Akbar-Birbal Story “Peer Yakeen Shah”, "ਪੀਰ ਯਕੀਨ ਸ਼ਾਹ“ Punjabi Story for Students of Class 5, 6, 7, 8, 9, 10 in Punjabi Language.

ਪੀਰ ਯਕੀਨ ਸ਼ਾਹ 
Peer Yakeen Shah



ਇਕ ਦਿਨ ਬਾਦਸ਼ਾਹ ਦਾ ਦਰਬਾਰ ਖੂਬ ਭਰਿਆ ਹੋਇਆ ਸੀ। ਦੇਸ-ਦੇਸ ਦੇ ਰਾਜਦੂਤ ਆਏ ਹੋਏ ਸਨ। ਬਾਦਸ਼ਾਹ ਫ਼ਕੀਰਾਂ, ਮੋਹਤਾਜਾਂ ਨੂੰ ਦਾਨ ਦੇ ਕੇ ਖ਼ੁਸ਼ ਹੋ ਰਿਹਾ ਸੀ। ਉਸ ਵੇਲੇ ਬਾਦਸ਼ਾਹ ਦਾ ਵੱਡਾ ਪੀਰ ਗਿਆ। ਬਾਦਸ਼ਾਹ ਨੇ ਉਸ ਦਾ ਬੜਾ ਆਦਰ ਕਰ ਕੇ ਵੱਡਮੁੱਲੇ ਪਦਾਰਥ ਭੇਟਾ ਕੀਤਾ। ਜਦ ਸਭ ਲੋਕ ਚਲੇ ਗਏ, ਪੀਰ ਵੀ ਚਲਾ ਗਿਆ, ਤਾਂ ਬਾਦਸ਼ਾਹ ਨੇ ਕਿਹਾ, ਬੀਰਬਲ! ਮੇਰਾ ਪੀਰ ਬਹੁਤ ਵੱਡਾ ਹੈ।


ਬੀਰਬਲ ਝੱਟ ਬੋਲ ਉਠਿਆ, “ਨਹੀਂ ਸਰਕਾਰ ! ਪੀਰ ਨਾਲੋਂ ਯਕੀਨ ਵੱਡਾ ਹੈ।


ਬਾਦਸ਼ਾਹ ਨੇ ਕਿਹਾ, “ਹਰਗਿਜ਼ ਨਹੀਂ। ਜੇ ਪੀਰ ਹੈ ਤਦ ਯਕੀਨ ਹੈ, ਜੇ ਪੀਰ ਹੀ ਨਹੀਂ ਤਾਂ ਯਕੀਨ ਕੈਸਾ ?”


ਬੀਰਬਲ ਨੇ ਕਿਹਾ, “ਨਹੀਂ ਹਜ਼ਰ ! ਜੇ ਵਿਸ਼ਵਾਸ ਹੈ ਤਾਂ ਪੀਰ ਵੀ ਹੈ।


ਬਾਦਸ਼ਾਹ ਨੇ ਕੋਧ ਕਰ ਕੇ ਕਿਹਾ, “ਤੂੰ ਹਰ ਵੇਲੇ ਅਮੋੜਪਣਾ ਕਰਦਾ ਹੈਂ, ਮੈਂ ਤੈਨੂੰ ਇਕ ਮਹੀਨੇ ਦੀ ਮੋਹਲਤ ਦੇਂਦਾ ਹਾਂ, ਏਨੇ ਚਿਰ ਵਿਚ ਜੇ ਤੂੰ ਪੀਰ ਨਾਲੋਂ ਯਕੀਨ ਵੱਡਾ ਸਾਬਤ ਨਾ ਕਰ ਸਕਿਆ ਤਾਂ ਮੌਤ ਦੰਡ ਦੇਵਾਂਗਾ।



