Akbar-Birbal Story "Kanjoos de naal Chalaki", "ਕੰਜੂਸ ਦੇ ਨਾਲ ਚਲਾਕੀ" Punjabi Story for Students of Class 5, 6, 7, 8, 9, 10 in Punjabi Language.

ਕੰਜੂਸ ਦੇ ਨਾਲ ਚਲਾਕੀ 
Kanjoos de naal Chalaki



ਅਕਬਰ ਬਾਦਸ਼ਾਹ ਦੇ ਰਾਜ ਵਿਚ ਦਿੱਲੀ ਸ਼ਹਿਰ ਵਿਚ ਇਕ ਬੜਾ ਹੀ ਕੰਜੂਸ ਰਹਿੰਦਾ ਸੀ। ਕਾਫ਼ੀ ਮਿਹਨਤ ਕਰਨ ਦੇ ਬਾਅਦ ਵੀ ਉਹ ਬਹੁਤ ਘੱਟ ਭੋਜਨ ਕਰਦਾ ਸੀ ਅਤੇ ਧਨ ਨੂੰ ਜਮਾਂ ਕਰਦਾ ਰਹਿੰਦਾ ਸੀ। ਇਸ ਤਰ੍ਹਾਂ ਉਸ ਦੇ ਕੋਲ ਬਹੁਤ ਸਾਰੇ ਗਹਿਣੇ ਇਕੱਠੇ ਹੋ ਗਏ ਸਨ। ਉਸ ਦਾ ਰਹਿਣ-ਸਹਿਣ ਅਜਿਹਾ ਸੀ ਕਿ ਲੋਕਾਂ ਨੂੰ ਅਜਿਹਾ ਵਿਸ਼ਵਾਸ ਹੀ ਨਹੀ ਹੁੰਦਾ ਸੀ ਕਿ ਉਸ ਦੇ ਕੋਲ ਫੁੱਟੀ ਕੌਡੀ ਵੀ ਹੋਵੇਗੀ। ਉਸ ਦਾ ਘਰ ਘਾਹ-ਫੂਸ ਦੀ ਝੋਂਪੜੀ ਮਾਤਰ ਸੀ। ਜਿਸ ਵਿਚ ਇਕ ਟੁੱਟੀ-ਫੁੱਟੀ ਸੰਦੂਕੜੀ ਬਾਬਾ ਆਦਮ ਦੇ ਜ਼ਮਾਨੇ ਦੀ ਸੀ। ਉਸ ਵਿਚ ਉਹ ਆਪਣੇ ਗਹਿਣਿਆਂ ਨੂੰ ਲੁਕਾ ਕੇ ਰੱਖਦਾ ਸੀ।

ਇਕ ਦਿਨ ਅਚਾਨਕ ਉਸ ਘਾਹ-ਫੂਸ ਦੀ ਝੌਪੜੀ ਨੂੰ ਅੱਗ ਲੱਗ ਗਈ। ਇਹ ਦੇਖ ਕੇ ਕੰਜੂਸ ਦੁਹੱਥੜਾਂ ਮਾਰ-ਮਾਰ ਕੇ ਰੋਣ ਲੱਗਾ। ਉਸ ਦਾ ਸ਼ੋਰ ਸੁਣ ਕੇ ਉਸ ਦੇ ਗੁਆਂਢ ਦੇ ਲੋਕ ਇਕੱਠੇ ਹੋ ਗਏ ਅਤੇ ਅੱਗ ਬੁਝਾਉਣ ਵਿਚ ਮਦਦ ਕਰਨ ਲੱਗੇ। ਪਰ ਅੱਗ ਬੁਝਣ ਦੀ ਬਜਾਏ ਹੋਰ ਤੇਜ਼ ਰੂਪ ਧਾਰਨ ਕਰਦੀ ਗਈ। ਅੱਗ ਦੀਆਂ ਲਪਟਾਂ ਨੂੰ ਦੇਖ ਕੇ ਕੰਜੂਸ ਨੇ ਹੋਰ ਜ਼ੋਰ ਨਾਲ ਚੀਕਣਾ-ਚਿਲਾਉਣਾ ਤੇ ਰੋਣਾ ਸ਼ੁਰੂ ਕਰ ਦਿੱਤਾ। ਤਦ ਕੋਲ ਖੜਾ ਇਕ ਸੁਨਿਆਰਾ ਉਸ ਨੂੰ ਡਾਂਟ ਕੇ ਬੋਲਿਆ, “ਇਹ ਘਾਹ-ਫੂਸ ਦੀ ਝੌਪੜੀ ਸੜਨ 'ਤੇ ਇੰਨਾ ਸ਼ੋਰ ਕਿਉਂ ਮਚਾ ਰਹੇ ਹੋ ?

