Akbar-Birbal Story "Asli Badshah", "ਅਸਲੀ ਬਾਦਸ਼ਾਹ" Punjabi Story for Students of Class 5, 6, 7, 8, 9, 10 in Punjabi Language.

ਅਸਲੀ ਬਾਦਸ਼ਾਹ 
Asli Badshah



ਬੀਰਬਲ ਦੀ ਚਤੁਰਾਈ ਅਤੇ ਸੂਝ-ਬੂਝ ਦੇ ਕਿੱਸੇ ਹੁਣ ਦੇਸ਼-ਵਿਦੇਸ਼ ਤਕ ਫੈਲ ਚੁੱਕੇ ਸਨ। ਲੋਕ ਉਸ ਦੀ ਸੂਝ-ਬੂਝ ਦੀ ਪ੍ਰਸੰਸਾ ਕਰਦੇ। ਕੁਝ ਲੋਕ ਉਹਨਾਂ ਦਾ ਇਮਤਿਹਾਨ ਤਕ ਲੈਣ ਆ ਚੁੱਕੇ ਸਨ।

ਮਿਸਰ ਦੇ ਬਾਦਸ਼ਾਹ ਨੇ ਵੀ ਬੀਰਬਲ ਦੀ ਚਤੁਰਾਈ ਦੀ ਬੜੀ ਪ੍ਰਸੰਸਾ ਸੁਣੀ ਤਾਂ ਉਸ ਨੇ ਸੋਚਿਆ ਕਿ ਮੈਂ ਬੀਰਬਲ ਦੀ ਚਤੁਰਾਈ ਦੀ ਪਰੀਖਿਆ ਲਵਾਂਗਾ। ਦੇਖਾਂ ਤਾਂ ਸਹੀ ਕਿ ਉਹ ਕਿੰਨਾ ਚਤੁਰ ਹੈ।

ਉਸ ਨੇ ਅਕਬਰ ਨੂੰ ਪੱਤਰ ਲਿਖਿਆ ਅਤੇ ਬੀਰਬਲ ਨੂੰ ਮਿਸਰ ਭੇਜਣ ਦੀ ਪ੍ਰਾਰਥਨਾ ਕੀਤੀ। ਅਕਬਰ ਨੇ ਬੀਰਬਲ ਨੂੰ ਮਿਸਰ ਭੇਜ ਦਿੱਤਾ।

ਮਿਸਰ ਦੇ ਮੰਤਰੀ ਨੇ ਬੜੇ ਜ਼ੋਰ-ਸ਼ੋਰ ਨਾਲ ਬੀਰਬਲ ਦਾ ਸਵਾਗਤ ਕੀਤਾ। ਫਿਰ ਉਸ ਨੇ ਬੀਰਬਲ ਨੂੰ ਸ਼ਾਹੀ ਮਹਿਮਾਨਖ਼ਾਨੇ ਵਿਚ ਠਹਿਰਾ ਦਿੱਤਾ ਅਤੇ ਕਿਹਾ, “ਤੁਸੀਂ ਕੱਲ੍ਹ ਦਰਬਾਰ ਵਿਚ ਆਉ। ਉਥੇ ਬਾਦਸ਼ਾਹ ਨਾਲ ਆਪ ਦੀ ਮੁਲਾਕਾਤ ਹੋਵੇਗੀ।

ਬੀਰਬਲ ਪਹਿਲਾਂ ਹੀ ਸਮਝ ਚੁੱਕੇ ਸੀ ਕਿ ਉਹਨਾਂ ਨੂੰ ਇਹ ਅਕਾਰਨ ਨਹੀਂ ਬੁਲਾਇਆ ਗਿਆ ਹੈ। ਜ਼ਰੂਰ ਹੀ ਦਾਲ ਵਿਚ ਕੁਝ ਕਾਲਾ ਹੈ, ਹੋਵੇ ਨਾ ਹੋਵੇ ਕੱਲ ਬਾਦਸ਼ਾਹ ਦੇ ਦਰਬਾਰ ਵਿਚ ਉਹਨਾਂ ਦਾ ਇਮਤਿਹਾਨ ਲਿਆ ਜਾਵੇਗਾ। ਮਗਰ ਬੀਰਬਲ ਭਲਾ ਅਜਿਹੀਆਂ ਪਰਿਸਥਿਤੀਆਂ ਵਿਚ ਕਿਥੇ ਘਬਰਾਉਣ ਵਾਲੇ ਸੀ। ਉਹਨਾਂ ਨੇ ਦੇਵੀ ਦਾ ਸਿਮਰਨ ਕੀਤਾ ਅਤੇ ਪੈਰ ਫੈਲਾ ਕੇ ਸੌਂ ਗਏ।

