ਬੇੜੀ ਵਾਲਿਆਂ ਦਾ ਝਗੜਾ
Beri waliya da jhagda
ਇਕ ਵਾਰੀ ਦੇਵੀ ਸਿੰਘ ਨਾਮੇ ਵਪਾਰੀ ਨੇ ਆ ਕੇ ਬੇਨਤੀ ਕੀਤੀ, “ਮਹਾਰਾਜ! ਮੈਂ ਵਪਾਰੀ ਹਾਂ, ਬੰਗਾਲੀ ਦੀ ਇਕ ਬੇੜੀ ਵਿਚ ਮਾਲ ਭਰ ਕੇ ਕੱਲ੍ ਹੀ ਆਇਆ ਹਾਂ। ਮਾਲ ਵਿਚ ਮਸਾਲਾ ਤੇ ਮੇਵਾ ਭਰਿਆ ਹੋਇਆ ਹੈ। ਇਥੇ ਪਹੁੰਚ ਕੇ ਜਦ ਮੈਂ ਮਾਲ ਉਤਾਰਨ ਲੱਗਾ ਤਾਂ ਬੇੜੀ ਦੇ ਮਾਲਕ ਨੇ ਲਾਹੁਣ ਨਾ ਦਿੱਤਾ। ਉਹ ਕਹਿੰਦਾ ਹੈ ਕਿ ਇਹ ਮਾਲ ਮੇਰਾ ਹੈ, ਮੇਰੇ ਪਾਸ ਮਾਲ ਦੀ ਰਸੀਦ ਵੀ ਨਹੀਂ, ਮਾਲ ਪੰਜ ਹਜ਼ਾਰ ਰੁਪਏ ਦਾ ਹੈ। ਮੈਂ ਗ਼ਰੀਬ ਮਾਰਿਆ ਜਾਵਾਂਗਾ।”
ਬੀਰਬਲ ਨੇ ਬੇੜੀ ਵਾਲੇ ਨੂੰ ਸੱਦ ਕੇ ਪੁੱਛਿਆ ਤਾਂ ਉਹ ਕਹਿਣ ਲੱਗਾ, “ਦੇਵੀ ਸਿੰਘ ਮੇਰੀ ਬੇੜੀ ਵਿਚ ਚੜ੍ਹ ਕੇ ਜ਼ਰੂਰ ਆਇਆ ਹੈ ਪਰ ਮਾਲ ਨੂੰ ਬਦੋਬਦੀ ਜੱਫਾ ਪਾਉਂਦਾ ਹੈ, ਮਾਲ ਤਾਂ ਮੇਰਾ ਆਪਣਾ ਹੈ।”
ਬੀਰਬਲ ਨੇ ਦੋਹਾਂ ਨੂੰ ਤੋਰ ਕੇ ਦੂਜੇ ਦਿਨ ਆਉਣ ਲਈ ਆਗਿਆ ਕੀਤੀ।
ਸ਼ਾਮ ਵੇਲੇ ਬੀਰਬਲ ਨੇ ਸ਼ਹਿਰ ਦੇ ਇਕ ਵੱਡੇ ਵਪਾਰੀ ਨੂੰ ਸੱਦਿਆ ਤੇ ਆਪ ਉਸ ਦੇ ਮੁਨੀਮ ਦਾ ਰੂਪ ਧਾਰ ਕੇ ਉਸ ਨੂੰ ਨਾਲ ਲੈ ਕੇ ਬੇੜੀ ਵਾਲੇ ਨੂੰ ਪੁੱਛਿਆ, “ਮੈਂ ਸੁਣਿਆ ਹੈ ਕਿ ਆਪ ਕੁਝ ਮੇਵਾ ਤੇ ਮਸਾਲਾ ਲਿਆਏ ਹੈ, ਜੇ ਵੇਚਣਾ ਹੋਵੇ ਤਾਂ ਅਸੀਂ ਖ਼ਰੀਦਦੇ ਹਾਂ।
