ਪਰਮਾਤਮਾ ਜੋ ਕਰਦਾ ਹੈ, ਚੰਗਾ ਕਰਦਾ ਹੈ
Parmatma jo karda hai, changa karda hai
ਇਕ ਵਾਰ ਬਾਦਸ਼ਾਹ ਸਲਾਮਤ ਦੇ ਹੱਥ ਦੀ ਉਂਗਲੀ ਜ਼ਖ਼ਮੀ ਹੋ ਗਈ ਤਾਂ ਬੀਰਬਲ ਬੋਲੇ, “ਪਰਮਾਤਮਾ ਜੋ ਕਰਦਾ ਹੈ, ਚੰਗਾ ਹੀ ਕਰਦਾ ਹੈ।
ਇਹ ਸੁਣ ਕੇ ਅਕਬਰ ਨੂੰ ਬੜਾ ਗੁੱਸਾ ਆਇਆ। ਉਸ ਨੇ ਜਲਦੀ ਨਾਲ ਬੀਰਬਲ ਨੂੰ ਚਾਰ ਦਿਨਾਂ ਦੇ ਲਈ ਜੇਲ੍ਹ ਵਿਚ ਡੱਕ ਦਿੱਤਾ। ਦੂਸਰੇ ਦਿਨ ਉਹ ਸ਼ਿਕਾਰ ਖੇਡਣ ਗਏ । ਇਕੱਲੇ ਹੋਣ ਦੇ ਕਾਰਨ ਸ਼ਿਕਾਰ ਵਿਚ ਉਹਨਾਂ ਦਾ ਮਨ ਨਹੀਂ ਲੱਗਾ ਅਤੇ ਰਸਤਾ ਭਟਕ ਕੇ ਉਹ ਜੰਗਲੀਆਂ ਦੀ ਬਸਤੀ ਵਿਚ ਜਾ ਪਹੁੰਚੇ। ਜੰਗਲੀਆਂ ਨੇ ਉਹਨਾਂ ਨੂੰ ਫੜ ਲਿਆ ਅਤੇ ਬਲੀ ਚੜਾਉਣ ਦੀ ਤਿਆਰੀ ਕਰਨ ਲੱਗੇ।
ਇਸ ਸਮੇਂ ਬਾਦਸ਼ਾਹ ਨੂੰ ਬੀਰਬਲ ਦੀ ਕਮੀ ਬਹੁਤ ਮਹਿਸੂਸ ਹੋਈ। ਉਹ ਸਮਝ ਨਹੀਂ ਪਾ ਰਹੇ ਸਨ ਕਿ ਕੀ ਕਰਨ ? ਉਸ ਸਮੇਂ ਜੰਗਲੀਆਂ ਦੇ ਪੁਜਾਰੀ ਦੀ ਨਜ਼ਰ ਅਕਬਰ ਦੀ ਜ਼ਖ਼ਮੀ ਉਂਗਲ ’ਤੇ ਪਈ। ਉਹ ਬੋਲਿਆ, “ਇਸ ਨੂੰ ਛੱਡ ਦਿਉ, ਇਸ ਦੀ ਬਲੀ ਨਹੀਂ ਦਿੱਤੀ ਜਾ ਸਕਦੀ, ਇਹ ਖੰਡਿਤ ਹੈ।”
ਅਕਬਰ ਨੂੰ ਛੱਡ ਦਿੱਤਾ ਗਿਆ। ਜਾਨ ਬਚਾ ਕੇ ਉਹ ਆਪਣੀ ਰਾਜਧਾਨੀ ਆਏ ਅਤੇ ਸੋਚਣ ਲੱਗੇ ਕਿ ਬੀਰਬਲ ਨੇ ਠੀਕ ਹੀ ਕਿਹਾ ਸੀ। ਜੇ ਅੱਜ ਇਹ ਉਂਗਲ ਜ਼ਖ਼ਮੀ ਨਾ ਹੁੰਦੀ, ਮੈਂ ਤਾਂ ਬਲੀ ਚੜ ਗਿਆ ਹੁੰਦਾ।
ਉਹਨਾਂ ਨੇ ਮਹੱਲ ਵਿਚ ਆਉਂਦੇ ਹੀ ਬੀਰਬਲ ਨੂੰ ਰਿਹਾਅ ਕਰਵਾਇਆ ਅਤੇ ਬੋਲੇ, “ਤੁਸੀਂ ਠੀਕ ਹੀ ਕਿਹਾ ਸੀ ਬੀਰਬਲ ਕਿ ਪਰਮਾਤਮਾ ਜੋ ਕਰਦਾ ਹੈ, ਚੰਗਾ ਹੀ ਕਰਦਾ ਹੈ।”
“ਕੀ ਗੱਲ ਹੈ ਜਹਾਂ ਪਨਾਹ! ਕੱਲ੍ਹ ਤਾਂ ਤੁਸੀਂ ਮੇਰੀ ਇਸ ਗੱਲ ਤੋਂ ਨਾਰਾਜ਼ ਹੋ ਕੇ ਮੈਨੂੰ ਜੇਲ੍ਹ ਵਿਚ ਡੱਕ ਦਿੱਤਾ ਸੀ ਅਤੇ ਅੱਜ ਤੁਸੀਂ ਹੀ ਇਸ ਗੱਲ ਨੂੰ ਉਚਿਤ ਠਹਿਰਾ ਰਹੇ ਹੋ । ਆਖ਼ਰ ਗੱਲ ਕੀ ਹੈ ???
