ਕੰਜੂਸ ਅਮੀਰ
Kanjoos Amir
ਦਿੱਲੀ ਵਿਚ ਇਕ ਕਵੀ ਕਿਸੇ ਅਮੀਰ ਦੀ ਉਪਮਾ ਵਿਚ ਕਵਿਤਾ ਬਣਾ ਕੇ ਲੈ ਗਿਆ। ਅਮੀਰ ਨੇ ਖ਼ੁਸ਼ ਹੋ ਕੇ ਕਿਹਾ, “ਕੱਲ ਆਉਣਾ, ਮੈਂ ਤੁਹਾਨੂੰ ਬਹੁਤ ਕੁਝ ਇਨਾਮ ਵਿਚ ਦਿਆਂਗਾ। ਦੂਜੇ ਦਿਨ ਵੀ ਉਸ ਦੇ ਪਾਸ ਗਿਆ ਤਾਂ ਅਮੀਰ ਨੇ ਇਕਦਮ ਅੱਖਾਂ ਬਦਲ ਕੇ ਕਿਹਾ, “ਤੂੰ ਕੌਣ ਹੈਂ ਤੇ ਕੀ ਕਰਨ ਆਇਆ ਹੈਂ ??
ਕਵੀ ਨੇ ਕਿਹਾ, “ਮੈਂ ਕੱਲ ਵਾਲਾ ਕਵੀ ਹਾਂ ਤੇ ਇਨਾਮ ਲੈਣ ਆਇਆ ਹਾਂ।”
ਅਮੀਰ ਨੇ ਕਿਹਾ, “ਜਾਓ, ਕੱਲ੍ਹ ਦੀ ਗੱਲ ਕੱਲ਼ ਨਾਲ ਗਈ। ਜਿਸ ਤਰ੍ਹਾਂ ਤੂੰ ਕੱਲ੍ਹ ਕਵਿਤਾ ਸੁਣਾ ਕੇ ਮੈਨੂੰ ਖੁਸ਼ ਕੀਤਾ ਸੀ, ਉਸੇ ਤਰ੍ਹਾਂ ਮੈਂ ਵੀ ਇਹ ਗੱਲ ਕਹਿ ਕੇ ਤੈਨੂੰ ਖ਼ੁਸ਼ ਕਰ ਛੱਡਿਆ।
ਇਕ ਦਿਨ ਬਾਜ਼ਾਰ ਵਿਚ ਉਹ ਕਵੀ ਆਪਣੇ ਮਿੱਤਰ ਨੂੰ ਇਹੋ ਗੱਲ ਸੁਣਾ ਰਿਹਾ ਸੀ। ਲੰਘਦੇ ਜਾਂਦੇ ਬੀਰਬਲ ਨੇ ਵੀ ਇਹ ਗੱਲ ਸੁਣ ਲਈ। ਬੀਰਬਲ ਕਵੀ ਤੇ ਉਸ ਦੇ ਮਿੱਤਰ ਨੂੰ ਆਪਣੇ ਘਰ ਲੈ ਆਇਆ ਅਤੇ ਇਕ ਜੁਗਤ ਸਮਝਾ ਕੇ ਤੋਰ ਦਿੱਤਾ। ਚਾਰ-ਪੰਜ ਦਿਨ ਮਗਰੋਂ ਕਵੀ ਦੇ ਮਿੱਤਰ ਨੇ ਉਸ ਕੰਜੂਸ ਅਮੀਰ ਦੀ ਰੋਟੀ ਵਰਜੀ, ਜਦ ਅਮੀਰ ਆਇਆ ਤਾਂ ਅੱਗੋਂ ਉਹ ਕਵੀ, ਉਸ ਦਾ ਮਿੱਤਰ ਤੇ ਬੀਰਬਲ ਤਿੰਨੇ ਬੈਠੇ ਹੋਏ ਸਨ। ਇਹ ਤਿੰਨੇ ਰੋਟੀ ਖਾ ਚੁੱਕੇ ਸਨ, ਪਰ ਅਮੀਰ ਵਾਸਤੇ ਰੋਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਸੀ। ਜਦ ਗੱਲਾਂ ਬਾਤਾਂ ਵਿਚ ਬਹੁਤ ਦੇਰ ਲੱਗ ਗਈ ਤਾਂ ਅਮੀਰ ਦੀਆਂ ਆਂਦਰਾਂ ਵਿਚ ਭੁੱਖ ਨਾਲ ਚੂਹੇ ਨੱਚਣ ਲੱਗੇ, ਪਰ ਰੋਟੀ ਆਉਣ ਦੀ ਉਸ ਨੇ ਕੋਈ ਨਿਸ਼ਾਨੀ ਨਾ ਵੇਖੀ ਤਾਂ ਲਾਚਾਰ ਹੋ ਕੇ ਕਹਿਣ ਲੱਗਾ, “ਮਿੱਤਰੋ ! ਰੋਟੀ ਵਿਚ ਅਜੇ ਕਿੰਨੀ ਦੇਰ ਹੈ ? ਮੇਰੀ ਤਾਂ ਭੁੱਖ ਨਾਲ ਜਾਨ ਨਿਕਲ ਰਹੀ ਹੈ।
ਕਵੀ ਦੇ ਮਿੱਤਰ ਨੇ ਕਿਹਾ, “ਰੋਟੀ ਕੈਸੀ ? ਅਸੀਂ ਤਾਂ ਤੁਹਾਨੂੰ ਨਿਓਤਾ ਦੇ ਕੇ ਕੇਵਲ ਤੁਹਾਡਾ ਦਿਲ ਖੁਸ਼ ਕੀਤਾ ਹੈ, ਵਰਨਾ ਅਸੀਂ ਤਾਂ ਚਰੋਕਣੇ ਰੋਟੀ ਖਾ ਚੁੱਕੇ ਹਾਂ।”
ਇਹ ਸੁਣਦਿਆਂ ਹੀ ਕੰਜੂਸ ਗੁੱਸੇ ਨਾਲ ਲਾਲ-ਪੀਲਾ ਹੋ ਗਿਆ। ਉਸੇ ਵੇਲੇ ਬੀਰਬਲ ਕਹਿਣ ਲੱਗਾ, “ਭਲੇ ਆਦਮੀ! ਤੂੰ ਵੀ ਇਕ ਦਿਨ ਇਸ ਕਵੀ ਨੂੰ ਗੱਲਾਂ ਵਿਚ ਹੀ ਖੁਸ਼ ਕੀਤਾ ਸੀ।
ਅਮੀਰ ਨੇ ਬੀਰਬਲ ਨੂੰ (ਜਿਸ ਨੇ ਭੇਸ ਬਦਲਿਆ ਹੋਇਆ ਸੀ) ਨਾ ਪਛਾਣ ਕੇ ਕ੍ਰੋਧ ਨਾਲ ਕਿਹਾ, “ਕਿਹੜਾ ਕਵੀ ਤੇ ਕੈਸੀ ਕਵਿਤਾ ? ਤੂੰ ਕੌਣ ਹੈਂ ਦਖ਼ਲ ਦੇਣ ਵਾਲਾ ??
ਬੀਰਬਲ ਨੇ ਕਿਹਾ, “ਮੈਂ ਬੀਰਬਲ ਹਾਂ। ਜਾਹ ਹੁਣੇ ਇਸ ਕਵੀ ਨੂੰ ਇਨਾਮ ਦੇ ਕੇ ਖ਼ੁਸ਼ ਕਰ, ਵਰਨਾ ਮੈਂ ਕਾਨੂੰਨੀ ਕਾਰਵਾਈ ਕਰਾਂਗਾ।
ਇਹ ਸੁਣ ਕੇ ਅਮੀਰ ਨੇ ਮਾਫ਼ੀ ਮੰਗੀ ਤੇ ਕਵੀ ਨੂੰ ਬਹੁਤ ਸਾਰਾ ਇਨਾਮ ਦੇ ਕੇ ਖ਼ੁਸ਼ ਕੀਤਾ।
0 Comments