ਬੇਗਮ ਬਹਿਕ ਗਈ
Begum Bahar Gai
ਇਹ ਸਰਵ-ਪ੍ਰਮਾਣਿਤ ਹੈ ਕਿ ਬਾਦਸ਼ਾਹ ਅਕਬਰ ਬੀਰਬਲ ਨੂੰ ਜੀ-ਜਾਨ ਤੋਂ ਚਾਹੁੰਦੇ ਸੀ, ਪਰ ਉਹਨਾਂ ਦੇ ਦਰਬਾਰ ਦੇ ਹੋਰ ਦਰਬਾਰੀ, ਕਰਮਚਾਰੀ ਅਤੇ ਰਿਸ਼ਤੇਦਾਰ ਬੀਰਬਲ ਨਾਲ ਵੈਰਭਾਵ ਰੱਖਦੇ ਸਨ। ਉਹ ਲੋਕ ਕਿਸੇ ਨਾ ਕਿਸੇ ਬਹਾਨੇ ਬੀਰਬਲ ਨੂੰ ਉਥੋਂ ਕੱਢਣਾ ਚਾਹੁੰਦੇ ਸਨ। ਪਰੰਤੂ ਹਰ ਵਾਰ ਬੀਰਬਲ ਦੀ ਬੁੱਧੀ ਦੇ ਅੱਗੇ ਉਹਨਾਂ ਨੂੰ ਹਾਰ ਮੰਨਣੀ ਪੈਂਦੀ ਸੀ।
ਕਾਫ਼ੀ ਕੋਸ਼ਿਸ਼ ਕਰਨ ਦੇ ਬਾਅਦ ਬੀਰਬਲ ਦੇ ਵਿਰੋਧੀਆਂ ਨੇ ਜਦੋਂ ਇਹ ਸਮਝ ਲਿਆ ਕਿ ਇਸ ਤਰ੍ਹਾਂ ਨਾਲ ਉਸ ਨੂੰ ਹਟਾਉਣਾ ਅਸੰਭਵ ਹੈ ਤਦ ਉਹਨਾਂ ਸਾਰਿਆਂ ਨੇ ਮਿਲ ਕੇ ਬੇਗਮ ਦੇ ਭਰਾ ਨੂੰ ਰਾਜ਼ੀ ਕੀਤਾ। ਉਸ ਨੂੰ ਭੜਕਾਇਆ ਅਤੇ ਕਿਹਾ, “ਤੁਹਾਡੇ ਵਰਗੇ ਕੁਸ਼ਲ ਵਿਅਕਤੀ ਦੇ ਰਹਿੰਦੇ ਅਕਬਰ ਬਾਦਸ਼ਾਹ ਇਕ ਹਿੰਦੂ ਨੂੰ ਆਪਣਾ ਪ੍ਰਧਾਨ ਮੰਤਰੀ ਬਣਾਵੇ, ਇਸ ਵਿਚ ਸਭ ਤੋਂ ਜ਼ਿਆਦਾ ਤੁਹਾਡਾ ਹੀ ਅਪਮਾਨ ਹੈ। ਇਹ ਕਹਿ ਕੇ ਅਤੇ ਖੂਬ ਸਿਖਾ-ਪੜ੍ਹਾ ਕੇ ਉਸ ਨੂੰ ਬੇਗਮ ਦੇ ਕੋਲ ਭੇਜਿਆ।
ਬੇਗਮ ਦੇ ਭਰਾ ਨੇ ਮੰਤਰੀ ਪਦ ਪ੍ਰਾਪਤੀ ਦੀ ਲਾਲਸਾ ਨਾਲ ਆਪਣੀ ਭੈਣ ਦੇ ਕੋਲ ਜਾ ਕੇ ਬੀਰਬਲ ਦੀ ਬਹੁਤ ਨਿੰਦਿਆ ਕੀਤੀ ਅਤੇ ਅਕਬਰ ਬਾਦਸ਼ਾਹ ਦਾ ਦਿਲ ਬੀਰਬਲ ਦੇ ਵਿਰੁੱਧ ਭਰ ਦੇਣ ਦਾ ਭਰਪੂਰ ਯਤਨ ਕਰਨ ਲਈ ਕਿਹਾ। ਬੇਗਮ ਆਪਣੇ ਭਰਾ ਦੇ ਕਥਨ ਨੂੰ ਟਾਲ ਨਾ ਸਕੀ। ਉਸ ਨੇ ਇਸ ਬਾਰੇ ਅਕਬਰ ਬਾਦਸ਼ਾਹ ਨਾਲ ਗੱਲ ਕੀਤੀ, ਪਰ ਬਾਦਸ਼ਾਹ ਨੇ ਸੁਣੀ ਅਣਸੁਣੀ ਕਰ ਦਿੱਤੀ।
ਬੇਗਮ ਨੇ ਜਦ ਇਹ ਦੇਖਿਆ ਕਿ ਸਾਧਾਰਨ ਤਰੀਕੇ ਨਾਲ ਅਕਬਰ ਬਾਦਸ਼ਾਹ ਦੀ ਬੁੱਧੀ ਨਹੀਂ ਪਲਟ ਸਕਦੀ ਤਾਂ ਉਸ ਨੇ ਆਪਣੇ ਇਸਤਰੀ ਸੁਲੱਭ ਸ਼ਾਸਤਰਾਂ ਨੂੰ ਵਿਵਹਾਰ ਵਿਚ ਲਿਆਉਣ ਦਾ ਨਿਸ਼ਚਾ ਕੀਤਾ। ਦੂਸਰੇ ਦਿਨ ਰਾਤ ਨੂੰ ਜਦੋਂ ਅਕਬਰ ਬਾਦਸ਼ਾਹ ਮਹੱਲ ਵਿਚ ਆਏ. ਰੋਜ਼ਾਨਾ ਦੀ ਤਰ੍ਹਾਂ ਨਾ ਤਾਂ ਬੇਗਮ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਨਾ ਹੀ ਕੁਝ ਬੋਲੀ। ਅਕਬਰ ਬਾਦਸ਼ਾਹ ਨੇ ਬੇਗਮ ਦੀ ਬੇਰੁਖ਼ੀ ਦਾ ਕਾਰਨ ਸਮਝ ਲਿਆ, ਪਰ ਅਣਜਾਣ ਬਣ ਕੇ ਇਸ ਬੇਰੁਖੀ ਦਾ ਕਾਰਨ ਪੁੱਛਣ ਲੱਗੇ। ਬੇਗਮ ਨੇ ਅੱਖਾਂ ਵਿਚ ਬਣਾਵਟੀ ਅੱਥਰੂ ਭਰ ਕੇ ਜਵਾਬ ਦਿੱਤਾ, “ਜੇਕਰ ਤਸੀਂ ਮੈਨੂੰ ਖ਼ੁਸ਼ ਦੇਖਣਾ ਚਾਹੁੰਦੇ ਹੋ ਤਾਂ ਬੀਰਬਲ ਨੂੰ ਕੱਢ ਕੇ ਉਸ ਦੀ ਜਗਾ ਤੇ ਕਿਸੇ ਅਜਿਹੇ ਵਿਅਕਤੀ ਨੂੰ ਦੀਵਾਨ ਬਣਾਓ ਜੋ ਮੁਸਲਮਾਨ ਹੋਵੇ, ਨਹੀਂ ਤਾਂ ਮੈਂ ਜ਼ਹਿਰ ਖਾ ਕੇ ਜਾਨ ਦੇ ਦਿਆਂਗੀ।”
ਬੇਗਮ ਦਾ ਨਿਸ਼ਾਨਾ ਅਕਬਰ ਬਾਦਸ਼ਾਹ ਉਪਰ ਸਹੀ ਬੈਠਿਆ। ਉਹ ਘਬਰਾ ਗਏ। ਕੁਝ ਦੇਰ ਚੁੱਪ ਰਹਿਣ ਦੇ ਬਾਅਦ ਉਹ ਬੇਗਮ ਨੂੰ ਕਹਿਣ ਲੱਗੇ,
ਬਿਨਾ ਕਿਸੇ ਅਪਰਾਧ ਦੇ ਬੀਰਬਲ ਨੂੰ ਕੱਢ ਦੇਣ ਦੇ ਨਾਲ ਜਨਤਾ ਵਿਚ ਅਸੰਤੋਸ਼ ਫੈਲ ਜਾਏਗਾ। ਤੁਸੀਂ ਕੋਈ ਅਜਿਹਾ ਉਪਾਅ ਦੱਸੋ ਜਿਸ ਨਾਲ ਬੀਰਬਲ ਅਪਰਾਧੀ ਸਾਬਤ ਹੋ ਜਾਏ। ਇਸ ਤਰ੍ਹਾਂ ਹੁੰਦੇ ਹੀ ਉਹ ਖ਼ੁਦ ਅਹੁਦਾ ਛੱਡ ਕੇ ਕਿਤੇ ਚਲਾ ਜਾਏਗਾ ਕਿਉਂਕਿ ਉਹ ਬਹੁਤ ਸਵਾਭਿਮਾਨੀ ਹੈ।”