“ਭਰਾ, ਤੁਸੀਂ ਤਾਂ ਝੌਪੜੀ ਸੜਦੀ ਦੇਖ ਰਹੇ ਹੋ, ਲੇਕਿਨ ਮੈਂ ਆਪਣੇ ਗਹਿਣਿਆਂ ਨੂੰ ਸੜਦਾ ਦੇਖ ਰਿਹਾ ਹਾ। ਕੰਜੂਸ ਆਪਣੀ ਛਾਤੀ ਪਿੱਟਦੇ ਹੋਏ ਬੋਲਿਆ।

ਇਹ ਸੁਣ ਕੇ ਸੁਨਿਆਰਾ ਬੋਲਿਆ, “ਗਹਿਣੇ ! ਕਿਥੇ ਹਨ ??

ਕੰਜੂਸ ਨੇ ਉਂਗਲ ਦੇ ਇਸ਼ਾਰੇ ਨਾਲ ਉਸ ਨੂੰ ਜਗਾ ਦੱਸ ਦਿੱਤੀ, ਜਿਥੇ ਉਹ ਸੰਦੂਕੜੀ ਰੱਖੀ ਹੋਈ ਸੀ। ਸੁਨਿਆਰੇ ਦੇ ਮਨ ਵਿਚ ਲਾਲਚ ਆ ਗਿਆ। ਉਹ ਕੰਜੂਸ ਨੂੰ ਬੋਲਿਆ, “ਜੇਕਰ ਮੈਂ ਗਹਿਣਿਆਂ ਨੂੰ ਬਾਹਰ ਕੱਢ ਲਿਆਵਾਂ ਤਾਂ ਉਸ ਵਿਚੋਂ ਜੋ ਮੈਂ ਚਾਹਵਾਂਗਾ ਤੈਨੂੰ ਦੇ ਕੇ ਬਾਕੀ ਮੈਂ ਖ਼ੁਦ ਰੱਖ ਲਵਾਂਗਾ।

ਲਾਚਾਰ ਹੋ ਕੇ ਕੰਜੂਸ ਨੇ ਸੁਨਿਆਰੇ ਨੂੰ ਆਗਿਆ ਦੇ ਦਿੱਤੀ। 

ਸੁਨਿਆਰਾ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਲਾਲਚਵੱਸ ਬਲਦੀ ਹੋਈ ਅੱਗ ਵਿਚ ਕੁੱਦ ਪਿਆ ਅਤੇ ਸੰਦੂਕੜੀ ਬਾਹਰ ਕੱਢ ਲਿਆਇਆ। ਜਦ ਅੱਗ ਬੁਝ ਗਈ ਤਾਂ ਸੁਨਿਆਰੇ ਨੇ ਕੰਜੂਸ ਨੂੰ ਖ਼ਾਲੀ ਸੰਦੂਕੜੀ ਦੇ ਕੇ ਸਾਰੇ ਗਹਿਣੇ ਖ਼ੁਦ ਲੈ ਲਏ । ਇਸ ਪ੍ਰਕਾਰ ਦੇ ਵਿਹਾਰ ਦਾ ਕੰਜੂਸ ਨੇ ਵਿਰੋਧ ਕੀਤਾ ਤਾਂ ਸੁਨਿਆਰਾ ਬੋਲਿਆ, “ਤੁਸੀਂ ਤਾਂ ਪਹਿਲਾਂ ਹੀ ਮਨਜ਼ੂਰ ਕਰ ਲਿਆ ਸੀ ਕਿ ਮੈਂ ਜੋ ਕੁਝ ਚਾਹਾਂਗਾ, ਉਹੀ ਤੁਹਾਨੂੰ ਦੇਵਾਂਗਾ।”

