ਦੋਸਤੀ ਵਿਚ ਦਰਾਰ
Dosti vich darar
ਅਕਬਰ ਬਾਦਸ਼ਾਹ ਦੇ ਇਕ ਸ਼ਹਿਜ਼ਾਦੇ ਦੀ ਸ਼ਹਿਰ ਦੇ ਇਕ ਮੰਨੇ-ਪ੍ਰਮੰਨੇ ਸ਼ਾਹੂਕਾਰ ਦੇ ਮੁੰਡੇ ਨਾਲ ਗੁੜ੍ਹੀ ਮਿੱਤਰਤਾ ਸੀ। ਉਹ ਸਾਰਾ ਦਿਨ ਆਪਣੇ ਮਿੱਤਰ ਦੇ ਨਾਲ ਸੈਰ-ਸਪਾਟਾ ਕਰਦਾ ਰਹਿੰਦਾ ਸੀ। ਦੋਵੇਂ ਕੋਈ ਕੰਮ-ਧੰਦਾ ਵੀ ਨਹੀਂ ਕਰਦੇ ਸੀ। ਇਸ ਲਈ ਅਕਬਰ ਬਾਦਸ਼ਾਹ ਅਤੇ ਸ਼ਾਹੂਕਾਰ ਨੂੰ ਇਹ ਮਿੱਤਰਤਾ ਪਸੰਦ ਨਹੀਂ ਸੀ। ਦੋਵੇਂ ਹੀ ਚਾਹੁੰਦੇ ਸੀ ਕਿ ਇਹਨਾਂ ਦੀ ਮਿੱਤਰਤਾ ਟੁੱਟ ਜਾਵੇ ਤਾਂ ਜੋ ਦੋਵੇਂ ਹੀ ਕਿਸੇ ਕੰਮ-ਧੰਦੇ ਵਿਚ ਧਿਆਨ ਲਗਾਉਣ।
ਇਹਨਾਂ ਦੋਵਾਂ ਦੀ ਮਿੱਤਰਤਾ ਕਿਵੇਂ ਭੰਗ ਹੋਵੇ, ਇਸ ਵਿਸ਼ੇ ਤੇ ਇਕ ਦਿਨ ਬਾਦਸ਼ਾਹ ਵਿਚਾਰ ਕਰ ਰਹੇ ਸੀ, ਤਦ ਬੀਰਬਲ ਉਥੇ ਪਹੁੰਚ ਗਿਆ। ਉਸ ਨੂੰ ਦੇਖ ਕੇ ਅਕਬਰ ਬਹੁਤ ਖ਼ੁਸ਼ ਹੋਇਆ ਅਤੇ ਕੋਲ ਬਿਠਾ ਕੇ ਬੋਲਿਆ, “ਸ਼ਾਹੂਕਾਰ ਦੇ ਪੁੱਤਰ ਅਤੇ ਸ਼ਹਿਜ਼ਾਦੇ ਦੀ ਦੋਸਤੀ ਕਿਸੇ ਨਾ ਕਿਸੇ ਤਰੀਕੇ ਖ਼ਤਮ ਕਰਨੀ ਚਾਹੀਦੀ ਹੈ। ਮੇਰੇ ਵਿਚਾਰ ਅਨੁਸਾਰ ਤੁਸੀਂ ਇਸ ਕੰਮ ਨੂੰ ਬਾਖੂਬੀ ਕਰ ਸਕਦੇ ਹੋ।
ਅਕਬਰ ਬਾਦਸ਼ਾਹ ਦਾ ਹੁਕਮ ਸੁਣ ਕੇ ਬੀਰਬਲ ਬੋਲੇ, “ਜਹਾਂ ਪਨਾਹ ! ਹੁਕਮ ਜਾਰੀ ਕਰੋ ਕਿ ਅੱਜ ਸ਼ਹਿਜ਼ਾਦਾ ਅਤੇ ਸ਼ਾਹੂਕਾਰ-ਪੁੱਤਰ ਦੋਵੇਂ ਇਕੱਠੇ ਦਰਬਾਰ ਵਿਚ ਹਾਜ਼ਰ ਹੋਣ।
