ਨਿਸ਼ਾਨੇਬਾਜ਼ ਬੀਰਬਲ
Nishanebaaz Birbal
ਬਾਦਸ਼ਾਹ ਅਕਬਰ ਦੇ ਸਾਰੇ ਸਭਾ ਕਰਮਚਾਰੀ ਬੀਰਬਲ ਦੀਆਂ ਗੱਲਾਂ ਦੀਆਂ ਚੋਟਾਂ ਸਹਿੰਦੇ ਹੋਏ ਥੱਕ ਚੁੱਕੇ ਸਨ। ਇਸ ਲਈ ਉਹਨਾਂ ਨੇ ਬੀਰਬਲ 'ਤੇ ਚੋਟ ਕਰਦੇ ਹੋਏ ਕਿਹਾ, “ਬੀਰਬਲ ! ਸਿਰਫ਼ ਗੱਲਾਂ ਦੇ ਤੀਰ-ਅੰਦਾਜ਼ ਨਾ ਬਣੋ। ਅਗਰ ਸੱਚਮੁੱਚ ਦਾ ਤੀਰ ਚਲਾਉਣਾ ਪਵੇ ਤਾਂ ਨਾਨੀ-ਦਾਦੀ ਯਾਦ ਆ ਜਾਵੇਗੀ।
“ਮੈਂ ਸੱਚਮੁੱਚ ਦਾ ਵੀ ਤੀਰ-ਅੰਦਾਜ਼ ਹਾਂ ਜਹਾਂ ਪਨਾਹ । ਬੀਰਬਲ ਨੇ ਕਿਹਾ, “ਬੀਰਬਲ ਦਾ ਨਿਸ਼ਾਨਾ ਗ਼ਲਤ ਹੋ ਜਾਵੇ ਤਾਂ ਜੋ ਚੋਰ ਦੀ ਸਜ਼ਾ, ਉਹ ਮੇਰੀ।
ਦਰਬਾਰੀਆਂ ਨੂੰ ਲੱਗਾ ਕਿ ਬੀਰਬਲ ਆਪਣੀਆਂ ਗੱਲਾਂ ਦੇ ਜਾਲ ਵਿਚ ਖ਼ੁਦ ਫਸ ਗਏ ਹਨ। ਉਹਨਾਂ ਨੇ ਬਾਦਸ਼ਾਹ ’ਤੇ ਜ਼ੋਰ ਪਾਇਆ ਕਿ ਇਸ ਸਮੇਂ ਬੀਰਬਲ ਦੀ ਤੀਰ-ਅੰਦਾਜ਼ੀ ਦੀ ਪਰੀਖਿਆ ਲਈ ਜਾਵੇ। ਸਾਰੇ ਮੈਦਾਨ ਵਿਚ ਪਹੁੰਚੇ। ਬੀਰਬਲ ਦੇ ਹੱਥ ਵਿਚ ਕਮਾਨ ਅਤੇ ਤੀਰ ਫੜਾਏ ਗਏ । ਕੁਝ ਹੀ ਦੂਰੀ 'ਤੇ ਸਥਿਤ ਦਰੱਖ਼ਤ ਨੂੰ ਨਿਸ਼ਾਨਾ ਬਣਾ ਕੇ ਤੀਰ ਚਲਾਉਣ ਲਈ ਕਿਹਾ ਗਿਆ।
ਉਹਨਾਂ ਦਾ ਖ਼ਿਆਲ ਸੀ ਕਿ ਬੁੱਧੀ ਦਾ ਤੀਰ ਚਲਾਉਣ ਵਾਲਾ ਸੱਚਮੁੱਚ ਦੇ ਤੀਰ ਨਾਲ ਨਿਸ਼ਾਨਾ ਲਗਾਉਣਾ ਕੀ ਜਾਣੇ ?
