ਸਭ ਤੋਂ ਪਿਆਰਾ ਕੀ ਹੈ ?
Sab to Piyara ki hai?
ਇਕ ਵਾਰੀ ਬਾਦਸ਼ਾਹ ਦਰਬਾਰ ਵਿਚ ਬੈਠਾ ਸੀ। ਏਨੇ ਨੂੰ ਸ਼ਾਹਜ਼ਾਦਾ ਸਲੀਮ ਆ ਕੇ ਬਾਦਸ਼ਾਹ ਦੇ ਕੁੱਛੜ ਬੈਠ ਕੇ ਤੋਤਲੀ ਜ਼ਬਾਨ ਨਾਲ ਗੱਲਾਂ ਕਰਨ ਲੱਗ ਪਿਆ। ਬਾਦਸ਼ਾਹ ਨੂੰ ਉਸ ਵੇਲੇ ਇਉਂ ਮਲੂਮ ਹੋਇਆ ਕਿ ਮਾਨੋਂ ਸਾਰੇ ਸੰਸਾਰ ਨਾਲੋਂ ਪਿਆਰੀ ਚੀਜ਼ ਪੁੱਤਰ ਹੀ ਹੈ। ਇਸ ਗੱਲ ਨੂੰ ਵਧੀਕ ਸਪੱਸ਼ਟ ਕਰਨ ਵਾਸਤੇ ਉਸ ਨੇ ਦਰਬਾਰੀਆਂ ਨੂੰ ਪ੍ਰਸ਼ਨ ਕੀਤਾ, “ਇਸ ਦੁਨੀਆਂ ਵਿਚ ਸਭ ਤੋਂ ਪਿਆਰਾ ਕੀ ਹੈ ??
ਸਾਰੇ ਦਰਬਾਰੀਆਂ ਨੇ ਬਾਦਸ਼ਾਹ ਦੇ ਦਿਲ ਦਾ ਭਾਵ ਜਾਣ ਕੇ ਕਿਹਾ, “ਸਭ ਤੋਂ ਪਿਆਰਾ ਪੁੱਤਰ ਹੈ।
ਪਰ ਸਾਰਿਆਂ ਤੋਂ ਅਖੀਰ ਤੇ ਬੀਰਬਲ ਨੇ ਕਿਹਾ, “ਸਵਾਮੀ ਸਾਰਿਆਂ ਤੋਂ ਪਿਆਰੀ ਆਪਣੀ ਜਾਨ ਹੈ।
ਬਾਦਸ਼ਾਹ ਨੇ ਕਿਹਾ, “ਇਹ ਠੀਕ ਨਹੀਂ, ਬੱਚਾ ਹੀ ਸਭ ਤੋਂ ਪਿਆਰੀ ਚੀਜ਼ ਹੈ।
ਬੀਰਬਲ ਨੇ ਕਿਹਾ, “ਅੱਛਾ, ਮੈਂ ਆਪ ਨੂੰ ਆਪਣੀ ਗੱਲ ਦਾ ਸਬੂਤ ਦੇ ਦਿਆਂਗਾ।
ਦੂਜੇ ਦਿਨ ਬੀਰਬਲ ਨੇ ਬਾਗ਼ ਦੇ ਡੂੰਘੇ ਹੌਜ਼ ਨੂੰ ਖ਼ਾਲੀ ਕਰਵਾ ਕੇ ਇਕ ਬੱਚੇ ਵਾਲੀ ਬਾਂਦਰੀ ਉਸ ਵਿਚ ਸੁੱਟ ਦਿੱਤੀ ਤੇ ਹੌਜ਼ ਨੂੰ ਪਾਣੀ ਨਾਲ ਭਰਨਾ ਆਰੰਭ ਕਰ ਦਿੱਤਾ। ਪਹਿਲਾਂ ਤਾਂ ਬਾਂਦਰੀ ਨੇ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਰੱਖਿਆ ਪਰ ਜਦ ਪਾਣੀ ਵਧਿਆ ਤਾਂ ਉਸ ਨੇ ਬੱਚੇ ਨੂੰ ਪਿੱਠ ਉੱਤੇ ਰੱਖ ਲਿਆ। ਜਦ ਪਾਣੀ ਹੋਰ ਵਧਿਆ ਤਾਂ ਉਸ ਨੇ ਬੱਚੇ ਨੂੰ ਦੋਹਾਂ ਹੱਥਾਂ ਉੱਤੇ ਚੁੱਕ ਲਿਆ। ਇਹ ਦੇਖ ਕੇ ਬਾਦਸ਼ਾਹ ਨੇ ਖੁਸ਼ ਹੋ ਕੇ ਪੁਕਾਰ ਕੇ ਕਿਹਾ, “ਦੇਖੋ, ਬਾਂਦਰੀ ਆਪਣੀ ਜਾਨ ਦੀ ਪ੍ਰਵਾਹ ਨਾ ਕਰ ਕੇ ਬੱਚੇ ਦੀ ਰੱਖਿਆ ਕਰ ਰਹੀ ਹੈ। ਇਸ ਤੋਂ ਸਾਬਤ ਹੈ ਕਿ ਬੱਚਾ ਹੀ ਸਭ ਤੋਂ ਪਿਆਰੀ ਚੀਜ਼ ਹੈ।”
ਬੀਰਬਲ ਨੇ ਕਿਹਾ, “ਸਵਾਮੀ, ਜ਼ਰਾ ਹੋਰ ਠਹਿਰੋ ਤੇ ਤਮਾਸ਼ਾ ਦੇਖੋ।
ਏਨੇ ਨੂੰ ਪਾਣੀ ਹੋਰ ਵਧ ਕੇ ਬਾਂਦਰੀ ਦੇ ਨੱਕ ਤੇ ਕੰਨ ਭਰਨ ਲੱਗਾ। ਜਦ ਬਾਂਦਰੀ ਨੇ ਇਸ ਤਰ੍ਹਾਂ ਆਪਣੀ ਜਾਨ ਜਾਂਦੀ ਵੇਖੀ ਤਾਂ ਫ਼ੌਰਨ ਮੋਹ ਮਮਤਾ ਨੂੰ ਛਿੱਕੇ ਟੰਗ ਕੇ ਬੱਚੇ ਨੂੰ ਪਾਣੀ ਵਿਚ ਸੁੱਟ ਕੇ ਆਪ ਉਸ ਦੇ ਉੱਤੇ ਖਲੋ ਗਈ।
ਬੀਰਬਲ ਨੇ ਇਹ ਘਟਨਾ ਬਾਦਸ਼ਾਹ ਨੂੰ ਦਿਖਾ ਕੇ ਫ਼ੌਰਨ ਪਾਣੀ ਰੋਕ ਦਿੱਤਾ ਤੇ ਬਾਂਦਰੀ ਨੂੰ ਬੱਚੇ ਸਮੇਤ ਬਾਹਰ ਕਢਵਾ ਕੇ ਆਖਣ ਲੱਗਾ, “ਜਹਾਂ ਪਨਾਹ ! ਜਦ ਤਕ ਆਪਣੀ ਜਾਨ ਤਕ ਨੌਬਤ ਨਾ ਆਵੇ ਤਦ ਤਕ ਤਾਂ ਬੱਚਾ ਹੀ ਪਿਆਰਾ ਹੈ ਪਰ ਜਦ ਆਪਣੀ ਜਾਨ ਤੇ ਆ ਬਣੇ ਤਾਂ ਬੱਚਿਆਂ ਦੀ ਕੋਈ ਪ੍ਰਵਾਹ ਨਹੀਂ ਕਰਦਾ।
ਬਾਦਸ਼ਾਹ ਨੇ ਕਿਹਾ, “ਸੱਚ ਹੈ।”

0 Comments