Akbar-Birbal Story "Gulam di Gardan uda diyo", "ਗੁਲਾਮ ਦੀ ਗਰਦਨ ਉਡਾ ਦਿਉ" Punjabi Story for Students of Class 5, 6, 7, 8, 9, 10 in Punjabi Language.

ਗੁਲਾਮ ਦੀ ਗਰਦਨ ਉਡਾ ਦਿਉ 
Gulam di Gardan uda diyo



ਇਕ ਵਾਰੀ ਸ਼ਾਮ ਵੇਲੇ ਬਾਦਸ਼ਾਹ ਦੇ ਦਰਬਾਰ ਵਿਚ ਸ਼ਹਿਰ ਦੇ ਕੋਤਵਾਲ ਨੇ ਦੋ ਆਦਮੀਆਂ ਨੂੰ ਪੇਸ਼ ਕੀਤਾ ਤੇ ਕਹਿਣ ਲੱਗਾ, ਜਹਾਂਪਨਾਹ! ਇਹ ਦੋਵੇਂ ਆਦਮੀ ਬੜੇ ਅਮੀਰ ਤੇ ਪਤਵੰਤੇ ਹਨ। ਇਕ ਤਾਂ ਸਾਡੇ ਸ਼ਹਿਰ ਦਾ ਮਸ਼ਹੂਰ ਸੌਦਾਗਰ ਇਬਰਾਹੀਮ ਹੈ ਤੇ ਦੂਜਾ ਇਕ ਓਪਰਾ ਵਪਾਰੀ ਸਦੀਕ ਨਾਮੇ ਹੈ। ਦੋਵੇਂ ਜਣੇ ਬਾਜ਼ਾਰ ਵਿਚ ਇਕ ਦੂਜੇ ਨੂੰ ਮਾਰ ਰਹੇ ਸਨ। ਇਕ ਕਹਿੰਦਾ ਸੀ ਕਿ ਤੂੰ ਮੇਰਾ ਭੱਜਾ ਹੋਇਆ ਗੁਲਾਮ ਹੈ, ਦੂਜਾ ਕਹਿੰਦਾ ਸੀ ਮੈਂ ਮਾਲਕ ਹੈਂ, ਤੂੰ ਗੁਲਾਮ ਹੈਂ।”

ਬਾਦਸ਼ਾਹ ਨੇ ਉਹਨਾਂ ਦੋਹਾਂ ਨੂੰ ਸਾਹਮਣੇ ਖੜੇ ਕਰ ਕੇ ਕਿਹਾ, “ਆਪੇ ਆਪਣੇ ਬਿਆਨ ਦਿਉ।

ਇਬਰਾਹੀਮ ਬੋਲਿਆ, “ਸਰਕਾਰ ! ਮੈਂ ਪਿਛਲੇ ਪੰਜ ਸਾਲ ਤੋਂ ਈਰਾਨ ਛੱਡ ਕੇ ਦਿੱਲੀ ਆਇਆ ਹੋਇਆ ਹਾਂ । ਇਹ ਮੇਰਾ ਮੁੱਲ ਖ਼ਰੀਦਿਆ ਹੋਇਆ ਗੁਲਾਮ ਹੈ, ਜੋ ਸੱਤ ਸਾਲ ਤੋਂ ਨੱਠਾ ਹੋਇਆ ਹੈ। ਅੱਜ ਮੈਂ ਬਾਜ਼ਾਰ ਵਿਚ ਖੜਾ ਸੌਦੇ-ਪੱਤੇ ਦੀ ਗੱਲ ਕਰ ਰਿਹਾ ਸਾਂ ਕਿ ਅਚਨਚੇਤ ਇਹ ਆ ਗਿਆ ਤੇ ਇਸੇ ਡਰ ਕਰਕੇ ਕਿ ਕਿਤੇ ਮੈਂ ਇਸ ਨੂੰ ਫੜ ਨਾ ਲਵਾਂ, ਪਹਿਲਾਂ ਹੀ ਮੇਰਾ ਹੱਥ ਫੜ ਕੇ ਰੌਲਾ ਪਾਉਣ ਲੱਗ ਪਿਆ ਕਿ ਤੂੰ ਮੇਰਾ ਗੁਲਾਮ ਹੈਂ। ਪਰ ਸਰਕਾਰ ! ਮੈਨੂੰ ਦਿੱਲੀ ਦੇ ਸਾਰੇ ਵੱਡੇ-ਵੱਡੇ ਆਦਮੀ ਜਾਣਦੇ ਹਨ।

