ਚੂਨਾ ਅਤੇ ਮੱਖਣ
Chuna ate Makhan
ਇਕ ਦਿਨ ਬਾਦਸ਼ਾਹ ਅਕਬਰ ਨੇ ਇਕ ਨੌਕਰ ਨੂੰ ਦੀਵਾਰ ਨਾਲ ਡਿੱਗਿਆ ਹੋਇਆ ਚੂਨਾ ਉਠਾ ਕੇ ਬਾਹਰ ਸੁੱਟਣ ਦਾ ਹੁਕਮ ਦਿੱਤਾ। ਜ਼ਿਆਦਾ ਕੰਮ ਹੋਣ ਦੇ ਕਾਰਨ ਉਹ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਿਆ । ਬਾਦਸ਼ਾਹ ਨੇ ਦੁਬਾਰਾ ਚੂਨੇ ਨੂੰ ਉਸ ਹਾਲਤ ਵਿਚ ਪਿਆ ਦੇਖਿਆ ਤਾਂ ਉਹ ਕਰੋਧ ਨਾਲ ਭੜਕ ਉਠਿਆ ਅਤੇ ਉਸ ਨੌਕਰ ਨੂੰ ਬੁਲਾ ਕੇ ਬੋਲਿਆ, “ਜਾ ਕੇ ਬਾਜ਼ਾਰ ਵਿਚੋਂ ਇਕ ਸੇਰ ਚੁਨਾ ਲਿਆਉ।”
ਬਾਦਸ਼ਾਹ ਨੂੰ ਦੇਖ ਕੇ ਨੌਕਰ ਨੂੰ ਆਪਣੀ ਲਾਪਰਵਾਹੀ ਦੀ ਯਾਦ ਤਾਜ਼ਾ ਹੋ ਆਈ, ਪਰ ਉਹ ਕਰਦਾ ਵੀ ਕੀ ? ਉਹ ਦੌੜਦਾ ਹੋਇਆ ਬਾਜ਼ਾਰ ਜਾ ਰਿਹਾ ਸੀ। ਸਾਹਮਣੇ ਤੋਂ ਆਉਂਦੇ ਬੀਰਬਲ ਨੇ ਉਸ ਦੀ ਹਾਲਤ ਦਾ ਕਾਰਨ ਪੁੱਛਿਆ। ਨੌਕਰ ਨੇ ਸਾਰਾ ਹਾਲ ਕਹਿ ਸੁਣਾਇਆ। ਬੀਰਬਲ ਨੇ ਸੋਚਿਆ ਕਿ ਸੇਰ ਭਰ ਚੁਨੇ ਦਾ ਬਾਦਸ਼ਾਹ ਸਵੇਰ ਦੇ ਵਕਤ ਕੀ ਕਰਨਗੇ। ਜ਼ਰੂਰ ਹੀ ਨੌਕਰ ਦੀ ਸ਼ਾਮਤ ਆਈ ਹੈ, ਉਹ ਇਹ ਚੁਨਾ ਇਸ ਨੂੰ ਹੀ ਖਵਾਉਣਗੇ।
ਖੂਬ ਸੋਚ-ਵਿਚਾਰ ਕੇ ਬੀਰਬਲ ਬੋਲੇ, “ਦੇਖੋ, ਸੇਰ ਭਰ ਚੁਨੇ ਦੀ ਜਗ੍ਹਾ ਪਾ ਭਰ ਚੂਨਾ ਅਤੇ ਤਿੰਨ ਪਾ ਮੱਖਣ ਲਿਆਉਣਾ। ਚੂਨੇ ਅਤੇ ਮੱਖਣ ਦਾ ਰੰਗ ਇਕੋ ਜਿਹਾ ਹੁੰਦਾ ਹੈ। ਉਸ ਵਿਚ ਕੋਈ ਵਿਸ਼ੇਸ਼ ਅੰਤਰ ਨਹੀਂ ਮਲੂਮ ਹੁੰਦਾ। ਜੇਕਰ ਬਾਦਸ਼ਾਹ ਨੇ ਤੁਹਾਨੂੰ ਚੁਨਾ ਖਾਣ ਦੀ ਆਗਿਆ ਦਿੱਤੀ ਤਾਂ ਤਿੰਨ ਪਾ ਮੱਖਣ ਦੇ ਨਾਲ ਪਾ ਭਰ ਚੂਨਾ ਖਾਣ ਨਾਲ ਤੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਬੀਰਬਲ ਦੀ ਆਗਿਆ ਮੰਨ ਕੇ ਨੌਕਰ ਨੇ ਅਜਿਹਾ ਹੀ ਕੀਤਾ। ਤਿੰਨ ਪਾ ਮੱਖਣ ਦੇ ਨਾਲ ਪਾ ਭਰ ਚੂਨੇ ਦਾ ਮਿਸ਼ਰਣ ਲੈ ਕੇ ਨੌਕਰ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਹੋਇਆ। ਉਹਨਾਂ ਨੇ ਉਸ ਨੂੰ ਚੂਨਾ ਖਾਣ ਦਾ ਹੁਕਮ ਦਿੱਤਾ। ਨੌਕਰ ਦੇ ਬਹੁਤੇ ਪ੍ਰਾਰਥਨਾ ਕਰਨ 'ਤੇ ਵੀ ਜਦ ਬਾਦਸ਼ਾਹ ਨੇ ਆਪਣਾ ਹੁਕਮ ਵਾਪਸ ਨਾ ਲਿਆ ਤਾਂ ਲਾਚਾਰ ਹੋ ਕੇ ਉਹ ਮੁੱਖਣ ਵਾਲੇ ਹਿੱਸੇ ਨੂੰ ਤੋੜ-ਤੋੜ ਕੇ ਖਾਣ ਲੱਗਾ। ਵਿਚ-ਵਿਚ ਉਹ ਕੁਝ ਤਕਲੀਫ਼ ਦਾ ਬਹਾਨਾ ਕਰਦਾ ਜਾਂਦਾ ਸੀ ਕਿ ਸ਼ਾਇਦ ਬਾਦਸ਼ਾਹ ਦਿਆਲੂ ਹੋ ਕੇ ਆਪਣਾ ਹੁਕਮ ਵਾਪਸ ਲੈ ਲਵੇ।
ਦੇਖਦੇ ਹੀ ਦੇਖਦੇ ਜਦ ਨੌਕਰ ਅੱਧਾ ਮੱਖਣ ਖਾ ਚੁੱਕਿਆ ਤਾਂ ਬਾਦਸ਼ਾਹ ਨੂੰ ਉਸ ਦੀ ਚਿੰਤਾ ਹੋਈ। ਉਸ ਨੇ ਵਿਚਾਰ ਕੀਤਾ ਕਿ ਜਦ ਚੂਨਾ ਇਸ ਦੇ ਸਰੀਰ ਵਿਚੋਂ ਟੁੱਟ ਕੇ ਬਾਹਰ ਨਿਕਲੇਗਾ ਤਾਂ ਇਸਨੂੰ ਬਹੁਤ ਜ਼ਿਆਦਾ ਅਸਹਿ ਪੀੜ ਹੋਵੇਗੀ। ਬਾਦਸ਼ਾਹ ਦਿਆਲ ਹੋ ਗਏ ਅਤੇ ਨੌਕਰ ਨੂੰ ਬਾਕੀ ਚੁਨਾ ਸੁੱਟ ਦੇਣ ਦੀ ਆਗਿਆ ਦਿੱਤੀ।