ਸਵੇਰੇ ਉੱਠ ਕੇ ਇਸ਼ਨਾਨ ਤੋਂ ਵਿਹਲੇ ਹੋ ਕੇ ਬੈਠੇ ਹੀ ਸਨ ਕਿ ਉਹਨਾਂ ਨੂੰ ਦਰਬਾਰ ਵਿਚ ਲੈ ਜਾਣ ਦੇ ਲਈ ਮੰਤਰੀ ਆ ਪਹੁੰਚਿਆ।

ਬੀਰਬਲ ਦਰਬਾਰ ਵਿਚ ਪਹੁੰਚੇ ਤਾਂ ਉਹਨਾਂ ਨੇ ਉਥੇ ਪੰਜ-ਪੰਜ ਬਾਦਸ਼ਾਹ ਬੈਠੇ ਦੇਖੇ । ਸਾਰੇ ਇਕੋ ਜਿਹੇ, ਜ਼ਰਾ ਜਿੰਨਾ ਵੀ ਫ਼ਰਕ ਨਹੀਂ।

ਬੀਰਬਲ ਸਮਝ ਗਏ ਕਿ ਇਹ ਲੋਕ ਮੇਰਾ ਇਮਤਿਹਾਨ ਹੀ ਲੈਣਾ ਚਾਹੁੰਦੇ ਹਨ। ਬੀਰਬਲ ਨੇ ਬੜੇ ਧਿਆਨ ਨਾਲ ਉਹਨਾਂ ਪੰਜਾਂ ਬਾਦਸ਼ਾਹਾਂ ਨੂੰ ਦੇਖਿਆ। ਉਹਨਾਂ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ, ਅੰਤ ਵਿਚ ਉਹ ਇਕ ਬਾਦਸ਼ਾਹ ਦੇ ਸਾਹਮਣੇ ਪਹੁੰਚੇ ਅਤੇ ਉਹਨਾਂ ਦਾ ਸਤਿਕਾਰ ਕੀਤਾ।

ਬਾਦਸ਼ਾਹ ਬਹੁਤ ਹੈਰਾਨ ਹੋਇਆ। ਉਹਨਾਂ ਨੇ ਬੀਰਬਲ ਨੂੰ ਪੁੱਛਿਆ, “ਮੈਂ ਹੀ ਅਸਲੀ ਬਾਦਸ਼ਾਹ ਹਾਂ, ਇਹ ਤੁਹਾਨੂੰ ਕਿਵੇਂ ਪਤਾ ਲੱਗਾ ??

ਬੀਰਬਲ ਨੇ ਕਿਹਾ, “ਜਹਾਂ ਪਨਾਹ ! ਜੋ ਨਕਲੀ ਬਾਦਸ਼ਾਹ ਸਨ, ਉਹ ਆਪਣੇ ਆਪ ਨੂੰ ਅਸਲੀ ਬਾਦਸ਼ਾਹ ਜਤਾਉਣ ਦੇ ਲਈ ਤਰ੍ਹਾਂ-ਤਰ੍ਹਾਂ ਦੀਆਂ ਚੇਸ਼ਟਾਵਾਂ ਕਰ ਰਹੇ ਸਨ। ਉਹ ਨਜ਼ਰਾਂ ਬਚਾ ਕੇ ਤੁਹਾਡੇ ਵੱਲ ਦੇਖ ਰਹੇ ਸਨ ਪਰੰਤੂ ਤੁਹਾਨੂੰ ਅਜਿਹਾ ਕਰਨ ਦੀ ਜ਼ਰੂਰਤ ਹੀ ਨਹੀਂ ਸੀ। ਇਸ ਲਈ ਤੁਸੀਂ ਸਥਿਰ ਬੈਠੇ ਹੋਏ ਸੀ। ਇਸ ਪ੍ਰਕਾਰ ਮੈਂ ਝੱਟ ਆਪ ਨੂੰ ਪਹਿਚਾਣ ਲਿਆ।”

ਬੀਰਬਲ ਦੀ ਚਤੁਰਾਈ ਨਾਲ ਮਿਸਰ ਦਾ ਬਾਦਸ਼ਾਹ ਬਹੁਤ ਖੁਸ਼ ਹੋਇਆ। ਉਸ ਨੇ ਬੀਰਬਲ ਨੂੰ ਕੀਮਤੀ ਇਨਾਮ ਦਿੱਤੇ ਅਤੇ ਕਈ ਦਿਨਾਂ ਤਕ ਸ਼ਾਹੀ ਮਹਿਮਾਨ ਬਣਾ ਕੇ ਰੱਖਣ ਤੋਂ ਬਾਅਦ ਵਿਦਾਅ ਕੀਤਾ।


Post a Comment

0 Comments