਮੰਜੀ ਰੱਖ ਕੇ ਦਰਬਾਰ ਤਕ ਲੈ ਚਲੋਗੇ। ਇਕ ਮੇਰਾ ਹੁੱਕਾ ਫੜੇਗਾ, ਇਕ ਮੇਰੀਆਂ ਚੱਪਲਾਂ ਲੈ ਕੇ ਚੱਲੇਗਾ। ਬੀਰਬਲ ਨੇ ਆਪਣੀ ਸ਼ਰਤ ਦੱਸਦੇ ਹੋਏ ਕਿਹਾ।

ਇਹ ਸੁਣਦੇ ਹੀ ਸਾਰੇ (ਚਾਰੇ) ਚੁੱਪ ਕਰ ਗਏ। ਉਹਨਾਂ ਨੂੰ ਲੱਗਿਆ ਜਿਵੇਂ ਬੀਰਬਲ ਨੇ ਉਹਨਾਂ ਦੀ ਗੱਲ ਤੇ ਕੱਸ ਕੇ ਥੱਪੜ ਮਾਰ ਦਿੱਤਾ ਹੋਵੇ। ਪਰ ਉਹ ਕੁਝ ਬੋਲੇ ਨਹੀਂ । ਅਗਰ ਮੌਤ ਦਾ ਡਰ ਨਾ ਹੁੰਦਾ ਤਾਂ ਉਹ ਬੀਰਬਲ ਨੂੰ ਮੂੰਹ-ਤੋੜ ਜਵਾਬ ਦਿੰਦੇ, ਪਰ ਇਸ ਸਮੇਂ ਮਜਬੂਰ ਸਨ, ਸੋ ਤੁਰੰਤ ਰਾਜ਼ੀ ਹੋ ਗਏ ।

ਦੋਹਾਂ ਨੇ ਆਪਣੇ ਮੋਢਿਆਂ ਉੱਤੇ ਬੀਰਬਲ ਦੀ ਮੰਜੀ ਚੁੱਕੀ, ਤੀਸਰੇ ਨੇ ਉਸ ਦਾ ਹੁੱਕਾ ਅਤੇ ਚੌਥਾ ਚੱਪਲਾਂ ਲੈ ਕੇ ਚੱਲ ਪਿਆ। ਰਸਤੇ ਵਿਚ ਲੋਕ ਹੈਰਾਨੀ ਨਾਲ ਉਹਨਾਂ ਨੂੰ ਦੇਖ ਰਹੇ ਸਨ। ਦਰਬਾਰ ਵਿਚ ਬਾਦਸ਼ਾਹ ਨੇ ਵੀ ਇਹ ਨਜ਼ਾਰਾ ਦੇਖਿਆ ਅਤੇ ਉਥੇ ਮੌਜੂਦ ਦਰਬਾਰੀਆਂ ਨੇ ਵੀ। ਕੋਈ ਕੁਝ ਨਾ ਸਮਝ ਸਕਿਆ। ਤਦ ਬੀਰਬਲ ਬੋਲਿਆ, “ਮਹਾਰਾਜ! ਦੁਨੀਆਂ ਵਿਚ ਸਭ ਤੋਂ ਵੱਡੀ ਚੀਜ਼ ਹੈ ਗਰਜ (ਲੋੜ)। ਆਪਣੀ ਗਰਜ ਨਾਲ ਹੀ ਇਹ ਪਾਲਕੀ ਇਥੋਂ ਤਕ ਉਠਾ ਕੇ ਲਿਆਏ ਹਨ।

ਬਾਦਸ਼ਾਹ ਮੁਸਕਰਾ ਕੇ ਰਹਿ ਗਿਆ। ਉਹ ਸਾਰੇ (ਚਾਰੇ) ਸਿਰ ਝੁਕਾ ਕੇ ਇਕੱਠੇ ਖੜੇ ਹੋ ਗਏ।


Post a Comment

0 Comments