ਅਕਬਰ ਬਾਦਸ਼ਾਹ ਨੇ ਅਜਿਹਾ ਹੁਕਮ ਜਾਰੀ ਕਰ ਦਿੱਤਾ। ਦੋਵੇਂ ਦੋਸਤ ਸਮੇਂ ਸਿਰ ਦਰਬਾਰ ਵਿਚ ਹਾਜ਼ਰ ਹੋਏ। ਕੁਝ ਦੇਰ ਤਾਂ ਇਧਰ-ਉਧਰ ਮਨ ਬਹਿਲਾਉਣ ਦੀਆਂ ਗੱਲਾਂ ਹੁੰਦੀਆਂ ਰਹੀਆਂ। ਜਦੋਂ ਬੀਰਬਲ ਨੇ ਦੇਖਿਆ ਕਿ ਹੁਣ ਸ਼ਹਿਜ਼ਾਦੇ ਦਾ ਮਨ ਇਥੇ ਨਹੀਂ ਲੱਗ ਰਿਹਾ ਤਾਂ ਉਸ ਨੇ ਉਸ ਦੇ ਸ਼ਾਹੂਕਾਰ ਮਿੱਤਰ ਦੇ ਕੋਲ ਜਾ ਕੇ ਉਸ ਦੇ ਕੰਨ ਵਿਚ ਘੁਸਰ-ਮੁਸਰ ਕਰ ਕੇ ਕੁਝ ਕਿਹਾ। ਗੱਲ ਸਾਫ਼ ਨਹੀਂ ਸੀ, ਭਾਵ ਸ਼ਾਹੂਕਾਰ ਦਾ ਮੁੰਡਾ ਕੁਝ ਸਮਝ ਨਹੀਂ ਪਾਇਆ। ਉਸ ਦੇ ਬਾਅਦ ਬੀਰਬਲ ਨੇ ਸ਼ਹਿਜ਼ਾਦੇ ਦੇ ਮਿੱਤਰ ਨੂੰ ਸੰਬੋਧਿਤ ਕਰ ਕੇ ਚੇਤਾਵਨੀ ਦਿੱਤੀ :
“ਧਿਆਨ ਰਹੇ , ਇਹ ਗੱਲ ਬਿਲਕੁਲ ਗੁਪਤ ਰੱਖੀ ਜਾਏ । ਆਪਣੇ ਪਿਆਰੇ ਦੋਸਤਾਂ ਨਾਲ ਵੀ ਤੁਸੀਂ ਇਸ ਦੀ ਚਰਚਾ ਬਿਲਕੁਲ ਨਾ ਕਰਨਾ।
ਬੀਰਬਲ ਦੀ ਇਸ ਚੇਤਾਵਨੀ ਨੂੰ ਸਾਰੇ ਲੋਕਾਂ ਨੇ ਸੁਣਿਆਂ। ਇਸ ਦੇ ਬਾਅਦ ਦਰਬਾਰ ਉੱਠ ਗਿਆ। ਦਰਬਾਰ 'ਚੋਂ ਨਿਕਲਣ ਤੋਂ ਬਾਅਦ ਸ਼ਹਿਜ਼ਾਦੇ ਨੇ ਮਿੱਤਰ ਨੂੰ ਪੁੱਛਿਆ, “ਬੀਰਬਲ ਨੇ ਤੁਹਾਡੇ ਕੰਨ ਵਿਚ ਕੀ ਕਿਹਾ ਸੀ ??