ਬੇੜੀ ਵਾਲੇ ਨੇ ਕਿਹਾ, “ਹਾਂ, ਮੇਰੇ ਪਾਸ ਤੱਜ, ਲਾਚੀਆਂ, ਜਾਵਿੱਤਰੀ, ਜਾਈਫਲ, ਬਦਾਮ, ਪਿਸਤਾ ਆਦਿ ਮਾਲ ਹੈ, ਜੋ ਮੈਂ ਵੇਚਣਾ ਚਾਹੁੰਦਾ ਹਾਂ।
ਵਪਾਰੀ ਦੇ ਮੁਨੀਮ ਨੇ ਕਿਹਾ, “ਅੱਜ ਕੱਲ੍ਹ ਇਹਨਾਂ ਚੀਜ਼ਾਂ ਦਾ ਭਾਅ ਇਥੇ ਸਸਤਾ ਹੈ, ਲੋਕ ਘਾਟੇ ਝੱਲ ਕੇ ਮਾਲ ਕੱਢ ਰਹੇ ਹਨ, ਸਾਡੇ ਪਾਸ ਵੀ ਇਹ ਮਾਲ ਬਹੁਤ ਪਿਆ ਹੈ। ਜੇ ਤੁਸੀਂ ਯੋਗ ਮੁੱਲ 'ਤੇ ਦਿਉਗੇ ਤਾਂ ਅਸੀਂ ਤੁਹਾਡੇ ਪਾਸੋਂ ਲੈ ਕੇ ਇਹ ਮਾਲ ਆਪਣੇ ਕਿਸੇ ਹੋਰ ਸ਼ਹਿਰ ਦੇ ਆਤੀ ਨੂੰ ਭੇਜ ਦਿਆਂਗੇ।”
ਬੇੜੀ ਵਾਲੇ ਨੇ ਕਿਹਾ, “ਮੇਰਾ ਮਾਲ ਪੰਜ ਹਜ਼ਾਰ ਰੁਪਏ ਦਾ ਹੈ, ਜੋ ਆਪਣਾ ਨਫ਼ਾ ਤੇ ਬੇੜੀ ਦਾ ਕਿਰਾਇਆ ਛੱਡ ਦਿਆਂ ਤਾਂ ਪੰਜ ਹਜ਼ਾਰ ਰੁਪਿਆ ਲੈ ਲਵਾਂਗਾ।”, ਮੁਨੀਮ ਨੇ ਕਿਹਾ, “ਇਸ ਭਾਅ ਤੁਸੀਂ ਮਾਲ ਇਥੇ ਨਹੀਂ ਵੇਚ ਸਕੋਗੇ, ਜੋ ਰੁਪਏ ਦੇ ਬਾਰਾਂ ਆਨੇ ਲੈਣੇ ਹੋਣ ਤਾਂ ਪੌਣੇ ਚਾਰ ਹਜ਼ਾਰ ਰੁਪਿਆ ਨਕਦ ਗਿਣਾ ਲਵੋ।
ਬੇੜੀ ਵਾਲੇ ਨੇ ਕਿਹਾ, “ਚੰਗਾ, ਜਦ ਭਾਅ ਹੀ ਘਟ ਗਿਆ ਹੈ ਤਾਂ ਮੈਂ ਕੀ ਕਰ ਸਕਦਾ ਹਾਂ।”
ਸੇਠ ਵਪਾਰੀ ਨੇ ਮੁਨੀਮ ਨੂੰ ਕਿਹਾ, “ਤੁਸੀਂ ਐਵੇਂ ਹੀ ਸੌਦਾ ਕਰ ਰਹੇ ਹੋ। ਇਕ ਤਾਂ ਸਾਡੇ ਪਾਸ ਮਾਲ ਅੱਗੇ ਹੀ ਬਹੁਤ ਹੈ, ਦੂਜਾ ਅਸਾਂ ਅਜੇ ਇਸ ਮਾਲ ਦਾ ਨਮੂਨਾ ਵੀ ਨਹੀਂ ਦੇਖਿਆ।”
