Akbar-Birbal Story "Hatheli te Vaal ", "ਹਥੇਲੀ ਤੇ ਵਾਲ" Punjabi Story for Students of Class 5, 6, 7, 8, 9, 10 in Punjabi Language.

ਹਥੇਲੀ ਤੇ ਵਾਲ 
Hatheli te Vaal 



ਇਕ ਵਾਰ ਅਕਬਰ ਭਰੇ ਦਰਬਾਰ ਵਿਚ ਬੈਠੇ ਸੀ। ਅਕਬਰ ਦੇ ਮਨ ਵਿਚ ਅਚਾਨਕ ਇਕ ਵਿਚਾਰ ਆਇਆ ਅਤੇ ਉਹਨਾਂ ਨੇ ਦਰਬਾਰੀਆਂ ਤੋਂ ਇਕ ਸਵਾਲ ਪੁੱਛਿਆ, “ਕੀ ਤੁਸੀਂ ਦੱਸ ਸਕਦੇ ਹੋ ਕਿ ਮੇਰੀ ਹਥੇਲੀ 'ਤੇ ਵਾਲ ਕਿਉਂ ਨਹੀਂ ਹਨ ?

“ਜਹਾਂ ਪਨਾਹ ! ਹਥੇਲੀ 'ਤੇ ਵਾਲ ਹੁੰਦੇ ਹੀ ਨਹੀਂ। ਸਾਰੇ ਦਰਬਾਰੀਆਂ ਨੇ ਇਕ ਅਵਾਜ਼ ਨਾਲ ਕਿਹਾ ਅਤੇ ਮਾਣ ਨਾਲ ਫੁੱਲ ਗਏ ਕਿ ਉਹਨਾਂ ਨੇ ਬਾਦਸ਼ਾਹ ਦੇ ਸਵਾਲ ਦਾ ਤੁਰੰਤ ਜਵਾਬ ਦਿੱਤਾ ਹੈ।

ਪਰ ਅਕਬਰ ਬਾਦਸ਼ਾਹ ਨੂੰ ਇਸ ਸਿੱਧੇ-ਸਾਦੇ ਉੱਤਰ ਤੋਂ ਕੀ ਸੰਤੋਸ਼ ਹੋਣਾ ਸੀ। ਉਹਨਾਂ ਨੇ ਫਿਰ ਪੁੱਛਿਆ, “ਕਿਉਂ ਨਹੀਂ ਹੁੰਦੇ???

ਸਭ ਦਰਬਾਰੀ ਚੁੱਪ ਸਨ। ਕੀ ਜਵਾਬ ਦੇਣ । ਜਦੋਂ ਹਥੇਲੀ ਤੇ ਵਾਲ ਨਹੀਂ ਹੁੰਦੇ ਤਾਂ ਨਹੀਂ ਹੁੰਦੇ। ਇਹ ਤਾਂ ਕੁਦਰਤੀ ਗੱਲ ਹੈ।

ਉਹਨਾਂ ਨੂੰ ਚੁੱਪ ਦੇਖ ਕੇ ਬਾਦਸ਼ਾਹ ਨੇ ਬੀਰਬਲ ਵੱਲ ਦੇਖਿਆ, “ਬੀਰਬਲ, ਤੁਹਾਡਾ ਕੀ ਖ਼ਿਆਲ ਹੈ ???

ਬੀਰਬਲ ਨੇ ਕਿਹਾ, “ਜਹਾਂ ਪਨਾਹ ! ਤੁਸੀਂ ਰੋਜ਼-ਰੋਜ਼ ਅਨੇਕਾਂ ਗ਼ਰੀਬਾਂ ਨੂੰ ਦਾਨ ਦਿੰਦੇ ਹੋ, ਜਿਸ ਨਾਲ ਤੁਹਾਡੀ ਹਥੇਲੀ ਲਗਾਤਾਰ ਘਸਦੀ ਰਹਿੰਦੀ ਹੈ, ਇਸ ਲਈ ਇਸ ਤੇ ਵਾਲ ਨਹੀਂ ਉੱਗਦੇ।

ਬੀਰਬਲ ਦਾ ਜਵਾਬ ਸੁਣ ਕੇ ਬਾਦਸ਼ਾਹ ਖ਼ੁਸ਼ ਹੋ ਗਏ । ਮਗਰ ਤੁਰੰਤ ਹੀ ਉਹਨਾਂ ਨੇ ਪੁੱਛਿਆ, “ਮੰਨਿਆ ਕਿ ਦਾਨ ਦਿੰਦੇ ਰਹਿਣ ਨਾਲ ਸਾਡੀ ਹਥੇਲੀ ’ਤੇ ਵਾਲ ਨਹੀਂ ਉੱਗਦੇ, ਲੇਕਿਨ ਤੁਹਾਡੀ ਹਥੇਲੀ ’ਤੇ ਵਾਲ ਕਿਉਂ ਨਹੀਂ ਹਨ ??