ਸ਼ਾਹੂਕਾਰ-ਪੁੱਤਰ ਸ਼ਹਿਜ਼ਾਦੇ ਨੂੰ ਕੁਝ ਨਹੀਂ ਦੱਸ ਸਕਿਆ। ਆਖ਼ਰ ਜੇ ਕੋਈ ਗੱਲ ਬੀਰਬਲ ਕਹਿੰਦਾ ਜਾਂ ਉਹ ਸਮਝਦਾ ਤਾਂ ਦੱਸਦਾ ਵੀ। ਇਸ ਤੋਂ ਸ਼ਹਿਜ਼ਾਦੇ ਨੂੰ ਕੁਝ ਸ਼ੰਕਾ ਪੈਦਾ ਹੋਈ। ਉਹ ਬੋਲਿਆ, “ਮਿੱਤਰ, ਅੱਜ ਤੁਸੀਂ ਇਹ ਨਵਾਂ ਤਰੀਕਾ ਖੂਬ ਅਪਣਾਇਆ ਹੈ।
“ਨਹੀਂ ਦੋਸਤ, ਬਿਲਕੁਲ ਨਹੀਂ। ਬੀਰਬਲ ਨੇ ਤਾਂ ਮੈਨੂੰ ਕੁਝ ਕਿਹਾ ਹੀ ਨਹੀਂ, ਕੇਵਲ ਕੰਨ ਦੇ ਕੋਲ ਮੁੰਹ ਲਿਜਾ ਕੇ ਕੁਝ ਅਸਪੱਸ਼ਟ ਜਿਹਾ ਬੋਲਿਆ ਅਤੇ ਖੁੱਲ੍ਹੇਆਮ ਇਹ ਕਿਹਾ ਕਿ ਜੋ ਗੱਲ ਮੈਂ ਤੇਰੇ ਨਾਲ ਕੀਤੀ ਹੈ, ਇਸ ਗੱਲ ਨੂੰ ਗੁਪਤ ਰੱਖਣਾ।
ਸ਼ਾਹੂਕਾਰ ਮਿੱਤਰ ਨੇ ਸ਼ਹਿਜ਼ਾਦੇ ਨੂੰ ਸਮਝਾਉਣ ਵਾਲੇ ਅੰਦਾਜ਼ ਨਾਲ ਕਿਹਾ ਪਰ ਸ਼ਹਿਜ਼ਾਦੇ ਨੂੰ ਉਸ ਦੀ ਗੱਲ ਤੇ ਯਕੀਨ ਨਹੀਂ ਹੋਇਆ। ਉਸ ਨੇ ਸੋਚਿਆ ਕਿ ਉਸ ਦਾ ਮਿੱਤਰ ਸਾਰਾ ਕੁਝ ਜਾਣਦੇ ਹੋਏ ਵੀ ਦੱਸ ਨਹੀਂ ਰਿਹਾ ਹੈ। ਸ਼ਹਿਜ਼ਾਦੇ ਦੇ ਦਿਲ ਵਿਚ ਸ਼ੱਕ ਪੈਦਾ ਹੋ ਗਿਆ। ਹੌਲੀ-ਹੌਲੀ ਦੋਨਾਂ ਦੇ ਦਿਲਾਂ ਵਿਚ ਇਕ ਦੂਜੇ ਦੇ ਪ੍ਰਤੀ ਅਵਿਸ਼ਵਾਸ ਪੈਦਾ ਹੋ ਗਿਆ। ਦੋਨਾਂ ਦੀ ਗੁੜ੍ਹੀ ਮਿੱਤਰਤਾ ਆਖ਼ਰ ਭੰਗ ਹੋ ਗਈ। ਫਿਰ ਸਦਾ ਦੇ ਲਈ ਦੋਵਾਂ ਮਿੱਤਰਾਂ ਦਾ ਮਨ ਇਕ ਦੂਸਰੇ ਤੋਂ ਹਟ ਗਿਆ। ਉਹ ਆਪਣੇ-ਆਪਣੇ ਕੰਮ-ਕਾਜ ਦੇਖਣ ਲੱਗੇ। ਸ਼ਾਹੂਕਾਰ ਨੂੰ ਵੀ ਇਹ ਮਿੱਤਰਤਾ ਭੰਗ ਹੋ ਜਾਣ ਤੇ ਬੜੀ ਖੁਸ਼ੀ ਹੋਈ। ਅਕਬਰ ਬਾਦਸ਼ਾਹ ਬੀਰਬਲ ਦੀ ਇਸ ਚਤੁਰਾਈ ਤੇ ਬਹੁਤ ਖੁਸ਼ ਹੋਇਆ ਅਤੇ ਹਮੇਸ਼ਾ ਦੀ ਤਰ੍ਹਾਂ ਬੀਰਬਲ ਨੂੰ ਇਸ ਕੰਮ ਦੇ ਲਈ ਵੀ ਇਨਾਮ ਦਿੱਤਾ ਗਿਆ।
0 Comments