ਬੇਗਮ ਨੂੰ ਅਕਬਰ ਬਾਦਸ਼ਾਹ ਦੀਆਂ ਗੱਲਾਂ ਨਾਲ ਧੀਰਜ ਹੋਇਆ। ਉਹ ਕੋਈ ਉਪਾਅ ਸੋਚਣ ਲੱਗੀ। ਕੁਝ ਦੇਰ ਬਾਅਦ ਬੇਗਮ ਦਾ ਚਿਹਰਾ ਖਿਲ ਉਠਿਆ, “ਇਸ ਦੀ ਇਕ ਸਰਲ ਤਰਕੀਬ ਮੇਰੀ ਸਮਝ 'ਚ ਆ ਗਈ ਹੈ। ਕੱਲ ਸਵੇਰ ਹੁੰਦੇ ਹੀ ਤੁਸੀਂ ਨਰਾਜ਼ ਹੋ ਕੇ ਬਾਗ਼ ਵਿਚ ਚਲੇ ਜਾਉ ਅਤੇ ਬੀਰਬਲ ਨੂੰ ਕਹੋ ਕਿ ਤੁਹਾਨੂੰ ਮਨਾਉਣ ਦੇ ਲਈ ਉਹ ਬੇਗਮ ਨੂੰ ਬਾਗ਼ ਵਿਚ ਲੈ ਕੇ ਆਵੇ। ਅਗਰ ਨਹੀਂ ਲਿਆ ਸਕੇ ਤਾਂ ਅਹੁਦੇ ਤੋਂ ਹਟਾ ਦਿੱਤੇ ਜਾਉਗੇ।
ਅਕਬਰ ਬਾਦਸ਼ਾਹ ਨੇ ਬੇਗਮ ਦੀ ਗੱਲ ਮੰਨ ਲਈ। ਸਵੇਰ ਹੁੰਦੇ ਹੀ ਅਕਬਰ ਬਾਦਸ਼ਾਹ ਅਤੇ ਬੇਗਮ ਵਿਚ ਅਣਬਣ ਹੋਣ ਦੀ ਖ਼ਬਰ ਜਦੋਂ ਬੀਰਬਲ ਨੂੰ ਮਿਲੀ ਤਾਂ ਉਹ ਬਾਦਸ਼ਾਹ ਨੂੰ ਮਿਲਣ ਬਾਗ਼ ਵਿਚ ਗਏ । ਉਸ ਨੂੰ ਦੇਖ ਕੇ ਅਕਬਰ ਬਾਦਸ਼ਾਹ ਨੇ ਉਸ ਨੂੰ ਬੇਗਮ ਦੇ ਕਥਨ ਅਨੁਸਾਰ ਕਹਿ ਸੁਣਾਇਆ।
ਬੀਰਬਲ ਨੇ ਵੀ ਆਪਣੇ ਵਾਲ ਧੁੱਪ ਵਿਚ ਸਫ਼ੈਦ ਨਹੀਂ ਕੀਤੇ ਸੀ, ਉਹ ਸਭ ਚਾਲ ਸਮਝ ਗਏ । ਤੁਰੰਤ ਹੀ ਆਪਣੇ ਗੁਪਤਚਰਾਂ ਨੂੰ ਕੁਝ ਜ਼ਰੂਰੀ ਗੱਲਾਂ ਸਮਝਾ ਕੇ ਬੇਗਮ ਦੇ ਕੋਲ ਪਹੁੰਚੇ। ਬੇਗਮ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਉਸ ਨੇ ਬੇਗਮ ਨੂੰ ਇਧਰ-ਉਧਰ ਦੀਆਂ ਗੱਲਾਂ ਵਿਚ ਉਲਝਾ ਲਿਆ। ਤਦ ਹੀ ਉਹਨਾਂ ਦਾ ਸਿਖਾਇਆ ਹੋਇਆ ਗੁਪਤਚਰ ਉਥੇ ਪਹੁੰਚਿਆ ਅਤੇ ਉਹ ਬੋਲਿਆ, “ਦੀਵਾਨ ਜੀ, ਇਸ ਆਪਸੀ ਝਗੜੇ ਦਾ ਕਾਰਨ ਆਪਸੀ ਕਹਾ-ਸੁਣੀ ਹੈ। ਜਹਾਂ ਪਨਾਹ ਆਪਣੀ ਗੱਲ 'ਤੇ ਦਿੜ ਹਨ। ਤੁਸੀਂ ਵਿਅਰਥ ਹੀ ਇਹ ਕੋਸ਼ਿਸ਼ ਕਰ ਰਹੇ ਹੋ। ਮੇਰੀ ਰਾਇ ਵਿਚ ਤਾਂ ਤੁਸੀਂ ਅਕਬਰ ਬਾਦਸ਼ਾਹ ਦੀ ਬੁੱਧੀ ਪਲਟ ਦਿਉ, ਜੇਕਰ ਉਹਨਾਂ ਨੇ ਅਜਿਹਾ ਕਰ ਲਿਆ ਤਾਂ ਇਸ ਨਾਲ ਤੁਹਾਡਾ ਕੰਮ ਬਣ ਹੀ ਜਾਏਗਾ।
ਬੇਗਮ ਨੇ ਇਸ ਗੱਲ ਨੂੰ ਧਿਆਨ ਪੂਰਵਕ ਸੁਣਿਆ। ਉਸ ਆਦਮੀ ਦੇ ਚਲੇ ਜਾਣ ਦੇ ਬਾਅਦ ਬੀਰਬਲ ਨੇ ਬੇਗਮ ਨੂੰ ਕਿਹਾ, “ਇਹ ਆਦਮੀ ਅਕਬਰ ਬਾਦਸ਼ਾਹ ਦਾ ਸੰਦੇਸ਼ ਲਿਆਇਆ ਸੀ ਕਿ ਬਾਦਸ਼ਾਹ ਤੁਹਾਡੇ ਨਾਲ ਇਸ ਕਾਰਨ ਨਰਾਜ਼ ਹੈ ਕਿ ਤੁਸੀਂ ਉਹਨਾਂ ਨੂੰ ਸਮੇਂ-ਸਮੇਂ 'ਤੇ ਗ਼ਲਤ ਕੰਮ ਕਰਨ ਨੂੰ ਕਹਿ ਦਿੰਦੇ ਹੋ ਅਤੇ ਬਿਨਾਂ ਵਜ਼ਾ ਹੀ ਰੁੱਸ ਜਾਂਦੇ ਹੋ। ਇਸ ਨਾਲ ਅਕਬਰ ਬਾਦਸ਼ਾਹ ਦਾ ਦਿਲ ਤੁਹਾਡੇ ਨਾਲ ਬਹੁਤ ਨਰਾਜ਼ ਹੋ ਗਿਆ। ਉਹ ਜਲਦੀ ਹੀ ਨਵੀ ਬੇਗਮ ਲਿਆਉਣ ਵਾਲੇ ਹਨ।
ਬੀਰਬਲ ਦੇ ਮੂੰਹ 'ਚੋਂ ਅਜਿਹਾ ਕਥਨ ਸੁਣਦੇ ਹੀ ਬੇਗਮ ਨੂੰ ਯਕੀਨ ਹੋ ਗਿਆ ਕਿ ਜ਼ਰੂਰ ਹੀ ਅਕਬਰ ਬਾਦਸ਼ਾਹ ਨਵੀਂ ਬੇਗਮ ਲਿਆਉਣ ਦਾ ਯਤਨ ਕਰ ਰਹੇ ਹੋਣਗੇ।
ਬੇਗਮ ਨੂੰ ਵਿਚਾਰਾਂ ਵਿਚ ਮਗਨ ਦੇਖ ਕੇ ਬੀਰਬਲ ਉਥੋਂ ਚਲੇ ਆਏ। ਉਸ ਦੇ ਜਾਂਦਿਆਂ ਹੀ ਬੇਗਮ ਨੇ ਕੱਪੜੇ ਬਦਲੇ ਅਤੇ ਪਾਲਕੀ ਵਿਚ ਸਵਾਰ ਹੋ ਕੇ ਬਾਗ਼ ਵਿਚ ਅਕਬਰ ਦੇ ਕੋਲ ਜਾ ਪਹੁੰਚੀ। ਉਸ ਨੇ ਤਰ੍ਹਾਂ-ਤਰ੍ਹਾਂ ਨਾਲ ਅਕਬਰ ਦੀ ਖ਼ੁਸ਼ਾਮਦ ਕੀਤੀ। ਤਦ ਅਕਬਰ ਨੇ ਕਿਹਾ, “ਜ਼ਰੂਰ ਹੀ ਬੀਰਬਲ ਨੇ ਤੁਹਾਨੂੰ ਬਹਿਕਾ ਦਿੱਤਾ ਹੈ।”