ਦੂਸਰੇ ਦਿਨ ਬੀਰਬਲ ਬਾਦਸ਼ਾਹ ਦੀ ਜੁੱਤੀ ਦਾ ਇਕ ਪੈਰ ਚੁਰਾ ਕੇ ਲੈ ਗਿਆ ਤੇ ਉਸ ਨੂੰ ਸੋਹਣੇ ਦੁਸ਼ਾਲੇ ਵਿਚ ਪਲੇਟ ਕੇ ਸ਼ਹਿਰ ਤੋਂ ਬਾਹਰ ਇਕ ਸੋਹਣੀ ਥਾਂ ਵਿਚ ਚੁੱਪ ਕਰ ਕੇ ਦੱਬ ਦਿੱਤਾ ਤੇ ਉਸ ਉੱਤੇ ਇਕ ਸੋਹਣੀ ਕਬਰ ਬਣਵਾ ਕੇ ਮਸ਼ਹੂਰ ਕਰ ਦਿੱਤਾ ਕਿ ਇਹ ਯਕੀਨ ਸ਼ਾਹ ਦੀ ਕਬਰ ਹੈ, ਜੋ ਸਭ ਮੁਰਾਦਾਂ ਪੂਰੀਆਂ ਕਰਦੇ ਹਨ। ਇਕ ਮੁਸਲਮਾਨ ਨੂੰ ਉਸ ਥਾਂ ਦਾ ਮਜ਼ੋਰ ਬਣਾ ਦਿੱਤਾ ਤੇ ਇਕ ਦੋ ਦਿਨਾਂ ਵਿਚ ਹੀ ਯਤਨ ਕਰ ਕੇ ਉਸ ਕਬਰ ਦੀ ਖੂਬ ਮਸ਼ਹੂਰੀ ਕਰਾ ਦਿੱਤੀ। ਬੜੇ-ਬੜੇ ਲੋਕ ਉਥੇ ਸੁੱਖਣਾ ਸੁੱਖਣ ਤੇ ਮੰਨਤਾਂ ਮੰਨਣ ਜਾਣ ਲੱਗੇ। ਹੁੰਦਿਆਂ-ਹੁੰਦਿਆਂ ਬਾਦਸ਼ਾਹ ਤਕ ਵੀ ਇਸ ਦੀ ਖ਼ਬਰ ਪਹੁੰਚੀ। ਇਕ ਚਲਾਕ ਦਰਬਾਰੀ ਤਾਂ ਇਥੋਂ ਤਕ ਵੀ ਕਹਿਣੋਂ ਨਾ ਟਲਿਆ ਕਿ ਹਜ਼ੂਰ, ਆਪ ਦੇ ਪਿਤਾ ਸ਼ਹਿਨਸ਼ਾਹ ਹੁਮਾਯੂੰ ਨੇ ਇਸ ਪੀਰ ਦੀ ਮੰਨਤ ਮੰਨੀ ਸੀ ਤਾਂ ਆਪ ਪੈਦਾ ਹੋਏ ਸੀ। ਆਪ ਨੂੰ ਜ਼ਰੂਰ ਅਜਿਹੇ ਤੱਖ ਪੀਰ ਦੀ ਕਬਰ ਦੀ ਯਾਤਰਾ ਨੂੰ ਜਾਣਾ ਚਾਹੀਦਾ ਹੈ।


ਦੂਜੇ ਦਿਨ ਸਵੇਰੇ ਹੀ ਬਾਦਸ਼ਾਹ ਬੜੀ ਧੂਮ-ਧਾਮ ਨਾਲ ਸਾਰੇ ਦਰਬਾਰੀਆਂ ਸਣੇ ਯਕੀਨ ਸ਼ਾਹ ਦੀ ਕਬਰ ਪੁਜਣ ਵਾਸਤੇ ਗਿਆ। ਉਸ ਵੇਲੇ ਉਥੇ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਬਾਦਸ਼ਾਹ ਨੇ ਮੱਥਾ ਟੇਕ ਕੇ ਬੀਰਬਲ ਨੂੰ ਵੀ ਮੱਥਾ ਟੇਕਣ ਵਾਸਤੇ ਕਿਹਾ। ਉਸ ਨੇ ਉੱਤਰ ਦਿੱਤਾ, ਜਹਾਂ ਪਨਾਹ ! ਜੇ ਆਪ ਪੀਰ ਨਾਲੋਂ ਯਕੀਨ ਦਾ ਵੱਡਾ ਹੋਣਾ ਸਵੀਕਾਰ ਕਰਦੇ ਹੋ ਤਾਂ ਮੈਂ ਮੱਥਾ ਟੇਕ ਸਕਦਾ ਹਾਂ।