“ਕੱਲ ਤਕ ਮੈਨੂੰ ਇਸ ਕਥਨ ਦੀ ਸਚਾਈ ਤੇ ਸੰਦੇਹ ਸੀ, ਕਿੰਤੂ ਅੱਜ ਵਿਸ਼ਵਾਸ ਹੋ ਗਿਆ ਹੈ ਕਿ ਪਰਮਾਤਮਾ ਜੋ ਕਰਦਾ ਹੈ, ਅੱਛਾ ਹੀ ਕਰਦਾ ਹੈ।
“ਮੈਂ ਕੁਝ ਸਮਝਿਆ ਨਹੀਂ, ਜਹਾਂ ਪਨਾਹ।
ਉਸ ਦੇ ਬਾਅਦ ਬਾਦਸ਼ਾਹ ਨੇ ਬੀਰਬਲ ਨੂੰ ਪੂਰੀ ਗੱਲ ਦੱਸ ਦਿੱਤੀ। ਫਿਰ ਕਿਹਾ, “ਜੇ ਉਂਗਲੀ ਜ਼ਖ਼ਮੀ ਨਾ ਹੋਈ ਹੁੰਦੀ ਤਾਂ ਅੱਜ ਅਕਬਰ ਮਾਰਿਆ ਜਾਂਦਾ। ਮਗਰ ਬੀਰਬਲ ਇਕ ਗੱਲ ਦੱਸੋ ਕਿ ਮੈਂ ਤੁਹਾਨੂੰ ਜੇਲ ਵਿਚ ਪਾਇਆ, ਇਸ ਵਿਚ ਤੇਰਾ ਕੀ ਭਲਾ ਹੋਇਆ ?
“ਜਹਾਂ ਪਨਾਹ, ਜੇਕਰ ਤੁਸੀਂ ਮੈਨੂੰ ਜੇਲ ਵਿਚ ਨਾ ਡੱਕਦੇ ਤਾਂ ਮੈਂ ਵੀ ਤੁਹਾਡੇ ਨਾਲ ਸ਼ਿਕਾਰ ਹੋ ਜਾਂਦਾ। ਪ੍ਰਤੱਖ ਹੈ ਅਸੀਂ ਦੋਵੇਂ ਹੀ ਜੰਗਲੀਆਂ ਦੁਆਰਾ ਫੜ ਲਏ ਜਾਂਦੇ। ਤਦ ਤੁਹਾਨੂੰ ਤਾਂ ਉਹ ਖੰਡਿਤ ਕਹਿ ਕੇ ਛੱਡ ਦਿੰਦੇ ਪਰ ਮੈਂ ਸਹੀ ਸਲਾਮਤ ਸਾਂ, ਇਸ ਲਈ ਮੇਰੀ ਬਲੀ ਚੜ੍ਹਾ ਦਿੰਦੇ। ਇਸ ਲਈ ਪਰਮਾਤਮਾ ਨੇ ਮੈਨੂੰ ਜੇਲ੍ਹ ਵਿਚ ਭੇਜ ਕੇ ਚੰਗਾ ਹੀ ਕੀਤਾ।
ਬੀਰਬਲ ਦਾ ਇਹ ਉੱਤਰ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋਏ।
0 Comments