ਬੀਰਬਲ ਨੇ ਪਹਿਲਾ ਤੀਰ ਛੱਡਿਆ। ਤੀਰ ਨਿਸ਼ਾਨੇ 'ਤੇ ਨਾ ਲੱਗ ਤੇ ਅੱਗੇ ਨਿਕਲ ਗਿਆ। ਬੀਰਬਲ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਨਿਸ਼ਾਨਾ ਖ਼ਾਲੀ ਜਾਵੇਗਾ। ਮਗਰ ਆਪਣੀ ਇਸ ਅਸਫਲਤਾ ਨੂੰ ਵੀ ਉਹ ਸਵੀਕਾਰ ਕਰ ਕੇ ਦੂਸਰੇ ਦੇ ਸਿਰ ਮੜਨਾ ਚਾਹੁੰਦੇ ਸਨ। ਬੀਰਬਲ ਨੇ ਝੱਟ ਚੀਕ ਕੇ ਕਿਹਾ, “ਇਹ ਰਹੀ ਮੁੱਲਾਂ ਦੋ ਪਿਆਜ਼ਾ ਦੀ ਤੀਰ-ਅੰਦਾਜ਼ੀ।
ਮੁੱਲਾਂ ਝੇਂਪ ਗਏ । ਬਾਕੀ ਦਰਬਾਰੀ ਠਹਾਕਾ ਲਗਾ ਕੇ ਹੱਸ ਪਏ।
ਉਹਨਾਂ ਨੇ ਦੁਸਰਾ ਤੀਰ ਕੱਢ ਕੇ ਕਮਾਨ 'ਤੇ ਚੜ੍ਹਾਇਆ, ਪਰ ਉਹ ਤੀਰ ਵੀ ਨਿਸ਼ਾਨੇ ਨੂੰ ਪਾਰ ਕਰ ਗਿਆ। ਬੀਰਬਲ ਹੁਣ ਵੀ ਭਲਾ ਕਿਤੇ ਝੁਕਣ ਵਾਲੇ ਸੀ, ਬੁਲੰਦ ਆਵਾਜ਼ ਵਿਚ ਬੋਲੇ, “ਇਹ ਰਹੀ ਰਾਜਾ ਟੋਡਰ ਮੱਲ ਦੀ ਤੀਰ-ਅੰਦਾਜ਼ੀ।
ਰਾਜਾ ਟੋਡਰ ਮੱਲ ਵੀ ਮੁਸਕਰਾ ਕੇ ਮੂੰਹ ਛਿਪਾ ਬੈਠੇ। ਇਕ ਵਾਰ ਫਿਰ ਦਰਬਾਰੀਆਂ ਦਾ ਠਹਾਕਾ ਗੂੰਜਿਆ।
ਬੀਰਬਲ ਨੇ ਤੀਸਰਾ ਤੀਰ ਕਮਾਨ ’ਤੇ ਚੜਾਇਆ। ਸੰਜੋਗ ਨਾਲ ਉਹ ਤੀਰ ਠੀਕ ਨਿਸ਼ਾਨੇ 'ਤੇ ਜਾ ਲੱਗਿਆ। ਇਸ ’ਤੇ ਬੀਰਬਲ ਨੇ ਬੜੇ ਰੋਹਬ ਨਾਲ ਕਿਹਾ, “ਅਤੇ ਇਹ ਰਹੀ ਬੀਰਬਲ ਦੀ ਤੀਰ-ਅੰਦਾਜ਼ੀ।
“ਵਾਕਿਆ ਈ ..., ਅਕਬਰ ਹੱਸ ਕੇ ਬੋਲੇ, “ਆਪਣੀ ਤੀਰ-ਅੰਦਾਜ਼ੀ ਦੇ ਨਾਲ-ਨਾਲ ਗੱਲਾਂ ਦੀ ਵੀ ਤੀਰ-ਅੰਦਾਜ਼ੀ ਛੱਡੀ।
ਇਸ ਪ੍ਰਕਾਰ ਬੀਰਬਲ ਦੀਆਂ ਬੁਰਾਈਆਂ ਕਰਨ ਵਾਲਿਆਂ ਨੂੰ ਇਕ ਵਾਰ ਫਿਰ ਮੂੰਹ ਦੀ ਖਾਣੀ ਪਈ।

0 Comments