ਲਾਲਾ ਅਤੇ ਬਾਹਮਣ
Lala ate Brahman
ਇਕ ਦਿਨ ਬਾਦਸ਼ਾਹ ਨੇ ਕਿਹਾ, “ਬੀਰਬਲ ! ਇਹ ਲਾਲੇ ਲੋਕ ਸਿਆਣੇ ਤੇ ਧਨਵਾਨ ਬੜੇ ਹੁੰਦੇ ਹਨ, ਪਰ ਉੱਤੋਂ ਕੰਗਾਲ ਕਿਉਂ ਬਣੇ ਰਹਿੰਦੇ ਹਨ ??? .
ਬੀਰਬਲ ਨੇ ਕਿਹਾ, “ਇਹਨਾਂ ਨੂੰ ਦੇਵੀ ਦਾ ਸਰਾਪ ਹੈ। ਬਾਦਸ਼ਾਹ ਨੇ ਪੁੱਛਿਆ, “ਕਿਸ ਤਰਾਂ ??
ਬੀਰਬਲ ਕਹਿਣ ਲੱਗਾ, “ਇਕ ਵਾਰੀ ਇਕ ਗ਼ਰੀਬ ਬਾਹਮਣ ਨੇ ਦੇਵੀ ਦੀ ਬੜੀ ਭਗਤੀ ਕੀਤੀ। ਦੇਵੀ ਨੇ ਪ੍ਰਗਟ ਹੋ ਕੇ ਉਸ ਨੂੰ ਕਿਹਾ। ਕਿ ਜੋ ਤੇਰਾ ਜੀਅ ਕਰੋ ਇਕ ਵਰ ਮੰਗ ਲੈ। ਉਹ ਕਹਿਣ ਲੱਗਾ ਕਿ ਮਾਤਾ। ਮੇਰੇ ਘਰ ਵਿਚ ਮੇਰੀ ਮਾਂ ਤੇ ਵਹੁਟੀ ਹਨ, ਉਹਨਾਂ ਪਾਸੋਂ ਸਲਾਹ ਪੁੱਛ ਆਵਾਂ। ਦੇਵੀ ਨੇ ਕਿਹਾ ਕਿ ਜਾਹ, ਜਾ ਕੇ ਪੁੱਛ ਆ। ਘਰ ਜਾ ਕੇ ਸਲਾਹ ਪੁੱਛੀ ਤਾਂ ਵਹੁਟੀ ਕਹਿਣ ਲੱਗੀ ਕਿ ਪੁੱਤਰ ਮੰਗ ਲਉ। ਅੰਨੀ ਮਾਂ ਕਹਿਣ ਲੱਗੀ ਕਿ ਦੇਵੀ ਵਾਲੋਂ ਮੇਰੇ ਵਾਸਤੇ ਅੱਖਾਂ ਮੰਗ। ਬ੍ਰਾਹਮਣ ਦੀ ਮਰਜ਼ੀ ਧਨ ਮੰਗਣ ਦੀ ਸੀ। ਤਿੰਨਾਂ ਦੀ ਸਲਾਹ ਵੱਖੋ-ਵੱਖ ਸੀ ਪਰ ਦੇਵੀ ਨੇ ਇਕੋ ਚੀਜ਼ ਦੇਣੀ ਸੀ। ਇਸ ਵਾਸਤੇ ਉਹ ਬੜਾ ਉਦਾਸ ਹੋਇਆ। ਬਥੇਰਾ ਯਤਨ ਕੀਤਾ ਪਰ ਤਿੰਨਾਂ ਦੀ ਸਲਾਹ ਇਕ ਨਾ ਬਣੀ। ਆਖ਼ਰ ਉਹ ਇਹ ਸੋਚ ਕੇ ਕਿ ਮੈਂ ਦੇਵੀ ਪਾਸ ਜਾ ਕੇ ਵਰ ਲੈਣ ਤੋਂ ਇਨਕਾਰ ਹੀ ਕਰ ਦੇਵਾਂਗਾ। ਉਹ ਰੋਂਦਾ-ਰੋਂਦਾ ਜਾ ਰਿਹਾ ਸੀ ਕਿ ਰਸਤੇ ਵਿਚ ਇਕ ਲਾਲੇ ਨੇ ਰੋਣ ਦਾ ਕਾਰਨ ਪੁੱਛਿਆ। ਬਾਹਮਣ ਨੇ ਠੀਕ-ਠੀਕ ਦੱਸ ਦਿੱਤਾ। ਲਾਲਾ ਹੱਸ ਕੇ ਕਹਿਣ ਲੱਗਾ ਕਿ ਇਹ ਕਿਹੜੀ ਵੱਡੀ ਗੱਲ ਹੈ, ਤੂੰ ਦੇਵੀ ਪਾਸੋਂ ਇਹ ਵਰ ਮੰਗ ਕਿ ਮੇਰੀ ਮਾਂ ਆਪਣੇ ਪੋਤਰੇ ਨੂੰ ਸੋਨੇ ਦੇ ਭਾਂਡਿਆਂ ਵਿਚ ਰੋਟੀ ਖਾਂਦਿਆਂ ਵੇਖੋ। ਬਾਹਮਣ ਨੇ ਖ਼ੁਸ਼ ਹੋ ਕੇ ਉਸਨੂੰ ਆਸ਼ੀਰਵਾਦ ਦਿੱਤੀ ਅਤੇ ਆਪ ਦੇਵੀ ਪਾਸੋਂ ਇਹੋ ਵਰ ਜਾ ਮੰਗਿਆ। ਦੇਵੀ ਨੇ ਵਰ ਤਾਂ ਦੇ ਦਿੱਤਾ ਪਰ ਪੁੱਛਣ ਲੱਗੀ ਕਿ ਇਹ ਯੁਕਤੀ ਤੈਨੂੰ ਕਿਸ ਨੇ ਦੱਸੀ ਹੈ ? ਭੋਲੇ ਬਾਹਮਣ ਨੇ ਸਭ ਕੁਝ ਦਸ ਦਿੱਤਾ। ਦੇਵੀ ਨੇ ਸਰਾਪ ਦਿੱਤਾ ਕਿ ਇਹ ਲਾਲੇ ਲੋਕ ਧਨਵਾਨ ਹੁੰਦੇ ਹੋਏ ਵੀ ਕੰਗਾਲ ਨਜ਼ਰ ਆਇਆ ਕਰਨਗੇ। ਉਸੇ ਦਿਨ ਤੋਂ ਇਹਨਾਂ ਦਾ ਇਹ ਹਾਲ ਹੈ।”
0 Comments