ਬੇੜੀ ਵਾਲੇ ਨੇ ਫ਼ੌਰਨ ਨਮੁਨਾ ਲਿਆ ਵਿਖਾਇਆ। ਵੇਖਦਿਆਂ ਹੀ ਮੁਨੀਮ ਨੇ ਕਿਹਾ, "ਓਹੋ, ਇਹ ਤਾਂ ਭਿੱਜਾ ਹੋਇਆ ਮਾਲੂਮ ਹੁੰਦਾ ਹੈ। ਜੇ ਤਿੰਨ ਹਜ਼ਾਰ ਉੱਕੇ-ਚੁੱਕੇ ਲੈਣੇ ਹਨ ਤਾਂ ਲੈ ਲਓ। ਅਸੀਂ ਵੀ ਕੁਝ ਖੱਟਣਾ ਹੈ। ਇਸ ਦੇ ਤਾਂ ਰੁਪਏ ਦੇ ਦਸ ਆਨੇ ਬਣਨੇ ਵੀ ਮੁਸ਼ਕਿਲ ਹਨ।
ਗੱਲ ਕੀ, ਬੇੜੀ ਵਾਲੇ ਨੇ ਤਿੰਨ ਹਜ਼ਾਰ ਹੀ ਮੰਨ ਲਿਆ ਤੇ ਵਪਾਰੀ ਹੁਰੀਂ ਦੂਜੇ ਦਿਨ ਆਉਣ ਦਾ ਕਰਾਰ ਕਰ ਕੇ ਚਲੇ ਗਏ।
ਉਥੋਂ ਤੁਰ ਕੇ ਦੋਵੇਂ ਜਣੇ ਦੇਵੀ ਸਿੰਘ ਦੇ ਪਾਸ ਗਏ। ਉਸ ਨੇ ਆਦਰ ਕੀਤਾ। ਗੱਲਬਾਤ ਵਿਚ ਉਸੇ ਮਾਲ ਦਾ ਜ਼ਿਕਰ ਆਇਆ। ਦੇਵੀ ਸਿੰਘ ਨੇ ਕਿਹਾ, “ਮੇਰਾ ਮਾਲ ਪੰਜ ਹਜ਼ਾਰ ਰੁਪਏ ਦਾ ਹੈ। ਜੇ ਚੰਗੇ ਭਾਉ ਇਥੇ ਵਿਕ ਗਿਆ ਤਾਂ ਵਾਹ-ਵਾਹ! ਨਹੀਂ ਤਾਂ ਕਿਸੇ ਹੋਰ ਸ਼ਹਿਰ ਨੂੰ ਲੈ ਜਾਵਾਂਗਾ।
ਮੁਨੀਮ ਨੇ ਕਿਹਾ, “ਏਥੇ ਅੱਜ-ਕੱਲ ਇਸ ਮਾਲ ਦਾ ਭਾਅ ਡਿੱਗਾ ਹੋਇਆ ਹੈ, ਜੇ ਤੁਸੀਂ ਕੁਝ ਘਾਟਾ ਝੱਲੋ ਤਾਂ ਵਿਕ ਸਕਦਾ ਹੈ।
ਦੇਵੀ ਸਿੰਘ ਨੇ ਕਿਹਾ, “ਘਾਟਾ ਝੱਲਣ ਮੇਰੇ ਵੈਰੀ । ਮੈਂ ਤਾਂ ਪੰਜ ਹਜ਼ਾਰ ਦੇ ਮਾਲ ਉੱਤੇ ਪੰਜ ਸੌ ਰੁਪਿਆ ਨਫ਼ਾ ਕਮਾਵਾਂਗਾ।”
ਸੇਠ ਜੀ ਨੇ ਕਿਹਾ, “ਦੋ ਸੌ ਰੁਪਿਆ ਘੱਟ ਲੈ ਲਵੋ।
ਦੇਵੀ ਸਿੰਘ ਨੇ ਕਿਹਾ, “ਮਹਾਰਾਜ! ਮੈਂ ਨਫ਼ੇ ਬਿਨਾਂ ਕਦੀ ਵਪਾਰ ਨਹੀਂ ਕਰਦਾ। ਬੇੜੀ ਦਾ ਕਿਰਾਇਆ ਵੀ ਮੈਂ ਦੇਣਾ ਹੈ, ਮੈਂ ਤਾਂ ਪੂਰਾ ਸਾਢੇ ਪੰਜ ਹਜ਼ਾਰ ਰੁਪਿਆ ਹੀ ਲਵਾਂਗਾ। ਗੱਲ ਕੀ ਉਥੇ ਵੀ ਦੋਵੇਂ ਜਣੇ ਦੂਜੇ ਦਿਨ ਆਉਣ ਦਾ ਕਰਾਰ ਕਰ ਕੇ ਚਲੇ ਗਏ।
