ਦੋ ਕੀਮਤੀ ਸੁਲੀਆਂ ਕਿਸ ਦੇ ਲਈ
Do kimti suliya kis de layi
ਇਕ ਦਿਨ ਅਕਬਰ ਦਰਬਾਰ ਵਿਚ ਆਏ ਤਾਂ ਉਹ ਬਹੁਤ ਗੁੱਸੇ ਵਿਚ ਸਨ। ਕੋਈ ਕੁਝ ਵੀ ਕਹਿੰਦਾ ਤਾਂ ਉਹ ਗੁੱਸੇ ਵਿਚ ਹੀ ਉੱਤਰ ਦਿੰਦੇ। ਦਰਬਾਰੀ ਸਮਝ ਗਏ ਕਿ ਅੱਜ ਬਾਦਸ਼ਾਹ ਦਾ ਮੂਡ ਠੀਕ ਨਹੀਂ ਹੈ।
ਦਰਬਾਰ ਬਰਖ਼ਾਸਤ ਹੋਣ ਤੇ ਬੀਰਬਲ ਨੇ ਅਕਬਰ ਕੋਲੋਂ ਉਹਨਾਂ ਦੇ ਗੁੱਸੇ ਦਾ ਕਾਰਨ ਪੁੱਛਿਆ।
ਅਕਬਰ ਨੇ ਕਿਹਾ, “ਅਰੇ ਛੱਡੋ ਇਸ ਗੱਲ ਨੂੰ। ਮੇਰਾ ਦਾਮਾਦ ਬੜਾ ਪਾਜੀ ਹੈ। ਮੈਂ ਗੁੱਸਾ ਨਾ ਕਰਾਂ ਤਾਂ ਕੀ ਕਰਾਂ। ਹਮੇਸ਼ਾ ਉਲਟੀਆਂ-ਸਿੱਧੀਆਂ ਹਰਕਤਾਂ ਕਰਦਾ ਰਹਿੰਦਾ ਹੈ। ਹੁਣ ਦੇਖੋ ਨਾ, ਆਪਣੀ ਬੇਟੀ ਨਾਲ ਮਿਲੇ ਹੋਏ ਮੈਨੂੰ ਇਕ ਸਾਲ ਹੋ ਗਿਆ ਹੈ। ਫਿਰ ਵੀ ਮੇਰਾ ਦਾਮਾਦ ਉਸ ਨੂੰ ਨਹੀਂ ਭੇਜਦਾ। ਅਕਬਰ ਨੇ ਗੁੱਸੇ ਨਾਲ ਕਿਹਾ।
ਜਹਾਂ ਪਨਾਹ, ਇਸ ਵਿਚ ਏਨੀ ਨਾਰਾਜ਼ ਹੋਣ ਵਾਲੀ ਕੀ ਗੱਲ ਹੈ ? ਮੈਂ ਅੱਜ ਹੀ ਬੇਟੀ ਨੂੰ ਲਿਆਉਣ ਦੇ ਲਈ ਆਦਮੀ ਭੇਜ ਦਿੰਦਾ ਹਾਂ।
“ਆਦਮੀ ਤਾਂ ਮੈਂ ਵੀ ਭੇਜਿਆ ਸੀ, ਪਰ ਦਾਮਾਦ ਮੰਨਦਾ ਹੀ ਨਹੀਂ। ਅਸਲ ਵਿਚ ਇਹ ਦਾਮਾਦ ਜਾਤੀ ਹੁੰਦੀ ਹੀ ਬਹੁਤ ਖ਼ਰਾਬ ਹੈ। ਹੁਣ ਤੁਸੀਂ ਇਕ ਕੰਮ ਕਰੋ, ਮੈਦਾਨ ਵਿਚ ਕੁਝ ਸੁਲੀਆਂ ਤਿਆਰ ਕਰਵਾਓ। ਅਸੀਂ ਆਪਣੇ ਰਾਜ ਦੇ ਸਾਰੇ ਦਾਮਾਦਾਂ ਨੂੰ ਸੁਲੀ ’ਤੇ ਚੜਾ ਦੇਵਾਂਗੇ।”
ਬੀਰਬਲ ਨੇ ਬਾਦਸ਼ਾਹ ਅਕਬਰ ਨੂੰ ਬਹੁਤ ਸਮਝਾਇਆ, ਫਿਰ ਵੀ ਉਹਨਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਉਹ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਆਖ਼ਰਕਾਰ ਬੀਰਬਲ ਨੇ ਇਕ ਮੈਦਾਨ ਵਿਚ ਕੁਝ ਸੁਲੀਆਂ ਤਿਆਰ ਕਰਵਾ ਦਿੱਤੀਆਂ।
ਜਦ ਬੀਰਬਲ ਅਕਬਰ ਨੂੰ ਮੈਦਾਨ ਵਿਚ ਸੂਲੀਆਂ ਦਿਖਾਉਣ ਲੈ ਗਏ ਤਾਂ ਸੁਲੀਆਂ ਦੇਖ ਕੇ ਬਾਦਸ਼ਾਹ ਦੀ ਤਸੱਲੀ ਹੋ ਗਈ। ਉਹ ਬੋਲੇ, “ਠੀਕ ਹੈ, ਹੁਣ ਮੈਂ ਆਪਣੇ ਰਾਜ ਤੋਂ ਦਾਮਾਦਾਂ (ਜਵਾਈਆਂ) ਦਾ ਨਾਮੋ-ਨਿਸ਼ਾਨ ਮਿਟਾ ਦੇਵਾਂਗਾ।”
ਇਨੇ ਵਿਚ ਇਕ ਸੋਨੇ ਅਤੇ ਇਕ ਚਾਂਦੀ ਦੀ ਸੂਲੀ ਤੇ ਅਕਬਰ ਦੀ ਨਜ਼ਰ ਪਈ ਤੇ ਉਹ ਹੈਰਾਨ ਹੋਏ।
ਉਹਨਾਂ ਨੇ ਬੀਰਬਲ ਨੂੰ ਪੁੱਛਿਆ, “ਅਰੋ ਬੀਰਬਲ ! ਤੁਸੀਂ ਇਹ ਦੋ ਕੀਮਤੀ ਸੁਲੀਆਂ ਕਿਸ ਦੇ ਲਈ ਬਣਵਾਈਆਂ ਹਨ ?