“ਭਰਾ, ਤੁਸੀਂ ਆਪਣੀ ਜਾਨ ਤੇ ਖੇਡ ਕੇ ਮੇਰੇ `ਤੇ ਅਜਿਹਾ ਉਪਕਾਰ ਕੀਤਾ ਹੈ। ਇਸ ਲਈ ਤੁਸੀਂ ਅੱਧਾ ਮਾਲ ਲੈ ਲਉ , ਬਾਕੀ ਅੱਧਾ ਮੈਨੂੰ ਮਨਜ਼ੂਰ ਹੈ। ਕੰਜੂਸ ਨੇ ਹੱਥ ਜੋੜ ਕੇ ਕਿਹਾ।

ਸੁਨਿਆਰਾ ਤੇਜ਼ ਹੋ ਕੇ ਬੋਲਿਆ, “ਮੇਰੇ ਤੇਰੇ ਵਿਚ ਤਾਂ ਪਹਿਲਾਂ ਹੀ ਇਹ ਸ਼ਰਤ ਹੋ ਚੁੱਕੀ ਸੀ ਕਿ ਜੋ ਮੈਂ ਚਾਹਵਾਂਗਾ, ਤੈਨੂੰ ਦੇ ਦੇਵਾਂਗਾ। ਹੁਣ ਜ਼ਿਆਦਾ ਲਾਲਚ ਕਰਨ ਤੇ ਕੰਮ ਨਹੀਂ ਚੱਲੇਗਾ।

ਸੁਨਿਆਰੇ ਅਤੇ ਕੰਜੂਸ ਦੀ ਬਹਿਸ ਵਧਦੀ ਹੀ ਚਲੀ ਗਈ। ਕੰਜੂਸ ਨੇ ਅੱਧੇ ਗਹਿਣੇ ਲੈਣ ਦੀ ਬਹੁਤ ਕੋਸ਼ਿਸ਼ ਕੀਤੀ ਕਿੰਤੂ ਅਸਫਲ ਰਿਹਾ । ਅੰਤ ਵਿਚ ਉਸ ਨੇ ਬਾਦਸ਼ਾਹ ਦੇ ਅੱਗੇ ਮਾਮਲਾ ਰੱਖਿਆ । ਬਾਦਸ਼ਾਹ ਨੇ ਮਾਮਲਾ ਪੇਚੀਦਾ ਸਮਝ ਕੇ ਬੀਰਬਲ ਨੂੰ ਸੌਂਪ ਦਿੱਤਾ।

ਬੀਰਬਲ ਨੇ ਸੁਨਿਆਰੇ ਤੋਂ ਪੁੱਛਿਆ, “ਤੁਹਾਡੇ ਦੋਹਾਂ ਵਿਚ ਕੀ ਸ਼ਰਤ ਤਹਿ ਹੋਈ ਸੀ ??

“ਗਰੀਬ ਪਰਵਰ ! ਸਾਡੇ ਦੋਹਾਂ ਵਿਚ ਇਹ ਸ਼ਰਤ ਤਹਿ ਹੋਈ ਸੀ ਕਿ ਜੇਕਰ ਉਸ ਬਲਦੀ ਅੱਗ ਵਿਚ ਵੜ ਕੇ ਮੈਂ ਗਹਿਣਿਆਂ ਵਾਲੀ ਸੰਦੂਕੜੀ ਨੂੰ ਕੱਢ ਕੇ ਲਿਆਵਾਂ ਤਾਂ ਆਪਣੀ ਪਸੰਦ ਦਾ ਸਮਾਨ ਇਸ ਨੂੰ ਦੇਵਾਂਗਾ, ਬਾਕੀ ਖ਼ੁਦ ਲੈ ਲਵਾਂਗਾ। ਸੁਨਿਆਰੇ ਨੇ ਕਿਹਾ।

ਬੀਰਬਲ ਨੇ ਕੰਜੂਸ ਤੋਂ ਪੁੱਛਿਆ, “ਜੋ ਗੱਲ ਸੁਨਿਆਰਾ ਕਹਿੰਦਾ ਹੈ, ਕੀ ਇਹ ਸੱਚ ਹੈ ???

