ਨਿਆਇ ਦਾ ਘੜਿਆਲ
Nyay da Ghadiyal
ਬਾਦਸ਼ਾਹ ਨੇ ਆਪਣੇ ਮਹੱਲ ਦੇ ਅੰਦਰ ਇਕ ਘੜਿਆਲ ਲਟਕਾ ਕੇ ਉਸ ਦੀ ਜ਼ੰਜੀਰ ਬਾਹਰ ਚੌਕ ਵਿਚ ਇਕ ਥੰਮ ਨਾਲ ਬੰਨ੍ਹ ਛੱਡੀ ਸੀ। ਦੁਖੀ ਅਤੇ ਮਜ਼ਲੂਮ ਲੋਕ ਸਵੇਰੇ ਸ਼ਾਮ ਉਸ ਜ਼ੰਜੀਰ ਨੂੰ ਖਿੱਚ ਕੇ ਘੜਿਆਲ ਖੜਕਾ ਦਿੰਦੇ ਸਨ ਤੇ ਬਾਦਸ਼ਾਹ ਫ਼ੌਰਨ ਉਹਨਾਂ ਨੂੰ ਆਪਣੇ ਪਾਸ ਬੁਲਾ ਕੇ ਦੁੱਖ ਨਵਿਰਤ ਕਰਦਾ ਸੀ।
ਇਕ ਦਿਨ ਦੁਪਹਿਰ ਵੇਲੇ ਬਾਦਸ਼ਾਹ ਬੜੀ ਮਿੱਠੀ ਤੇ ਸੁਖ ਦੀ ਨੀਂਦਰ ਸੁੱਤਾ ਪਿਆ ਸੀ ਤਾਂ ਅਚਨਚੇਤ ਉਹ ਘੜਿਆਲ ਖੜਕਣ ਲੱਗ ਪਿਆ। ਬਾਦਸ਼ਾਹ ਨੇ ਜਾਗ ਕੇ ਫ਼ਰਿਆਦੀ ਨੂੰ ਅੰਦਰ ਲਿਆਉਣ ਵਾਸਤੇ ਆਦਮੀ ਭੇਜਿਆ ਤਾਂ ਪਤਾ ਲੱਗਾ ਕਿ ਇਕ ਬੁੱਢਾ ਬਲਦ ਉਸ ਥੰਮ ਨਾਲ ਪਿੱਠ ਰਗੜ ਰਿਹਾ ਸੀ, ਜਿਸ ਕਰਕੇ ਰੱਸੀ ਖਿੱਚੀ ਜਾਣ ਨਾਲ ਘੜਿਆਲ ਖੜਕ ਪਿਆ। ਨੌਕਰ ਬਲਦ ਨੂੰ ਹਟਾ ਕੇ ਆ ਗਏ । ਥੋੜੇ ਚਿਰ ਪਿੱਛੋਂ ਫਿਰ ਬਲਦ ਨੇ ਆ ਘੜਿਆਲ ਖੜਕਾਇਆ। ਸਿਪਾਹੀਆਂ ਨੇ ਫਿਰ ਹਟਾ ਦਿੱਤਾ। ਜਦ ਤੀਜੀ ਵਾਰੀ ਫੇਰ ਘੜਿਆਲ ਖੜਕਿਆ ਤਾਂ ਬਾਦਸ਼ਾਹ ਨੇ ਬੇਚੈਨ ਹੋ ਕੇ ਕਿਹਾ, “ਭਾਵੇਂ ਘੜਿਆਲ ਖੜਕਾਉਣ ਵਾਲਾ ਕੋਈ ਜਾਨਵਰ ਹੀ ਹੋਵੇ, ਉਸ ਨੂੰ ਫ਼ੌਰਨ ਹਾਜ਼ਰ ਕਰੋ।”
ਚੋਬਦਾਰਾਂ ਨੇ ਬਲਦ ਨੂੰ ਲਿਆ ਪੇਸ਼ ਕੀਤਾ। ਬਾਦਸ਼ਾਹ ਨੇ ਬੀਰਬਲ ਨੂੰ ਕਿਹਾ, “ਇਸ ਬਲਦ ਦੀ ਫ਼ਰਿਆਦ ਸੁਣੋ ਤੇ ਨਿਆਇ ਕਰੋ।