ਬੀਰਬਲ ਨੇ ਸਿਰ ਝੁਕਾ ਕੇ ਕਿਹਾ, “ਹਜ਼ੂਰ ! ਸੋਨੇ ਦੀ ਸੂਲੀ ਤੁਹਾਡੇ ਲਈ ਅਤੇ ਚਾਂਦੀ ਦੀ ਮੇਰੇ ਲਈ ।
ਬਾਦਸ਼ਾਹ ਅਕਬਰ ਸੋਚ ਵਿਚ ਪੈ ਗਏ।
ਉਹਨਾਂ ਨੇ ਬੀਰਬਲ ਨੂੰ ਕਿਹਾ, “ਮੈਂ ਤੁਹਾਨੂੰ ਅਜਿਹਾ ਕਰਨ ਲਈ ਕਦੋਂ ਕਿਹਾ ਸੀ ? ਅਸੀਂ ਦੋਵਾਂ ਨੇ ਸੁਲੀਆਂ ਤੇ ਥੋੜ੍ਹਾ ਹੀ ਚੜ੍ਹਨਾ ਹੈ।”
“ਜਹਾਂ ਪਨਾਹ। ਆਪ ਨੇ ਆਪਣੇ ਰਾਜ ਦੇ ਸਾਰੇ ਜਵਾਈਆਂ ਨੂੰ ਸੁਲੀ ’ਤੇ ਚੜਾਉਣ ਦੇ ਲਈ ਕਿਹਾ ਸੀ। ਤੁਸੀਂ ਅਤੇ ਮੈਂ ਵੀ ਤਾਂ ਕਿਸੇ ਦੇ ਜਵਾਈ ਹਾਂ। ਜੇਕਰ ਸਾਰੇ ਜਵਾਈ ਸੁਲੀਆਂ ’ਤੇ ਚੜਾਏ ਜਾਣਗੇ ਤਾਂ ਅਸੀਂ ਕਿਸ ਤਰਾਂ ਬਚ ਪਾਵਾਂਗੇ। ਤੁਸੀਂ ਬਾਦਸ਼ਾਹ ਹੋ, ਇਸ ਲਈ ਤੁਹਾੜੇ ਲਈ ਸੋਨੇ ਦੀ ਸੁਲੀ ਬਣਵਾਈ ਅਤੇ ਮੈਂ ਤੁਹਾਡਾ ਖ਼ਾਸ ਆਦਮੀ ਹਾਂ, ਇਸ ਲਈ ਆਪਣੇ ਲਈ ਚਾਂਦੀ ਦੀ ਸੁਲੀ ਬਣਵਾਈ ਹੈ। ਦੇਖੋ, ਦੋਵੇਂ ਸੁਲੀਆਂ ਕਿੰਨੀਆਂ ਚੰਗੀਆਂ ਬਣੀਆਂ ਹਨ।
ਬੀਰਬਲ ਦੀ ਗੱਲ ਸੁਣ ਕੇ ਬਾਦਸ਼ਾਹ ਅਕਬਰ ਚੁੱਪ ਹੋ ਗਏ । ਉਹਨਾਂ ਨੂੰ ਆਪਣੀ ਭੁੱਲ ਸਮਝ ਵਿਚ ਆ ਗਈ। ਅਕਬਰ ਨੇ ਤੁਰੰਤ ਰਾਜ ਦੇ ਜਵਾਈਆਂ ਨੂੰ ਸੁਲੀਆਂ ਤੇ ਚੜ੍ਹਾਉਣ ਦਾ ਆਦੇਸ਼ ਰੱਦ ਕਰ ਦਿੱਤਾ।

0 Comments