ਕੰਜੂਸ ਨੇ ਸਵੀਕਾਰ ਕੀਤਾ। ਤਦ ਬੀਰਬਲ ਉਸ ਨੂੰ ਬੋਲਿਆ, “ਫਿਰ ਤੁਸੀਂ ਕਿਉਂ ਨਹੀਂ ਸੁਨਿਆਰੇ ਦਾ ਫ਼ੈਸਲਾ ਮੰਨ ਲੈਂਦੇ। ਜਦ ਸ਼ਰਤ ਤਹਿ ਹੋ ਚੁੱਕੀ ਸੀ ਫਿਰ ਜੋ ਕੁਝ ਉਹ ਦਿੰਦਾ ਹੈ, ਉਹ ਲੈ ਲਉ।

“ਆਲੀ ਜਹਾਂ, ਉਹ ਤਾਂ ਮੈਨੂੰ ਕੇਵਲ ਖ਼ਾਲੀ ਸੰਦੂਕੜੀ ਦੇ ਕੇ ਸਾਰੇ ਗਹਿਣੇ ਖ਼ੁਦ ਲੈ ਰਿਹਾ ਹੈ।

ਬੀਰਬਲ ਨੇ ਸੁਨਿਆਰੇ ਤੋਂ ਪੁੱਛਿਆ, “ਤੁਹਾਨੂੰ ਕਿਹੜੀ ਵਸਤੂ ਪਸੰਦ ਹੈ ??

ਸੁਨਿਆਰਾ ਬੋਲਿਆ, “ਜੀ, ਗਹਿਣੇ।

ਇਹ ਸੁਣ ਕੇ ਬੀਰਬਲ ਬੋਲੇ, “ਫਿਰ ਤੁਸੀਂ ਇੰਨੀ ਗੱਲ ਕਿਉਂ ਵਧਾਈ ? ਗਹਿਣੇ ਉਸ ਨੂੰ ਵਾਪਸ ਦੇ ਦਿਉ ਅਤੇ ਸੰਦੂਕੜੀ ਤੁਸੀਂ ਲੈ ਲਉ।”

ਸੁਨਿਆਰਾ ਚੁੱਪ ਹੋ ਗਿਆ।

ਬੀਰਬਲ ਬੋਲੇ, “ਤੁਸੀਂ ਸ਼ਰਤ ਵਿਚ ਦੱਸਿਆ ਹੈ ਕਿ ਤੁਸੀਂ ਜੋ ਤੁਸੀਂ ਪਸੰਦ ਕਰੋਗੇ, ਉਹ ਉਸ ਨੂੰ ਦੇ ਦਿਉਗੇ ਅਤੇ ਬਾਕੀ ਖ਼ੁਦ ਰੱਖ ਲਵੋਗੇ ਤਾਂ ਜਵਾਹਰਾਤ ਇਸ ਨੂੰ ਦੇ ਦਿਉ, ਬਾਕੀ ਸੰਦੂਕੜੀ ਤੁਸੀਂ ਲੈ ਲਓ।

ਸਨਿਆਰਾ ਕੁਝ ਨਹੀਂ ਬੋਲ ਸਕਿਆ। ਉਹ ਜਾਣਦਾ ਸੀ ਕਿ ਜੇਕਰ ਬੀਰਬਲ ਦੇ ਨਿਆਂ ਨੂੰ ਸਵੀਕਾਰ ਨਹੀਂ ਕਰੇਗਾ ਤਾਂ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ।

ਜ਼ਿਆਦਾ ਲਾਲਚ ਦਾ ਇਹੀ ਨਤੀਜਾ ਹੁੰਦਾ ਹੈ। ਇਹ ਸੋਚ ਕੇ ਖ਼ਾਲੀ ਸੰਦੂਕੜੀ ਨੂੰ ਸੁਨਿਆਰੇ ਨੇ ਸਵੀਕਾਰ ਕਰ ਲਿਆ। ਕੰਜੂਸ ਨੂੰ ਉਸ ਦੇ ਗਹਿਣੇ ਮਿਲ ਗਏ।


Post a Comment

0 Comments