ਬਾਦਸ਼ਾਹ ਨੇ ਕਿਹਾ, “ਕਦੇ ਨਹੀਂ, ਵਿਸ਼ਵਾਸ ਨਾਲੋਂ ਪੀਰ ਸਦਾ ਵੱਡਾ ਹੁੰਦਾ ਹੈ। ਅੱਛਾ, ਮੈਂ ਇਸ ਵੇਲੇ ਪੀਰ ਯਕੀਨ ਸ਼ਾਹ ਦੇ ਹਜ਼ੂਰ ਮੰਨਤ ਮੰਨਦਾ ਹਾਂ ਕਿ ਮੇਰੀ ਜੋ ਫ਼ੌਜ ਮੇਵਾੜ ਦੇ ਰਾਣੇ ਪ੍ਰਤਾਪ ਸਿੰਘ ਨਾਲ ਲੜਨ ਗਈ ਹੋਈ ਹੈ, ਜੇ ਉਹ ਜਿੱਤ ਜਾਵੇ ਤਾਂ ਇਸ ਕਬਰਤੇ ਕਮਖ਼ਾਬ ਦਾ ਗ਼ਲੀਚਾ ਚੜ੍ਹਾਵਾਂਗਾ ਤੇ ਕਈ ਹਜ਼ਾਰ ਰੁਪਏ ਦੀ ਨਿਆਜ਼ ਦਿਆਂਗਾ।


ਰੱਬ ਦੀ ਮਰਜ਼ੀ, ਉਸੇ ਵੇਲੇ ਇਕ ਸਵਾਰ ਨੇ ਦੌੜਦਿਆਂ ਕੇ ਖ਼ੁਸ਼ਖ਼ਬਰੀ ਸੁਣਾਈ ਕਿ ਸਾਡੀ ਫ਼ੌਜ ਨੇ ਪ੍ਰਤਾਪ ਸਿੰਘ ਨੂੰ ਹਰਾ ਦਿੱਤਾ ਹੈ। ਉਸ ਵੇਲੇ ਬਾਦਸ਼ਾਹ ਨੇ ਖ਼ੁਸ਼ੀ ਨਾਲ ਫੁੱਲ ਕੇ ਕਿਹਾ, “ਕਿਉਂ ਬੀਰਬਲ ! ਅਜੇ ਵੀ ਤੈਨੂੰ ਨਿਸ਼ਚਾ ਨਹੀਂ ਹੋਇਆ ਕਿ ਯਕੀਨ ਨਾਲੋਂ ਪੀਰ ਵੱਡਾ ਹੈ ? ਮੰਨਤ ਮੰਨਦਿਆਂ ਹੀ ਵਧਾਈ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਹਨ।


ਬੀਰਬਲ ਨੇ ਫੇਰ ਢੀਠ ਹੋ ਕੇ ਕਿਹਾ, “ਜਹਾਂ ਪਨਾਹ ! ਇਸ ਪੀਰ ਉੱਤੇ ਆਪ ਦਾ ਵਿਸ਼ਵਾਸ ਹੈ, ਤਦ ਹੀ ਆਪ ਨੇ ਸੁੱਖਣਾ ਸੁੱਖੀ ਹੈ।


ਬਾਦਸ਼ਾਹ ਨੇ ਕ੍ਰੋਧ ਨਾਲ ਕਿਹਾ, “ਹੁਣ ਤੂੰ ਆਪਣਾ ਵਿਸ਼ਵਾਸ ਆਪਣੇ ਪਾਸ ਰੱਖ ਅੱਜ ਮਹੀਨਾ ਪੂਰਾ ਹੋ ਗਿਆ ਹੈ। ਤੂੰ ਯਕੀਨ ਨੂੰ ਵੱਡਾ ਸਾਬਤ ਨਹੀਂ ਕਰ ਸਕਿਆ। ਇਸ ਵਾਸਤੇ ਸੂਲੀ ਚੜ੍ਹਨ ਲਈ ਤਿਆਰ ਹੋ ਜਾ।


ਬੀਰਬਲ ਨੇ ਕਿਹਾ, “ਸਰਕਾਰ ! ਜਦ ਮੇਰੇ ਐਨਾ ਸਮਝਾਉਣ ਉੱਤੇ ਵੀ ਆਪ ਨਹੀਂ ਮੰਨਦੇ ਤਾਂ ਮੈਂ ਕੀ ਕਰਾਂ।


ਪਰ ਬਾਦਸ਼ਾਹ ਨੇ ਇਕ ਨਾ ਸੁਣੀ। ਉਸੇ ਵੇਲੇ ਜੱਲਾਦ ਨੂੰ ਬੁਲਾਇਆ ਗਿਆ। ਬੀਰਬਲ ਨੇ ਸੋਚਿਆ ਕਿ ਹੁਣ ਵਧੀਕ ਨਖ਼ਰੇ ਕਰਨ ਦਾ ਵੇਲਾ ਨਹੀਂ, ਇਸ ਵਾਸਤੇ ਝੱਟ ਬੋਲ ਉੱਠਿਆ, “ ਯਕੀਨ ਸ਼ਾਹ ਜੇ ਮੈਂ ਅੱਜ ਮਰਨ ਤੋਂ ਬਚ ਰਹਾਂ ਤਾਂ ਤੇਰੇ ਉੱਤੇ ਸੰਗਮਰਮਰ ਦਾ ਮਕਬਰਾ ਬਣਵਾਵਾਂਗਾ।