ਇਸ ਤੋਂ ਬਾਅਦ ਉਸ ਓਪਰੇ ਵਪਾਰੀ ਸਦੀਕ ਨੇ ਕਿਹਾ, “ਪ੍ਰਿਥਵੀ ਨਾਥ ! ਈਰਾਨ ਦਾ ਵਪਾਰੀ ਤਾਂ ਮੈਂ ਹਾਂ, ਇਹ ਮੇਰਾ ਗੁਲਾਮ ਹੈ। ਇਸ ਦਾ ਨਾਮ ਨਸੀਬਾ ਹੈ। ਸੱਤ ਸਾਲ ਹੋਏ ਮੇਰਾ ਬਹੁਤ ਸਾਰਾ ਮਾਲ ਚੁਰਾ ਕੇ ਨੱਠ ਆਇਆ ਸੀ। ਅੱਜ ਰੱਬ-ਸਬੱਬੀ ਮੈਂ ਇਥੇ ਆ ਗਿਆ ਤਾਂ ਪਤਾ ਲੱਗਾ ਕਿ ਇਥੇ ਇਬਰਾਹੀਮ ਨਾਮ ਰੱਖ ਕੇ ਰਹਿੰਦਾ ਹੈ। ਮੈਂ ਇਸ ਨੂੰ ਫੜਿਆ ਤਾਂ ਇਹ ਉਲਟਾ ਮੈਨੂੰ ਹੀ ਗੁਲਾਮ ਆਖਣ ਲੱਗ ਪਿਆ।

ਮੁਸ਼ਕਲ ਇਹ ਸੀ ਕਿ ਇਬਰਾਹੀਮ ਸੌਦਾਗਰ ਨੂੰ ਕਈ ਦਰਬਾਰੀ ਅਮੀਰ ਵੀ ਜਾਣਦੇ ਸਨ ਤੇ ਗੁਜਰਾਤ ਦੀ ਮੁਹਿੰਮ ਵਿਚ ਇਬਰਾਹੀਮ ਨੇ ਬਾਦਸ਼ਾਹੀ ਫ਼ੌਜ ਦੀ ਸਹਾਇਤਾ ਵੀ ਕੀਤੀ ਸੀ, ਜਿਸ ਦੇ ਬਦਲੇ ਸਰਕਾਰ ਵੱਲੋਂ ਉਸ ਨੂੰ ਇਨਾਮ ਤੇ ਸਿਰੋਪਾਉ ਮਿਲਣ ਵਾਲਾ ਸੀ। ਪਰ ਦੂਜਾ ਵਪਾਰੀ ਬਿਲਕੁਲ ਓਪਰਾ ਸੀ। ਉਸ ਨੂੰ ਸਾਰੀ ਦਿੱਲੀ ਵਿਚ ਕੋਈ ਜਾਣਦਾ ਨਹੀਂ ਸੀ, ਨਾ ਹੀ ਉਸ ਦੇ ਨਾਲ ਕੋਈ ਗਵਾਹ ਸੀ।

ਬਾਦਸ਼ਾਹ ਨੇ ਕਿਹਾ, “ਤੂੰ ਆਪਣੇ ਕਥਨ ਦਾ ਸਬੂਤ ਦੇਹ ।

ਉਸ ਨੇ ਕਿਹਾ, “ਹਜ਼ੂਰ, ਮੈਂ ਬਿਲਕੁਲ ਨਵਾਂ ਹਾਂ, ਮੇਰਾ ਸਮਾਨ ਤੇ ਨੌਕਰ ਵੀ ਪਿੱਛੇ ਰਹਿ ਗਏ ਹਨ, ਜੋ ਮਸਾਂ ਅੱਠ ਦਿਨਾਂ ਤਕ ਇਥੇ ਪਹੁੰਚ ਸਕਣਗੇ। ਮੈਂ ਸੁਣਿਆ ਸੀ ਕਿ ਆਪ ਦੇ ਦਰਬਾਰ ਵਿਚ ਸੱਚਾ-ਸੁੱਚਾ ਇਨਸਾਫ਼ ਹੁੰਦਾ ਹੈ।”

