ਕਿੰਨੇ ਇਮਾਨਦਾਰ
Kine Imandaar
ਇਕ ਵਾਰ ਬਾਦਸ਼ਾਹ ਅਕਬਰ ਨੇ ਪੁੱਛਿਆ, “ਬੀਰਬਲ! ਸਾਡੀ ਰਾਜਧਾਨੀ ਵਿਚ ਕਿੰਨੇ ਇਮਾਨਦਾਰ ਹਨ। ਇਮਾਨਦਾਰ ਜ਼ਿਆਦਾ ਹਨ ਜਾਂ ਬੇਈਮਾਨ ?
“ਜਹਾਂ ਪਨਾਹ ! ਬੇਈਮਾਨ ਜ਼ਿਆਦਾ ਹਨ।’’ ਬੀਰਬਲ ਨੇ ਕਿਹਾ। “ਸਿੱਧ ਕਰ ਸਕਦੇ ਹੋ ???
ਬਿਲਕੁਲ! “ਠੀਕ ਹੈ, ਸਿੱਧ ਕਰੋ।”
ਦੂਸਰੇ ਦਿਨ ਬੀਰਬਲ ਨੇ ਮਹੱਲ ਦਾ ਹੌਜ ਖ਼ਾਲੀ ਕਰਵਾ ਦਿੱਤਾ ਅਤੇ ਨਗਰ ਵਿਚ ਢੰਡੋਰਾ ਪਿਟਵਾ ਦਿੱਤਾ ਕਿ ਅੱਜ ਰਾਤ ਨੂੰ ਨਗਰ ਦਾ ਹਰ ਆਦਮੀ ਬਾਦਸ਼ਾਹ ਦੇ ਮਹੱਲ ਦੇ ਹੌਜ ਵਿਚ ਇਕ-ਇਕ ਘੜਾ ਦੁੱਧ ਪਾਵੇ।
ਸਵੇਰ ਹੁੰਦੇ ਹੀ ਬੀਰਬਲ ਅਕਬਰ ਨੂੰ ਲੈ ਕੇ ਹੌਜ ਦੇ ਕੋਲ ਗਏ। ਹੌਜ ਨੂੰ ਦੇਖਦੇ ਹੀ ਬਾਦਸ਼ਾਹ ਅਕਬਰ ਦੀ ਅੱਖਾਂ ਖੁੱਲੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਉਹ ਜ਼ੋਰ ਨਾਲ ਚੀਕੇ, “ਇਹ ਕੀ ਹੈ ? ਹੌਜ ਵਿਚ ਦੁੱਧ ਦੇ ਬਦਲੇ ਪਾਣੀ। ਮੇਰੇ ਹੁਕਮ ਦਾ ਅਜਿਹਾ ਅਨਾਦਰ ।
ਬਾਦਸ਼ਾਹ ਅਕਬਰ ਗੁੱਸੇ ਨਾਲ ਲਾਲ-ਪੀਲੇ ਹੋ ਗਏ। ਬੋਲੇ, ਇਹ ਕਿਵੇਂ ਹੋ ਸਕਦਾ ਹੈ ? ਬੀਰਬਲ ! ਢੰਡੋਰਾ ਪਿਟਵਾਉਣ ਵਿਚ ਜ਼ਰੂਰ ਕੋਈ ਭੁੱਲ ਹੋਈ ਹੋਵੇਗੀ। ਲੋਕਾਂ ਦੇ ਸਮਝਣ ਵਿਚ ਕੋਈ ਭੁੱਲ ਹੋਈ ਹੋਵੇਗੀ। ਲੋਕ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਨਾ ਕਰਨ, ਅਜਿਹਾ ਹੋ ਹੀ ਨਹੀਂ ਸਕਦਾ।”