ਇਹ ਸੁਣਦਿਆਂ ਹੀ ਬਾਦਸ਼ਾਹ ਨੇ ਕਿਹਾ, “ਕਿਉਂ ਬੀਰਬਲ ਹੁਣ ਤੇਰੀ ਅਕਲ ਟਿਕਾਣੇ ਆਈ ? ਹੁਣ ਤਾਂ ਤੈਨੂੰ ਵੀ ਮੰਨਤ ਮੰਨਣੀ ਪਈ।


ਬੀਰਬਲ ਨੇ ਕਿਹਾ, “ਜੀ ਬੇਸ਼ੱਕ ਮੈਂ ਯਕੀਨ ਸ਼ਾਹ ਦੀ ਸੁੱਖਣਾ ਸੁੱਖੀ ਹੈ। ਇਹ ਆਖ ਕੇ ਬੀਰਬਲ ਨੇ ਸਭ ਲੋਕਾਂ ਦੇ ਸਾਹਮਣੇ ਕਬਰ ਦੇ ਅੰਦਰ ਜਾ ਕੇ ਦੋ-ਚਾਰ ਇੱਟਾਂ ਪੁੱਟ ਕੇ ਉਸ ਵਿਚੋਂ ਜੁੱਤੀ ਲਪੇਟੀ ਵਾਲਾ ਦੁਸ਼ਾਲਾ ਕੱਢ ਲਿਆਂਦਾ। ਬਾਦਸ਼ਾਹ ਨੇ ਪੁੱਛਿਆ, “ਬੀਰਬਲ ! ਇਹ ਕੀ ਹੈ ??


ਉੱਤਰ ਦਿੱਤਾ, “ਹਜ਼ੂਰ ! ਇਹ ਆਪ ਦੇ ਯਕੀਨ ਸ਼ਾਹ ਪੀਰ ਹਨ। ਜਿਨ੍ਹਾਂ ਦੀ ਆਪ ਨੇ ਮੰਨਤ ਮੰਨੀ ਸੀ।


ਜਦ ਬਾਦਸ਼ਾਹ ਨੇ ਦੁਸ਼ਾਲੇ ਦੇ ਅੰਦਰ ਪੀਰ ਦੇ ਸਰੀਰ ਦੀ ਥਾਂ ਆਪਣੀ ਚਰਨ ਦਾਸੀ ਦੇਖੀ ਤਾਂ ਬੜਾ ਸ਼ਰਮਿੰਦਾ ਹੋਇਆ ਬੀਰਬਲ ਨੇ ਕਿਹਾ, “ਸਵਾਮੀ! ਹੁਣ ਦੱਸੋ, ਪੀਰ ਵੱਡਾ ਕਿ ਯਕੀਨ ? ਜੇ ਤੁਹਾਡੇ ਮਨ ਵਿਚ ਸਿਦਕ ਨਾ ਹੋਵੇ ਤਾਂ ਕੋਈ ਸੁੱਖਣਾ ਵੀ ਪਰੀ ਨਹੀਂ ਹੋ ਸਕਦੀ। ਇਸ ਵਾਸਤੇ ਯਕੀਨ ਹੀ ਵੱਡਾ ਹੈ।


ਹੁਣ ਬਾਦਸ਼ਾਹ ਨੂੰ ਵੀ ਇਹ ਗੱਲ ਕਬੂਲ ਕਰਨੀ ਪਈ। ਯਕੀਨ ਸ਼ਾਹ ਦੀ ਕਬਰ ਦਾ ਚੜ੍ਹਾਵਾ ਬਹੁਤ ਸਾਰਾ ਇਕੱਠਾ ਹੋ ਚੁੱਕਾ ਸੀ, ਬੀਰਬਲ ਨੇ ਉਸ ਦੇ ਖ਼ਰਚ ਨਾਲ ਇਕ ਮਸੀਤ ਬਣਵਾ ਦਿੱਤੀ।

Post a Comment

0 Comments