ਦੂਰ ਦੇਸ਼ ਦੀ ਮਿੱਟੀ
Door Desh di Mitti
ਇਕ ਵਾਰ ਦਰਬਾਰ ਦਾ ਕੰਮ-ਕਾਜ ਚੱਲ ਰਿਹਾ ਸੀ। ਇਸ ਦੌਰਾਨ ਬਾਦਸ਼ਾਹ ਅਕਬਰ ਦੇ ਲਈ ਉਸ ਦੀ ਬੇਗ਼ਮ ਦਾ ਬੁਲਾਵਾ ਆ ਗਿਆ। ਅਕਬਰ ਤੁਰੰਤ ਹੀ ਆਪਣੀ ਬੇਗ਼ਮ ਦੇ ਕੋਲ ਜਾਣ ਦੇ ਲਈ ਉੱਠੇ।
ਸਾਰੇ ਦਰਬਾਰੀ ਉਹਨਾਂ ਦੇ ਸਨਮਾਨ ਦੇ ਲਈ ਖੜੇ ਹੋ ਗਏ ।
ਇਹ ਦੇਖ ਕੇ ਬੀਰਬਲ ਨੇ ਸੋਚਿਆ ਕਿ ਇਥੇ ਸਾਰੇ ਦਰਬਾਰੀ ਬਾਦਸ਼ਾਹ ਨੂੰ ਸਨਮਾਨ ਦਿੰਦੇ ਹਨ, ਲੇਕਿਨ ਬੇਗਮ ਦੇ ਅੱਗੇ ਤਾਂ ਬਾਦਸ਼ਾਹ ਦੀ ਕੁਝ ਵੀ ਨਹੀਂ ਚੱਲਦੀ। ਇਹ ਸੋਚ ਕੇ ਉਹ ਮੁਸਕਰਾ ਉੱਠੇ।
ਉਸ ਨੂੰ ਮੁਸਕਰਾਉਂਦਾ ਦੇਖ ਕੇ ਅਕਬਰ ਜਾਂਦੇ-ਜਾਂਦੇ ਰੁਕ ਗਏ । ਉਹਨਾਂ ਨੂੰ ਲੱਗਾ ਜਿਵੇਂ ਬੀਰਬਲ ਉਹਨਾਂ ਦਾ ਮਜ਼ਾਕ ਉਡਾ ਰਿਹਾ ਹੈ। ਇਸ ਲਈ ਉਸ ਨੇ ਕਰੋਧ ਵਿਚ ਬੀਰਬਲ ਨੂੰ ਕਿਹਾ, “ਤੁਸੀਂ ਹੁਣੇ , ਇਸੇ ਸਮੇਂ ਮੇਰੇ ਦੇਸ਼ ਵਿਚੋਂ ਬਾਹਰ ਚਲੇ ਜਾਉ। ਅੱਜ ਦੇ ਬਾਅਦ ਕਦੀ ਮੇਰੀ ਜ਼ਮੀਨ 'ਤੇ ਪੈਰ ਨਾ ਰੱਖਣਾ।
ਬਾਦਸ਼ਾਹ ਦਾ ਹੁਕਮ ਮੰਨ ਕੇ ਬੀਰਬਲ ਤੁਰੰਤ ਉਥੋਂ ਚਲੇ ਗਏ । ਥੋੜੇ ਦਿਨਾਂ ਬਾਅਦ ਜਦ ਬਾਦਸ਼ਾਹ ਦਾ ਗੁੱਸਾ ਠੰਡਾ ਹੋਇਆ ਤਾਂ ਉਸ ਨੂੰ ਬੀਰਬਲ ਦੀ ਯਾਦ ਆਈ। ਉਸ ਨੇ ਬੀਰਬਲ ਨੂੰ ਲੱਭਣ ਲਈ ਚਾਰਾਂ ਦਿਸ਼ਾਵਾਂ ਵਿਚ ਆਦਮੀ ਭੇਜੇ, ਲੇਕਿਨ ਉਹ ਸਾਰੇ ਖ਼ਾਲੀ ਹੱਥ ਵਾਪਸ ਆ ਗਏ।
ਬੀਰਬਲ ਦੇ ਨਾ ਮਿਲਣ ਤੇ ਬਾਦਸ਼ਾਹ ਉਦਾਸ ਰਹਿਣ ਲੱਗੇ। ਇਕ ਦਿਨ ਉਹ ਮਹੱਲ ਦੀ ਖਿੜਕੀ ਵਿਚ ਖੜੇ ਸਨ ਕਿ ਇਨੇ ਨੂੰ ਕੋਲ ਦੇ ਰਸਤੇ ਵਿਚੋਂ ਇਕ ਬੈਲ-ਗੱਡੀ ਨਿਕਲੀ। ਉਸ ਵਿਚ ਬੀਰਬਲ ਬੈਠੇ ਹੋਏ ਸਨ। ਬਾਦਸ਼ਾਹ ਅਕਬਰ ਦੀ ਨਜ਼ਰ ਉਹਨਾਂ 'ਤੇ ਪਈ ਤਾਂ ਬਾਦਸ਼ਾਹ ਨੂੰ ਉਹਨਾਂ ਦੇ ਮਿਲਣ ਦੀ ਖੁਸ਼ੀ ਵੀ ਹੋਈ ਅਤੇ ਗੁੱਸਾ ਵੀ ਆਇਆ ਕਿ ਬੀਰਬਲ ਨੇ ਉਸ ਦਾ ਹੁਕਮ ਨਹੀਂ ਮੰਨਿਆ।