ਬੀਰਬਲ ਨੇ ਸ਼ਾਂਤੀਪੂਰਵਕ ਅਕਬਰ ਨੂੰ ਕਿਹਾ, “ਹਜ਼ੂਰ, ਜਿਵੇਂ ਤੁਸੀਂ ਸੋਚਦੇ ਹੋ, ਅਜਿਹਾ ਕੁਝ ਨਹੀਂ ਹੋਇਆ। ਸੱਚੀ ਗੱਲ ਤਾਂ ਇਹ ਹੈ ਕਿ ਸਾਰਿਆਂ ਨੇ ਜਾਣ-ਬੁੱਝ ਕੇ ਹੌਜ ਵਿਚ ਦੁੱਧ ਦੇ ਬਦਲੇ ਪਾਣੀ ਪਾਇਆ ਹੈ।
ਅਕਬਰ ਨੇ ਕਿਹਾ, “ਮੈਂ ਕਿਵੇਂ ਮੰਨ ਲਵਾਂ ਕਿ ਜਿਵੇਂ ਤੁਸੀਂ ਕਹਿ ਰਹੇ ਹੋ, ਇਵੇਂ ਹੀ ਹੋਇਆ ਹੋਵੇਗਾ।”
“ਹਜ਼ੂਰ ! ਮੇਰੇ ਨਾਲ ਚੱਲੋ, ਹੁਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ ।
ਦੋਵੇਂ ਭੇਸ ਬਦਲ ਕੇ ਬਾਹਰ ਨਿਕਲੇ। ਚੱਲਦੇ-ਚੱਲਦੇ ਉਹ ਇਕ ਸੇਠ ਦੀ ਹਵੇਲੀ ਤੇ ਪਹੁੰਚੇ।
ਸੇਠ ਨੇ ਪੁੱਛਿਆ, “ਕੌਣ ਹੋ ਤੁਸੀਂ ???
ਬੀਰਬਲ ਨੇ ਕਿਹਾ, “ਰਾਹਗੀਰ ਹਾਂ ਭਰਾ । ਥੋੜੀ ਦੇਰ ਰੁਕ ਕੇ ਅੱਗੇ ਚਲੇ ਜਾਵਾਂਗੇ ।
ਸੇਠ ਨੇ ਕਿਹਾ, “ਆਉ , ਅੰਦਰ ਆ ਜਾਓ।
ਦੋਨੋਂ ਅੰਦਰ ਗਏ। ਪਾਣੀ ਪੀਤਾ, ਫਿਰ ਆਰਾਮ ਨਾਲ ਬੈਠ ਗਏ । ਬੀਰਬਲ ਨੇ ਕਿਹਾ, “ਸੇਠ ਜੀ ! ਤੁਹਾਡੇ ਬਾਦਸ਼ਾਹ ਨੇ ਆਪਣੇ ਹੌਜ ਵਿਚ ਲੋਕਾਂ ਨੂੰ ਇਕ-ਇਕ ਘੜਾ ਦੁੱਧ ਦਾ ਪਾਉਣ ਦਾ ਹੁਕਮ ਦਿੱਤਾ ਸੀ, ਕੀ ਇਹ ਗੱਲ ਸੱਚ ਹੈ ?
ਸੇਠ ਨੇ ਕਿਹਾ, “ਹਾਂ, ਸੱਚ ਹੈ।
ਬੀਰਬਲ ਨੇ ਕਿਹਾ, “ਕਿਸੇ ਨੂੰ ਅਜਿਹੀ ਗੱਲ ਪਸੰਦ ਨਹੀਂ ਆਉਂਦੀ, ਲੇਕਿਨ ਵਿਚਾਰੇ ਕੀ ਕਰਦੇ ? ਬਾਦਸ਼ਾਹ ਦਾ ਹੁਕਮ ਸੀ, ਇਸ ਲਈ.....?”
ਸੇਠ ਨੇ ਕਿਹਾ, “ਹੁਕਮ ਦੇਣ ਵਾਲਾ ਤਾਂ ਹੁਕਮ ਦਿੰਦਾ ਹੈ, ਪਰ ਮਨੁੱਖ ਵਿਚ ਬੁੱਧੀ ਹੁੰਦੀ ਹੈ ਨਾ ???
