ਬੇਟੀ ਬਾਪ ਤੋਂ ਵੱਧ ਕੇ
Beti Baap to vadh ke
ਇਕ ਵਾਰ ਬੀਰਬਲ ਬੀਮਾਰ ਹੋ ਗਏ, ਇਸ ਲਈ ਉਹ ਬਹੁਤ ਦਿਨਾਂ ਤਕ ਦਰਬਾਰ ਵਿਚ ਨਹੀਂ ਜਾ ਸਕੇ । ਬਾਦਸ਼ਾਹ ਨੂੰ ਉਸ ਦੇ ਬਿਨਾਂ ਚੈਨ ਨਹੀਂ ਸੀ। ਬੇਸ਼ੱਕ ਅਕਬਰ ਦਰਬਾਰੀਆਂ ਨੂੰ ਭੇਜ ਕੇ ਸਵੇਰੇ-ਸ਼ਾਮ ਬੀਰਬਲ ਦਾ ਹਾਲ-ਚਾਲ ਪਤਾ ਕਰਵਾਉਂਦੇ ਰਹਿੰਦੇ ਸੀ, ਪਰ ਇਸ ਵਿਚ ਵੀ ਉਹਨਾਂ ਨੂੰ ਸੰਤੋਖ ਨਹੀਂ ਮਿਲਦਾ ਸੀ। ਉਹ ਚਾਹੁੰਦੇ ਸੀ ਕਿ ਜਾਂ ਤਾਂ ਬੀਰਬਲ ਉਹਨਾਂ ਦੇ ਕੋਲ ਹੋਵੇ ਜਾਂ ਉਹ ਬੀਰਬਲ ਦੇ ਕੋਲ ਜਾਣ। ਪਰ ਕੰਮ-ਧੰਦੇ ਵਿਚ ਉਲਝੇ ਹੋਣ ਦੇ ਕਾਰਨ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਸੀ। ਪਰ ਇਕ ਦਿਨ ਦਰਬਾਰ ਦਾ ਕੰਮ ਖ਼ਤਮ ਕਰ ਕੇ ਉਹ ਬੀਰਬਲ ਦੇ ਘਰ ਜਾ ਪਹੁੰਚੇ।
ਵਿਹੜੇ ਵਿਚ ਬੀਰਬਲ ਦੀ ਬੇਟੀ ਮਿਲੀ। ਅਕਬਰ ਨੇ ਸੋਚਿਆ ਕਿ ਬੀਰਬਲ ਤਾਂ ਚਤੁਰ ਹੈ, ਮਗਰ ਕੀ ਉਸ ਦੇ ਬੱਚੇ ਵੀ ਇੰਨੇ ਹੀ ਚਤੁਰ ਹਨ ? ਚਲੋ ਅੱਜ ਲੱਗੇ ਹੱਥ ਬੀਰਬਲ ਦੀ ਬੇਟੀ ਦੀ ਪਰੀਖਿਆ ਲੈਂਦੇ ਹਾਂ।
ਇਹੀ ਸੋਚ ਕੇ ਉਹਨਾਂ ਨੇ ਬੀਰਬਲ ਦੀ ਬੇਟੀ ਨੂੰ ਖ਼ਾਲਿਸ ਉਰਦੂ ਭਾਸ਼ਾ ਵਿਚ ਪੁੱਛਿਆ, “ਬੇਟੀ, ਤੁਹਾਡੇ ਅੱਬਾਜਾਨ ਘਰ ਵਿਚ ਹਨ ?
ਬੀਰਬਲ ਦੀ ਬੇਟੀ ਨੇ ਵੀ ਖ਼ਾਲਿਸ ਉਰਦੂ ਭਾਸ਼ਾ ਵਿਚ ਹੀ ਜਵਾਬ ਦਿੱਤਾ।
ਇਸ ਨਾਲ ਅਕਬਰ ਨੂੰ ਬੜੀ ਹੈਰਾਨੀ ਹੋਈ ਕਿ ਇਕ ਹਿੰਦੂ ਪਰਿਵਾਰ ਦੀ ਕੁੜੀ ਇੰਨੀ ਬੇਹਤਰ ਉਰਦੂ ਬੋਲ ਸਕਦੀ ਹੈ।
ਕਿਤੇ ਅਜਿਹਾ ਤਾਂ ਨਹੀਂ ਕਿ ਇਸ ਨੂੰ ਇਹੀ ਵਾਕ ਬੋਲਣਾ ਆਉਂਦਾ ਹੋਵੇ ? ਫਿਰ ਲੜਕੀ ਦੀ ਹੋਰ ਪਰੀਖਿਆ ਲੈਣ ਲਈ ਉਹਨਾਂ ਨੇ ਉਰਦੂ ਵਿਚ ਉਸ ਨੂੰ ਹੋਰ ਸਵਾਲ ਪੁੱਛੇ।
ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਲੜਕੀ ਨੇ ਬੜੇ ਹੀ ਸੋਹਣੇ ਢੰਗ ਨਾਲ ਉਰਦੂ ਵਿਚ ਦਿੱਤੇ।
ਅਕਬਰ ਨੂੰ ਵਿਸ਼ਵਾਸ ਹੋ ਗਿਆ ਕਿ ਵਾਸਤਵ ਵਿਚ ਬੇਟੀ ਵੀ ਆਪਣੇ ਬਾਪ ਦੀ ਤਰ੍ਹਾਂ ਚਤੁਰ ਹੈ।
ਅਕਬਰ ਨੇ ਸੋਚਿਆ ਕਿ ਇਸ ਲੜਕੀ ਦੀ ਬੁੱਧੀਮਾਨੀ ਦੀ ਵੀ ਪਰੀਖਿਆ ਲੈਣੀ ਚਾਹੀਦੀ ਹੈ। ਇਸ ਲਈ ਉਹਨਾਂ ਨੇ ਲੜਕੀ ਨੂੰ ਪੁੱਛਿਆ, “ਬੇਟੀ ! ਤੁਹਾਨੂੰ ਉਰਦੂ ਚੰਗੀ ਤਰ੍ਹਾਂ ਆਉਂਦੀ ਹੈ ??
ਲੜਕੀ ਨੇ ਉੱਤਰ ਦਿੱਤਾ, “ਹਾਂ, ਥੋੜ੍ਹੀ-ਬਹੁਤ ਆਉਂਦੀ ਹੈ। ਅਕਬਰ ਨੇ ਫਿਰ ਪੁੱਛਿਆ, “ਥੋੜ੍ਹੀ-ਬਹੁਤ ਦਾ ਕੀ ਮਤਲਬ ?
ਲੜਕੀ ਨੇ ਕਿਹਾ, “ਹਜ਼ੂਰ ! ਜਿਸ ਨੂੰ ਬਹੁਤ ਚੰਗੀ ਉਰਦੂ ਆਉਂਦੀ ਹੈ, ਉਸ ਦੀ ਤੁਲਨਾ ਵਿਚ ਥੋੜ੍ਹੀ ਆਉਂਦੀ ਹੈ ਅਤੇ ਜਿਸ ਨੂੰ ਘੱਟ ਆਉਂਦੀ ਹੈ, ਉਸ ਦੀ ਤੁਲਨਾ ਵਿਚ ਜ਼ਿਆਦਾ।
ਬੇਟੀ ਵਿਚ ਵੀ ਬੀਰਬਲ ਜਿੰਨੀ ਹੀ ਚਤੁਰਾਈ ਹੈ, ਇਹ ਦੇਖ ਕੇ ਅਕਬਰ ਬਾਦਸ਼ਾਹ ਬਹੁਤ ਖ਼ੁਸ਼ ਹੋਏ ।
ਉਹਨਾਂ ਨੇ ਖੁਸ਼ ਹੋ ਕੇ ਲੜਕੀ ਨੂੰ ਇਨਾਮ ਦਿੱਤਾ।
ਫਿਰ ਅਕਬਰ ਬੀਰਬਲ ਦਾ ਹਾਲ-ਚਾਲ ਪੁੱਛਣ ਲਈ ਘਰ ਦੇ ਅੰਦਰ ਚਲੇ ਗਏ। ਬੀਰਬਲ ਕੋਲ ਵੀ ਉਸ ਦੀ ਬੇਟੀ ਦੀ ਬਹੁਤ ਪ੍ਰਸੰਸਾ ਕੀਤੀ।
0 Comments