ਬੀਰਬਲ ਦਾ ਏਕਾਂਤ ਵਾਸ
Birbal da Ekant vaas
ਬੀਰਬਲ ਆਪਣੇ ਕੰਮ-ਕਾਰ ਤੋਂ ਵਿਹਲਾ ਹੋ ਕੇ ਸ਼ਾਮ ਵੇਲੇ ਦੋ ਘੰਟੇ ਤਕ ਬਿਲਕੁਲ ਇਕੱਲਾ ਬੈਠਿਆ ਕਰਦਾ ਸੀ। ਇਕ ਦਿਨ ਇਕ ਆਦਮੀ ਰਸਤੇ ਵਿਚ ਬੀਰਬਲ ਨੂੰ ਮਿਲ ਕੇ ਪੁੱਛਣ ਲੱਗਾ, “ਕਿਉਂ ਜੀ ! ਰਾਜਾ ਬੀਰਬਲ ਦਾ ਘਰ ਕਿਹੜਾ ਹੈ ???
ਬੀਰਬਲ ਨੇ ਆਪਣੇ ਘਰ ਦਾ ਪਤਾ ਦੱਸ ਦਿੱਤਾ। ਉਸ ਆਦਮੀ ਨੇ ਉਸ ਦੇ ਘਰ ਜਾ ਕੇ ਪੁੱਛਿਆ ਤਾਂ ਪਤਾ ਲੱਗਾ ਕਿ ਰਾਜਾ ਸਾਹਿਬ ਹੁਣੇ ਆਉਣ ਵਾਲੇ ਹਨ। ਉਹ ਉਡੀਕਣ ਵਾਸਤੇ ਬੈਠ ਗਿਆ।
ਦੋ-ਚਾਰ ਪਲਾਂ ਮਗਰੋਂ ਬੀਰਬਲ ਵੀ ਆ ਪਹੁੰਚਾ। ਉਸ ਆਦਮੀ ਨੇ ਪਛਾਣਿਆ ਤੇ ਕਹਿਣ ਲੱਗਾ, “ਹਜ਼ੂਰ ! ਮੈਂ ਤਾਂ ਆਪ ਨੂੰ ਆਪ ਦਾ ਘਰ ਪੁੱਛਣ ਲੱਗਿਆਂ ਪਛਾਣਿਆ ਨਹੀਂ ਸੀ, ਪਰ ਆਪ ਨੇ ਕਿਉਂ ਨਾ ਦੱਸ ਦਿੱਤਾ ਕਿ ਤੁਸੀਂ ਹੀ ਬੀਰਬਲ ਹੋ ???
ਬੀਰਬਲ ਨੇ ਉੱਤਰ ਦਿੱਤਾ, “ਤੁਸੀਂ ਉਸ ਵੇਲੇ ਬੀਰਬਲ ਦਾ ਘਰ ਪੁੱਛਿਆ ਸੀ, ਸੋ ਮੈਂ ਦੱਸ ਦਿੱਤਾ। ਜੇ ਤੁਸੀਂ ਬੀਰਬਲ ਨੂੰ ਪੁੱਛਦੇ ਤਾਂ ਮੈਂ ਆਪਣਾ ਆਪ ਦੱਸ ਦਿੰਦਾ।
ਉਸ ਆਦਮੀ ਨੇ ਕਿਹਾ, “ਮੈਂ ਅੱਜ ਆਪ ਪਾਸੋਂ ਇਹ ਪੁੱਛਣ ਆਇਆ ਹਾਂ ਕਿ ਆਪ ਜੋ ਰੋਜ਼ ਸ਼ਾਮ ਨੂੰ ਦੋ ਘੰਟੇ ਇਕਾਂਤ ਵਿਚ ਬੈਠਦੇ ਹੋ, ਇਸ ਦਾ ਕੀ ਲਾਭ ਹੈ ??
ਬੀਰਬਲ ਨੇ ਕਿਹਾ, “ਇਕਾਂਤ ਵਾਸ ਵਿਚ ਬੜੇ ਲਾਭ ਹਨ। ਇਕਾਂਤ ਵਿਚ ਬੜੀਆਂ ਚੰਗੀਆਂ ਸੋਚਾਂ ਫੁਰਦੀਆਂ ਹਨ, ਕਈ ਨਵੀਆਂ-ਨਵੀਆਂ ਤਜਵੀਜ਼ਾਂ ਸੁੱਝਦੀਆਂ ਹਨ। ਜੋ ਆਦਮੀ ਰੋਜ਼ ਇਕਾਂਤ ਵਿਚ ਸੋਚਦਾ ਹੈ, ਉਸ ਦੀ ਅਕਲ ਬੜੀ ਤੇਜ਼ ਹੋ ਜਾਂਦੀ ਹੈ।
0 Comments