“ਜਹਾਂ ਪਨਾਹ ! ਤੁਸੀਂ ਰੋਜ਼-ਰੋਜ਼ ਮੈਨੂੰ ਢੇਰ ਸਾਰੇ ਇਨਾਮ ਦਿੰਦੇ ਰਹਿੰਦੇ ਹੋ। ਉਹਨਾਂ ਤੋਹਫ਼ਿਆਂ ਨੂੰ ਲੈਂਦੇ-ਲੈਂਦੇ ਮੇਰੀ ਹਥੇਲੀ ਵੀ ਤਾਂ ਘਸਦੀ ਹੈ। ਇਸ ਲਈ ਮੇਰੀ ਹਥੇਲੀ ਉੱਤੇ ਵੀ ਵਾਲ ਨਹੀਂ ਉੱਗਦੇ।

ਅਕਬਰ ਨੇ ਸੋਚਿਆ ਕਿ ਬੀਰਬਲ ਤਾਂ ਬਹੁਤ ਚਲਾਕ ਨਿਕਲਿਆ, ਲੇਕਿਨ ਅੱਜ ਉਹ ਬੀਰਬਲ ਦੀ ਪਰੀਖਿਆ ਲੈਣੀ ਚਾਹੁੰਦੇ ਸਨ। ਇਸ ਲਈ ਫਿਰ ਪੁੱਛਿਆ, “ਤੁਹਾਡੀਆਂ ਅਤੇ ਮੇਰੀਆਂ ਹਥੇਲੀਆਂ ਤਾਂ ਘਸਦੀਆਂ ਰਹਿੰਦੀਆਂ ਹਨ, ਲੇਕਿਨ ਸਾਡੇ ਹੋਰ ਦਰਬਾਰੀਆਂ ਦੀਆਂ ਹਥੇਲੀਆਂ 'ਤੇ ਵੀ ਵਾਲ ਨਹੀਂ ਉੱਗੇ, ਇਸ ਦਾ ਕੀ ਕਾਰਨ ਹੈ ???

ਬੀਰਬਲ ਨੇ ਹੱਸਦੇ ਹੋਏ ਕਿਹਾ, “ਇਹ ਤਾਂ ਬਿਲਕੁਲ ਆਸਾਨ ਗੱਲ ਹੈ, ਆਲਮ ਪਨਾਹ, ਤੁਸੀਂ ਮੈਨੂੰ ਪ੍ਰਤੀਦਿਨ ਇਨਾਮ ਦਿੰਦੇ ਰਹਿੰਦੇ ਹੋ। ਇਸ ਵਿਚ ਦਰਬਾਰੀਆਂ ਨੂੰ ਭਾਰੀ ਜਲਨ ਹੁੰਦੀ ਹੈ ਅਤੇ ਇਹ ਹਮੇਸ਼ਾ ਹੱਥ ਮਲਦੇ ਰਹਿੰਦੇ ਹਨ। ਜੇਕਰ ਹਥੇਲੀਆਂ ਲਗਾਤਾਰ ਘਸਦੀਆਂ ਰਹਿਣ ਤਾਂ ਉਹਨਾਂ 'ਤੇ ਵਾਲ ਨਹੀਂ ਉਗਣਗੇ।”

ਇਹ ਸੁਣ ਕੇ ਅਕਬਰ ਖਿੜਖਿੜਾ ਕੇ ਹੱਸ ਪਏ।

ਬੀਰਬਲ ’ਤੇ ਈਰਖਾ ਕਰਨ ਵਾਲੇ ਦਰਬਾਰੀ ਹੋਰ ਜ਼ਿਆਦਾ ਸੜ ਉੱਠੇ।


Post a Comment

0 Comments