ਬਾਦਸ਼ਾਹ ਨੇ ਦਰਬਾਰੀਆਂ ਵੱਲ ਤਕ ਕੇ ਕਿਹਾ, “ਤੁਹਾਡੇ ਵਿਚੋਂ ਜਿਹੜਾ ਕੋਈ ਇਹਨਾਂ ਦਾ ਠੀਕ ਨਿਆਂ ਕਰ ਦੇਵੇਗਾ, ਮੈਂ ਉਸ ਨੂੰ ਬਹੁਤ ਸਾਰਾ ਇਨਾਮ ਦਿਆਂਗਾ। ਪਰ ਚੂੰਕਿ ਇਹ ਮੁਕੱਦਮਾ ਬੜਾ ਪੇਚਦਾਰ ਸੀ, ਇਸ ਵਾਸਤੇ ਕਿਸੇ ਦਰਬਾਰੀ ਨੂੰ ਹੌਸਲਾ ਨਾ ਪਿਆ। ਆਖ਼ਰ ਇਸ ਦਾ ਭਾਰ ਵੀ ਬੀਰਬਲ ਤੇ ਹੀ ਪਿਆ।

ਬੀਰਬਲ ਨੇ ਪਹਿਲਾਂ ਤਾਂ ਉਹਨਾਂ ਦੋਹਾਂ ਨੂੰ ਬਹੁਤ ਸਾਰੇ ਪ੍ਰਸ਼ਨ ਕੀਤੇ, ਪਰ ਕੋਈ ਥਹੁ-ਪਤਾ ਨਾ ਲੱਗਾ। ਦੋਵੇਂ ਹੀ ਇਕੋ ਜਿਹੇ ਅਮੀਰ ਤੇ ਸੁਰਤ ਸ਼ਕਲ ਤੋਂ ਵਪਾਰੀ ਮਲੂਮ ਹੁੰਦੇ ਸਨ। ਆਖ਼ਰ ਬੀਰਬਲ ਨੇ ਇਕ ਜੱਲਾਦ ਨੂੰ ਸੱਦ ਕੇ ਨੰਗੀ ਤਲਵਾਰ ਉਸ ਦੇ ਹੱਥ ਵਿਚ ਦੇ ਦਿੱਤੀ ਤੇ ਕੁਝ ਗੱਲਾਂ ਸਮਝਾ ਕੇ ਵਪਾਰੀਆਂ ਦੇ ਪਿੱਛੇ ਖੜਾ ਕਰ ਦਿੱਤਾ। ਫਿਰ ਆਪ ਦੋ ਚਾਰ ਮਿੰਟ ਕੁਝ ਸੋਚ ਕੇ ਤੇ ਵਪਾਰੀਆਂ ਵੱਲ ਤੱਕ ਕੇ ਜੱਲਾਦ ਨੂੰ ਹੁਕਮ ਦਿੱਤਾ, “ਇਸ ਗੁਲਾਮ ਦੀ ਗਰਦਨ ਉਡਾ ਦੇਹ।