ਬੀਰਬਲ ਥੋੜਾ ਚਿਰ ਬਲਦ ਦੀ ਪਿੱਠ 'ਤੇ ਹੱਥ ਫੇਰਦਾ ਰਿਹਾ ਤੇ ਫਿਰ ਕਹਿਣ ਲੱਗਾ, “ਸਵਾਮੀ! ਇਹ ਬਲਦ ਬੇਨਤੀ ਕਰਦਾ ਹੈ ਕਿ ਮੈਂ ਆਪਣੀ ਜਵਾਨੀ ਦੀ ਉਮਰ ਵਿਚ ਜਦ ਸਖ਼ਤ ਮਿਹਨਤ ਕਰਦਾ ਸੀ, ਉਸ ਵੇਲੇ ਤਾਂ ਮੇਰਾ ਮਾਲਕ ਵੀ ਮੇਰੀ ਪਾਲਣਾ ਕਰਦਾ ਸੀ, ਪਰ ਹੁਣ ਮੈਂ ਬੁੱਢਾ ਹੋ ਗਿਆ ਹਾਂ, ਹੁਣ ਮੇਰੇ ਪਾਸੋਂ ਮਿਹਨਤ ਨਹੀਂ ਹੁੰਦੀ। ਇਸ ਵਾਸਤੇ ਮਾਲਕ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ। ਮੇਰਾ ਨਿਆਉਂ ਕੀਤਾ ਜਾਵੇ।
ਬਾਦਸ਼ਾਹ ਨੇ ਕਿਹਾ, “ਬੇਸ਼ੱਕ ! ਇਸ ਦੀ ਪ੍ਰਾਰਥਨਾ ਮੁਨਾਸਬ ਹੈ। ਇਸ ਦੇ ਮਾਲਕ ਦੀ ਖੋਜ ਕਰੋ।
ਪਲੋ ਪਲੀ ਵਿਚ ਬਲਦ ਦਾ ਮਾਲਕ ਲੱਭ ਕੇ ਹਾਜ਼ਰ ਕੀਤਾ ਗਿਆ। ਬੀਰਬਲ ਨੇ ਕਿਹਾ, “ਸੇਠ ਜੀ! ਇਹ ਬਲਦ ਤੁਹਾਡਾ ਹੈ ਤੇ ਤੁਸੀਂ ਇਸ ਪਾਸੋਂ ਸਾਰੀ ਉਮਰ ਕਮਾਈ ਕਰਾ ਕੇ ਹੁਣ ਬਿਰਧ ਅਵਸਥਾ ਵਿਚ ਬਾਹਰ ਕੱਢ ਦਿੱਤਾ ਹੈ। ਇਸ ਨੇ ਬਾਦਸ਼ਾਹ ਦੇ ਹਜ਼ੂਰ ਫ਼ਰਿਆਦ ਕੀਤੀ ਹੈ। ਕੀ ਤੁਸੀਂ ਇਸੇ ਤਰ੍ਹਾਂ ਘਰ ਦੇ ਆਦਮੀਆਂ ਨੂੰ ਵੀ ਬਿਰਧ ਹੋਣ ਉੱਤੇ ਘਰੋਂ ਬਾਹਰ ਕੱਢ ਦਿੰਦੇ ਹੋ ? ਜੇ ਨਹੀਂ ਤਾਂ ਫਿਰ ਇਸ ਬੇਜ਼ੁਬਾਨ ਜਾਨਵਰ ਨਾਲ ਤੁਸੀਂ ਜ਼ੁਲਮ ਕਿਉਂ ਕੀਤਾ ਹੈ ? ਤੁਸੀਂ ਬੜੇ ਨਿਰਦਈ ਹੋ। ਅੱਛਾ, ਹੁਣ ਇਹ ਬਲਦ ਸਰਕਾਰੀ ਪਿੰਜਰਾ ਪੋਲ ਵਿਚ ਭੇਜਿਆ ਜਾਂਦਾ ਹੈ। ਤੁਹਾਨੂੰ ਇਸ ਦੀ ਪਾਲਣਾ ਵਾਸਤੇ ਪੰਜ ਸੌ ਰੁਪਏ ਦੇਣੇ ਪੈਣਗੇ।
ਮਾਲਕ ਨੇ ਬਥੇਰਾ ਚੀਕ-ਚਿਹਾੜਾ ਪਾਇਆ ਤੇ ਕਿਹਾ ਕਿ ਇਹ ਬਲਦ ਹੁਣ ਕਿੰਨੇ ਸਾਲ ਜੀਵੇਗਾ ? ਪੰਜ ਸੌ ਰੁਪਏ ਬਹੁਤੇ ਹਨ। ਪਰ ਬੀਰਬਲ ਨੇ ਇਕ ਨਾ ਮੰਨੀ। ਹੁਕਮ ਦਿੱਤਾ ਕਿ ਜੇ ਇਹ ਸੇਠ ਪੰਜ ਸੌ ਰੁਪਏ ਨਾ ਦੇਵੇ ਤਾਂ ਛੇ ਮਹੀਨੇ ਦੀ ਕੈਦ ਕੱਟੇ।
ਬਾਦਸ਼ਾਹ ਇਸ ਨਿਆਉਂ ’ਤੇ ਬਹੁਤ ਖ਼ੁਸ਼ ਹੋਇਆ।
0 Comments