“ਜਹਾਂ ਪਨਾਹ, ਬੀਰਬਲ ਮੈਨੂੰ ਨਹੀਂ ਬਹਿਕਾ ਸਕੇ । ਮੈਂ ਇੰਨੀ ਮੁਰਖ ਨਹੀਂ ਹਾਂ, ਸਭ ਸਮਝਦੀ ਹਾਂ। ਮੇਰੇ ਹੁੰਦੇ ਹੋਏ ਤੁਸੀਂ ਕਿਸੇ ਦੁਸਰੀ ਔਰਤ ਨੂੰ ਖ਼ਾਸ ਦਰਜਾ ਨਹੀਂ ਦੇ ਸਕਦੇ। ਮਿਹਰਬਾਨੀ ਕਰ ਕੇ ਮੈਨੂੰ ਮਾਫ਼ ਕਰੋ, ਹੁਣ ਕਦੇ ਵੀ ਕੋਈ ਗੁਸਤਾਖ਼ੀ ਨਹੀਂ ਹੋਵੇਗੀ ।” ਬੇਗਮ ਨੇ ਬਾਦਸ਼ਾਹ ਦੇ ਸਾਹਮਣੇ ਨਤਮਸਤਕ ਹੋ ਕੇ ਕਿਹਾ।
ਬੇਗਮ ਦੀਆਂ ਬੇਸਿਰ-ਪੈਰ ਦੀਆਂ ਗੱਲਾਂ ਤੋਂ ਅਕਬਰ ਬਾਦਸ਼ਾਹ ਸਮਝ ਗਿਆ ਕਿ ਜ਼ਰੂਰ ਹੀ ਬੀਰਬਲ ਨੇ ਕੋਈ ਗੁਲ ਖਿਲਾਇਆ ਹੈ। ਇਸ ਦੇ ਬਾਅਦ ਬੇਗਮ ਨੂੰ ਵਿਸ਼ਵਾਸ ਦਿਵਾਉਣ ਲਈ ਜਦ ਉਹਨਾਂ ਨੇ ਕਸਮ ਖਾਧੀ ਕਿ ਉਹ ਕਿਸੇ ਦੂਸਰੀ ਬੇਗਮ ਦੀ ਤਲਾਸ਼ ਵਿਚ ਨਹੀਂ ਹੈ, ਤਦ ਬੇਗਮ ਨੂੰ ਯਕੀਨ ਹੋਇਆ।
ਅਕਬਰ ਬਾਦਸ਼ਾਹ ਨੇ ਬੇਗਮ ਤੋਂ ਸਾਰਾ ਹਾਲ ਪੁੱਛਿਆ। ਬੇਗਮ ਨੇ ਗੁਪਤਚਰ ਦੀ ਸੂਚਨਾ ਅਤੇ ਬੀਰਬਲ ਦਾ ਕਥਨ ਅਕਬਰ ਬਾਦਸ਼ਾਹ ਨੂੰ ਸੁਣਾ ਦਿੱਤਾ। ਸੁਣ ਕੇ ਅਕਬਰ ਬਾਦਸ਼ਾਹ ਹੱਸਦੇ-ਹੱਸਦੇ ਲੋਟ-ਪੋਟ ਹੋ ਗਏ । ਹੁਣ ਬੇਗਮ ਨੂੰ ਇਹ ਸਮਝਣ ਵਿਚ ਦੇਰ ਨਾ ਲੱਗੀ ਕਿ ਉਹ ਸਚਮੁੱਚ ਹੀ ਬੀਰਬਲ ਦੇ ਬਹਿਕਾਵੇ ਵਿਚ ਆ ਗਈ ਸੀ। ਪਰ ਹੁਣ ਪਛਤਾਉਣ ਨਾਲ ਕੀ ਹੋ ਸਕਦਾ ਹੈ। ਬੇਗਮ ਨੂੰ ਇਸ ਹਾਰ ਦਾ ਸਦਮਾ ਪਹੁੰਚਿਆ। ਉਸ ਨੇ ਫਿਰ ਬੀਰਬਲ ਦੇ ਵਿਰੁੱਧ ਅਕਬਰ ਨੂੰ ਕਦੇ ਕੁਝ ਨਹੀਂ ਕਿਹਾ।

0 Comments