ਜੱਲਾਦ ਫੌਰਨ ਤਲਵਾਰ ਲੈ ਕੇ ਉਹਨਾਂ ਵੱਲ ਵਧਿਆ। ਉਸੇ ਵੇਲੇ ਦੋਹਾਂ ਵਿਚੋਂ ਇਕ ਸੌਦਾਗਰ ਕੰਬ ਕੇ ਪਰੇ ਹਟ ਗਿਆ। ਬੀਰਬਲ ਨੇ ਉਸ ਨੂੰ ਫ਼ੌਰਨ ਹੱਥਕੜੀਆਂ ਬੇੜੀਆਂ ਨਾਲ ਜਕੜਨ ਦਾ ਹੁਕਮ ਦਿੱਤਾ, ਕਿਉਂਕਿ ਉਹ ਅਸਲੀ ਗੁਲਾਮ ਸੀ ਤੇ ਗੁਲਾਮ ਦਾ ਲਫ਼ਜ਼ ਸੁਣਦਿਆਂ ਹੀ ਉਹ ਡਰ ਗਿਆ ਸੀ। ਜਿਸ ਇਬਰਾਹੀਮ ਨੂੰ ਸਾਰੇ ਲੋਕ ਸੱਚਾ ਸਮਝਦੇ ਸਨ, ਉਹੋ ਅਸਲੀ ਗੁਲਾਮ ਨਿਕਲਿਆ। ਉਸ ਨੇ ਆਪਣਾ ਗੁਨਾਹ ਛੇਤੀ ਹੀ ਮੰਨ ਲਿਆ ਕਿ ਸੱਚ ਮੁੱਚ ਮੈਂ ਗੁਲਾਮ ਹਾਂ ਤੇ ਇਹ ਮੇਰਾ ਮਾਲਕ ਹੈ। ਆਪ ਕਿਰਪਾ ਕਰ ਕੇ ਛੇਤੀ ਹੀ ਮੇਰੀ ਗਰਦਨ ਉਡਾਉਣ ਦਾ ਹੁਕਮ ਦਿਉ ।

ਬਾਦਸ਼ਾਹ ਨੇ ਉਸ ਓਪਰੇ ਵਪਾਰੀ ਨੂੰ ਕਿਹਾ, “ਸੌਦਾਗਰ ਸਾਹਿਬ ! ਇਹ ਆਪ ਦਾ ਗੁਲਾਮ ਹੈ। ਤੁਸੀਂ ਇਸ ਨੂੰ ਕੀ ਸਜ਼ਾ ਦੇਣੀ ਚਾਹੁੰਦੇ ਹੋ ।

ਉਸ ਨੇ ਕਿਹਾ, “ਸਰਕਾਰ ! ਮੇਰੇ ਵਾਸਤੇ ਏਨਾ ਹੀ ਬਹੁਤ ਹੈ ਕਿ ਮੇਰੀ ਇੱਜ਼ਤ ਰਹਿ ਗਈ। ਇਸ ਨੂੰ ਜੋ ਆਪ ਦੀ ਮਰਜ਼ੀ ਹੋਵੇ, ਸਜ਼ਾ ਦਿਉ । ਮੈਂ ਆਪਣੇ ਵੱਲੋਂ ਇਸ ਨੂੰ ਆਜ਼ਾਦ ਕੀਤਾ।

ਬਾਦਸ਼ਾਹ ਸਦੀਕ ਉੱਤੇ ਬਹੁਤ ਖ਼ੁਸ਼ ਹੋਇਆ ਤੇ ਇਬਰਾਹੀਮ ਨੂੰ ਕਹਿਣ ਲੱਗਾ, “ਤੇਰੇ ਅਪਰਾਧ ਦਾ ਦੰਡ ਤਾਂ ਮੌਤ ਬਿਨਾਂ ਹੋਰ ਕੋਈ ਨਹੀਂ, ਪਰ ਇਕ ਤਾਂ ਤੈਨੂੰ ਸਦੀਕ ਨੇ ਮਾਫ਼ ਕੀਤਾ ਹੈ ਤੇ ਦੂਜੇ ਤੂੰ ਮੇਰੇ ਰਾਜ ਦੀ ਸੇਵਾ ਵੀ ਕੀਤੀ ਹੈ, ਇਸ ਵਾਸਤੇ ਤੇਰੀ ਜਾਨ ਬਖ਼ਸ਼ੀ ਕਰ ਕੇ ਤੈਨੂੰ ਆਪਣੇ ਦਰਬਾਰ ਵਿਚ ਇਕ ਅਹੁਦਾ ਦਿੰਦਾ ਹਾਂ।”

ਇਸ ਅਦੁੱਤੀ ਨਿਆਂ ਦੇ ਬਦਲੇ ਬੀਰਬਲ ਨੂੰ ਬਹੁਤ ਸਾਰਾ ਇਨਾਮ ਤੇ ਖਿੱਲਤ ਬਾਦਸ਼ਾਹ ਵੱਲੋਂ ਪ੍ਰਾਪਤ ਹੋਈ।


Post a Comment

0 Comments