ਬਾਦਸ਼ਾਹ ਨੇ ਤੁਰੰਤ ਇਕ ਸਿਪਾਹੀ ਨੂੰ ਭੇਜ ਕੇ ਬੈਲ-ਗੱਡੀ ਰੁਕਵਾਈ। ਫਿਰ ਖੁਦ ਵੀ ਮਹੱਲ ਤੋਂ ਉਤਰ ਕੇ ਬੈਲ-ਗੱਡੀ ਦੇ ਕੋਲ ਪਹੁੰਚ ਗਏ ।
ਬੀਰਬਲ ਗੱਡੀ ਤੋਂ ਹੇਠਾਂ ਨਹੀਂ ਉੱਤਰੇ। ਉਹਨਾਂ ਨੇ ਗੱਡੀ ਵਿਚ ਬੈਠੇ-ਬੈਠੇ ਹੀ ਬਾਦਸ਼ਾਹ ਨੂੰ ਸਲਾਮ ਕੀਤਾ। ਅਕਬਰ ਨੇ ਪਹਿਲਾਂ ਉਸ ਦੇ ਸਲਾਮ ਦਾ ਜਵਾਬ ਦਿੱਤਾ, ਫਿਰ ਨਕਲੀ ਗੁੱਸਾ ਦਿਖਾਉਂਦੇ ਹੋਏ ਕਿਹਾ, “ਕਿਉਂ ਬੀਰਬਲ, ਮੈਂ ਤੁਹਾਨੂੰ ਆਪਣੀ ਜ਼ਮੀਨ 'ਤੇ ਪੈਰ ਨਾ ਰੱਖਣ ਦਾ ਹੁਕਮ ਦਿੱਤਾ ਸੀ ਨਾ ? ਤੁਸੀਂ ਹੁਣ ਵੀ ਇਥੇ ਹੀ ਘੁੰਮ ਰਹੇ ਹੋ, ਸਾਡੇ ਹੁਕਮ ਨੂੰ ਨਾ ਮੰਨਣ ਦੀ ਹਿੰਮਤ ਕਿਵੇਂ ਹੋਈ ?
ਬੀਰਬਲ ਬੋਲੇ, “ਜਹਾਂ ਪਨਾਹ , ਮੈਂ ਕੋਈ ਹੁਕਮ ਅਦੂਲੀ ਨਹੀਂ ਕੀਤੀ। ਮੈਂ ਤਾਂ ਇਸ ਸਮੇਂ ਵੀ ਆਪਣੇ ਦੇਸ਼ ਦੀ ਮਿੱਟੀ 'ਤੇ ਨਹੀਂ ਬੈਠਾ ਹਾਂ।”
“ਕੀ ਬਕਵਾਸ ਕਰਦੇ ਹੋ ? ਫਿਰ ਇਹ ਮਿੱਟੀ ਕੀ ਤੁਸੀਂ ਚੰਦਰਮਾ ਤੋਂ ਲਿਆਏ ਹੋ ???
“ਜਹਾਂ ਪਨਾਹ ! ਤੁਹਾਡਾ ਹੁਕਮ ਹੁੰਦੇ ਹੀ ਮੈਂ ਨੇਪਾਲ ਚਲਾ ਗਿਆ ਸੀ। ਉਥੋਂ ਮਿੱਟੀ ਲੈ ਕੇ ਮੈਂ ਇਸ ਬੈਲ-ਗੱਡੀ ਵਿਚ ਵਿਛਾ ਦਿੱਤੀ ਹੈ। ਮੈਂ ਨੇਪਾਲ ਦੀ ਮਿੱਟੀ ਤੇ ਹੀ ਆਪਣੇ ਪੈਰ ਰੱਖਦਾ ਹਾਂ। ਆਪਣੀ ਜ਼ਮੀਨ 'ਤੇ ਤਾਂ ਮੈਂ ਭੁੱਲ ਕੇ ਵੀ ਪੈਰ ਨਹੀਂ ਰੱਖਦਾ।
ਅਕਬਰ ਨੇ ਬੀਰਬਲ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਅਤੇ ਬੋਲੇ, “ਬੀਰਬਲ, ਮੇਰੀ ਜ਼ਮੀਨ ਤੁਹਾਡੀ ਹੀ ਜ਼ਮੀਨ ਹੈ। ਇਸ ਜ਼ਮੀਨ 'ਤੇ ਪੈਰ ਰੱਖ ਕੇ ਕੱਲ ਤੁਸੀਂ ਦਰਬਾਰ ਵਿਚ ਆਉਣਾ ਹੈ।

0 Comments