ਬੀਰਬਲ ਨੇ ਕਿਹਾ, “ਮਤਲਬ ?
ਸੇਠ ਨੇ ਦੱਸਿਆ, “ਦੇਖੋ, ਕਿਸੇ ਨੂੰ ਕੀ ਕਹਿਣਾ। ਮੈਂ ਤਾਂ ਹੌਜ ਵਿਚ ਦੁੱਧ ਦੀ ਬਜਾਏ ਇਕ ਘੜਾ ਪਾਣੀ ਹੀ ਪਵਾ ਦਿੱਤਾ ਸੀ। ਰਾਤ ਦੇ ਹਨੇਰੇ ਵਿਚ ਕੌਣ ਦੇਖਦਾ ਹੈ ਕਿ ਘੜੇ ਦੇ ਅੰਦਰ ਕੀ ਹੈ। ਫਿਰ ਨਗਰ ਦੇ ਸਾਰੇ ਲੋਕ ਤਾਂ ਦੁੱਧ ਪਾਉਣ ਹੀ ਵਾਲੇ ਸਨ। ਉਸ ਵਿਚ ਮੈਂ ਇਕ ਘੜਾ ਪਾਣੀ ਪਾ ਦਿੱਤਾ ਤਾਂ ਕੀ ਫ਼ਰਕ ਪੈਂਦਾ ਹੈ ?
ਅਕਬਰ ਅਤੇ ਬੀਰਬਲ ਸੋਠ ਦੀ ਇਜ਼ਾਜਤ ਲੈ ਕੇ ਰਵਾਨਾ ਹੋਏ ।
ਇਸ ਤਰ੍ਹਾਂ ਉਹ ਚਾਰ-ਪੰਜ ਜਗਾ ਤੇ ਗਏ । ਸਾਰਿਆਂ ਕੋਲੋਂ ਇਕ ਹੀ ਗੱਲ ਸੁਣਨ ਨੂੰ ਮਿਲੀ ਕਿ ਹੌਜ ਵਿਚ ਸਾਰੇ ਲੋਕ ਦੁੱਧ ਪਾਉਣ ਵਾਲੇ ਸੀ, ਪਰ ਹਨੇਰੇ ਵਿਚ ਕੌਣ ਦੇਖਦਾ ਹੈ ਕਿ ਘੜੇ ਵਿਚ ਦੁੱਧ ਹੈ ਜਾਂ ਪਾਣੀ। ਇਹ ਸੋਚ ਕੇ ਹਰ ਕਿਸੇ ਨੇ ਹੌਜ ਵਿਚ ਦੁੱਧ ਦੀ ਬਜਾਏ ਪਾਣੀ ਹੀ ਪਾਇਆ ਸੀ।
ਬੀਰਬਲ ਨੇ ਕਿਹਾ, “ਹਜ਼ੂਰ ! ਅਜੇ ਕੋਈ ਹੋਰ ਪਤਾ ਲਗਾਉਣ ਜਾਣਾ ਹੈ ਜਾਂ ਕੀ....???
ਅਕਬਰ ਨੇ ਕਿਹਾ, “ਨਹੀਂ, ਨਹੀਂ, ਇੰਨਾ ਹੀ ਬਹੁਤ ਹੈ। ਤੁਸੀਂ ਸੱਚ ਕਹਿੰਦੇ ਹੋ, ਸਾਰੇ ਬੇਈਮਾਨ ਗ਼ਲਤ ਕੰਮ ਵਿਚ ਇਕ ਹੋ ਜਾਂਦੇ ਹਨ ਅਤੇ ਖ਼ਾਸ ਤੌਰ 'ਤੇ ਸਵਾਰਥ ਸਾਧਣ ਵਿਚ।

0 Comments