ਬਾਦਸ਼ਾਹ ਦੀ ਆਗਿਆ ਪਾ ਕੇ ਨੌਕਰ ਨੇ ਚੂਨਾ ਦੂਰ ਸੁੱਟ ਦਿੱਤਾ ਤਾਂਕਿ ਬਾਦਸ਼ਾਹ ਦੀ ਨਜ਼ਰ ਨਾ ਪੈ ਜਾਵੇ। ਕੁਝ ਸਮੇਂ ਬਾਅਦ ਨੌਕਰ ਪ੍ਰਸੰਨ-ਚਿੱਤ ਹੋ ਕੇ ਆਪਣੇ ਕੰਮ ਲੱਗ ਗਿਆ। ਇਹ ਵੇਖ ਕੇ ਬਾਦਸ਼ਾਹ ਨੂੰ ਬਹੁਤ ਹੈਰਾਨੀ ਹੋਈ ਕਿ ਇਨਾ ਚੂਨਾ ਖਾਣ ਦੇ ਬਾਵਜੂਦ ਵੀ ਇਸ ਨੂੰ ਕੋਈ ਤਕਲੀਫ਼ ਨਹੀਂ ਹੋਈ।
ਦੂਸਰੇ ਦਿਨ ਬਾਦਸ਼ਾਹ ਨੇ ਉਸੇ ਨੌਕਰ ਨੂੰ ਇਕ ਸੇਰ ਚੂਨਾ ਲਿਆਉਣ ਦਾ ਫਿਰ ਹੁਕਮ ਦਿੱਤਾ।
ਆਗਿਆ ਪਾ ਕੇ ਨੌਕਰ ਬਾਜ਼ਾਰ ਵਿਚੋਂ ਚੁਨਾ ਲਿਆਉਣ ਲਈ ਚੱਲ ਪਿਆ। ਰਸਤੇ ਵਿਚ ਬੀਰਬਲ ਦਾ ਭਵਨ ਸੀ। ਉਸ ਨੂੰ ਮਿਲ ਕੇ ਨੌਕਰ ਨੇ ਸਾਰਾ ਹਾਲ ਕਹਿ ਸੁਣਾਇਆ ਅਤੇ ਪ੍ਰਾਰਥਨਾ ਪੂਰਵਕ ਅੱਜ ਵੀ ਬਚਨ ਦਾ ਕੋਈ ਉਪਾਅ ਪੁੱਛਿਆ।
ਬੀਰਬਲ ਬੋਲੇ, “ਕੁਝ ਦੇਰ ਇਥੇ ਠਹਿਰਨ ਦੇ ਬਾਅਦ ਚੂਨੇ ਦੀ ਬਜਾਏ ਅੱਜ ਸਾਰਾ ਮੱਖਣ ਹੀ ਲੈ ਕੇ ਜਾਣਾ। ਕੱਲ ਉਸ ਨੇ ਅੱਧਾ ਖਵਾਇਆ ਸੀ, ਅੱਜ ਪੂਰਾ ਖਾਣ ਨੂੰ ਕਹਿਣਗੇ ।”
ਨੌਕਰ ਨੇ ਉਵੇਂ ਹੀ ਕੀਤਾ ਅਤੇ ਸੇਰ ਭਰ ਮੱਖਣ ਲੈ ਕੇ ਹਾਜ਼ਰ ਹੋਇਆ।
ਨੌਕਰ ਦੇ ਪਹੁੰਚਦੇ ਹੀ ਬਾਦਸ਼ਾਹ ਨੇ ਸਾਰਾ ਚੂਨਾ ਖਾਣ ਦੀ ਆਗਿਆ ਦਿੱਤੀ। ਨੌਕਰ ਨੇ ਕੁਝ ਅਜਿਹਾ ਮੂੰਹ ਬਣਾਇਆ ਜਿਸ ਤੋਂ ਪਤਾ ਲੱਗੇ ਕਿ ਉਸ ਨੂੰ ਚੁਨਾ ਖਾਣ ਵਿਚ ਬਹੁਤ ਕਸ਼ਟ ਹੋਵੇਗਾ। ਪਰੰਤੁ ਬਾਦਸ਼ਾਹ ਨੇ ਇਕ ਨਾ ਸੁਣੀ ਅਤੇ ਨੌਕਰ ਨੇ ਮੱਖਣ ਖਾਣਾ ਸ਼ੁਰੂ ਕਰ ਦਿੱਤਾ। ਜਦ ਸਾਰਾ ਮੱਖਣ ਖ਼ਤਮ ਹੋ ਗਿਆ ਤਾਂ ਉਸ ਨੇ ਬੜਾ ਕਸ਼ਟ ਹੋਣ ਦਾ ਸਵਾਂਗ ਰਚਿਆ ਅਤੇ ਇਸ ਪ੍ਰਕਾਰ ਬਾਦਸ਼ਾਹ ਨੂੰ ਭੁੱਲ-ਭੁਲੱਈਆਂ ਵਿਚ ਪਾ ਕੇ ਮਨ ਹੀ ਮਨ ਖੁਸ਼ ਹੋ ਕੇ ਬਾਦਸ਼ਾਹ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ।
ਹੁਣ ਬਾਦਸ਼ਾਹ ਨੂੰ ਪੂਰਾ ਵਿਸ਼ਵਾਸ ਸੀ ਕਿ ਨੌਕਰ ਜ਼ਰੂਰ ਹੀ ਮਰਨ ਲੱਗਾ ਹੋਵੇਗਾ। ਪਰ ਜਦ ਉਹ ਦੇਖਣ ਗਏ ਤਾਂ ਹੈਰਾਨ ਰਹਿ ਗਏ। ਨੌਕਰ ਹੱਸਦਾ-ਖੇਡਦਾ ਆਪਣੇ ਕੰਮ ਵਿਚ ਲੱਗਾ ਹੋਇਆ ਸੀ। ਬਾਦਸ਼ਾਹ ਨੂੰ ਸ਼ੱਕ ਹੋਇਆ ਕਿ ਜ਼ਰੂਰ ਹੀ ਦਾਲ ਵਿਚ ਕੁਝ ਕਾਲਾ ਹੈ। ਉਹਨਾਂ ਨੇ ਸੋਚਿਆ ਕਿ ਇਕ ਸੇਰ ਚੁਨਾ ਖਾਣ ਦੇ ਬਾਅਦ ਵੀ ਇਸ ਦੇ ਸਰੀਰ ਜਾਂ ਚਿਹਰੇ ਵਿਚ ਕੋਈ ਪਰਿਵਰਤਨ ਨਹੀਂ ਹੋਇਆ ਸੀ। ਬਾਦਸ਼ਾਹ ਨੇ ਇਸ ਭੇਦ ਦੇ ਸੰਬੰਧ ਵਿਚ ਨੌਕਰ ਨੂੰ ਪੁੱਛਣ ਦਾ ਨਿਸ਼ਚਾ ਕੀਤਾ। ਨੌਕਰ ਨੂੰ ਬੁਲਾ ਕੇ ਬੋਲੇ, “ਅੱਜ ਤੈਨੂੰ ਚੁਨਾ ਲਿਆਉਣ ਵਿਚ ਦੇਰ ਕਿਉਂ ਹੋਈ ਸੀ ? ਦੇਖੋ, ਠੀਕ-ਠੀਕ ਦੱਸਣਾ ਵਰਨਾ ਤੈਨੂੰ ਮੌਤ ਦੀ ਸਜ਼ਾ ਮਿਲੇਗੀ।
ਤਦ ਨੌਕਰ ਨੇ ਸੱਚ ਬੋਲਣ ਵਿਚ ਹੀ ਆਪਣੀ ਖ਼ੈਰੀਅਤ ਸਮਝੀ ਅਤੇ ਸਭ ਕੁਝ ਦੱਸ ਦਿੱਤਾ। ਨੌਕਰ ਦੀ ਸੱਚਾਈ ਸੁਣ ਕੇ ਬਾਦਸ਼ਾਹ ਮੁਸਕਰਾ ਉੱਠੇ।

0 Comments