ਦੂਜੇ ਦਿਨ ਦੇਵੀ ਸਿੰਘ ਤੇ ਬੇੜੀ ਵਾਲਾ ਹੁਕਮ ਅਨੁਸਾਰ ਬੀਰਬਲ ਦੀ ਅਦਾਲਤ ਵਿਚ ਹਾਜ਼ਰ ਹੋਏ । ਬੀਰਬਲ ਨੇ ਉਸ ਸੇਠ ਵਪਾਰੀ ਨੂੰ ਸੱਦ ਲਿਆ ਤੇ ਬੇੜੀ ਵਾਲੇ ਨੂੰ ਕਿਹਾ, “ਜੇ ਇਹ ਮਾਲ ਤੇਰਾ ਹੈ ਤਾਂ ਸਬੂਤ ਦੇਹ।”
ਉਸ ਨੇ ਕਿਹਾ, “ਬੱਸ ਮੇਰਾ ਸਬੂਤ ਇਹੋ ਹੈ ਕਿ ਮਾਲ ਮੇਰੋ ਕਬਜ਼ੇ ਵਿਚ ਹੈ।
ਬੀਰਬਲ ਨੇ ਬੇੜੀ ਦੇ ਨੌਕਰਾਂ ਨੂੰ ਸੱਦ ਦੇ ਪੁੱਛਿਆ ਤਾਂ ਉਹਨਾਂ ਨੇ ਵੀ ਇਹੋ ਕਿਹਾ ਕਿ ਮਾਲ ਬੇੜੀ ਵਾਲੇ ਦਾ ਹੈ। ਹੁਣ ਤਾਂ ਬੀਰਬਲ ਨੂੰ ਕੋਧ ਚੜ ਗਿਆ। ਉਸ ਨੇ ਬੇੜੀ ਵਾਲੇ ਨੂੰ ਕਿਹਾ, “ਕਿਉਂ ਓਏ ਹਰਾਮਖੋਰ ! ਜੇ ਮਾਲ ਤੇਰਾ ਹੀ ਹੁੰਦਾ ਤਾਂ ਤੂੰ ਤਿੰਨ ਹਜ਼ਾਰ ਤੋਂ ਵੇਚਣਾ ਕਿਸ ਤਰ੍ਹਾਂ ਪ੍ਰਵਾਨ ਕਰ ਲੈਂਦਾ। ਦੇਖ, ਕੱਲ੍ਹ ਵਾਲਾ ਵਪਾਰੀ ਇਹ ਬੈਠਾ ਹੈ ਤੇ ਮੁਨੀਮ ਮੈਂ ਹਾਂ।” ਇਹ ਕਹਿ ਕੇ ਉਸ ਨੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ। ਉਹ ਬੈਂਤ ਲੈ ਕੇ ਬੇੜੀ ਵਾਲੇ ਤੇ ਉਸ ਦੇ ਨੌਕਰਾਂ ਦੇ ਦੁਆਲੇ ਹੋ ਗਏ । ਫਿਰ ਤਾਂ ਸਾਰੇ ਬੋਲ ਪਏ ਕਿ ਮਾਲ ਸੱਚਮੁੱਚ ਦੇਵੀ ਸਿੰਘ ਦਾ ਹੈ। ਬੀਰਬਲ ਨੇ ਦੇਵੀ ਸਿੰਘ ਨੂੰ ਮਾਲ ਦੁਆ ਕੇ ਬੇੜੀ ਵਾਲੇ ਤੇ ਉਸ ਦੇ ਨੌਕਰਾਂ ਨੂੰ ਸਜ਼ਾ ਦਿੱਤੀ।

0 Comments