ਜਾਦੂ ਵਾਲਾ ਭਾਈ
Jadu Wala Bhai
ਕੁਝ ਦਿਨ ਹੋਏ ਸਕੂਲ 'ਚ ਆਇਆ ਜਾਦੂ ਵਾਲਾ ਭਾਈ
ਬੱਚੇ ਦੇਖ ਕੇ ਦੰਗ ਰਹਿ ਗਏ, ਉਸ ਜੋ ਕਲਾ ਦਿਖਾਈ
ਖੋਲ੍ਹੀ ਆ ਕੇ ਜਦੋਂ ਓਸਨੇ, ਜਾਦੂ ਵਾਲੀ ਪਟਾਰੀ
ਅੱਗੇ-ਅੱਗੇ ਵਧਦੀ ਜਾਵੇ, ਭੀੜ ਬਾਲਾਂ ਦੀ ਸਾਰੀ
ਉਸ ਦੇ ਕਰਤਬ ਦੇਖ ਕੇ ਸਭ ਨੇ, ਤਾੜੀ ਖ਼ੂਬ ਵਜਾਈ
ਕੁਝ ਦਿਨ ਹੋਏ…
ਲਾਲ ਰੰਗ ਤੋਂ ਝੱਟ ਬਣਾਏ ਉਸਨੇ ਪੀਲੇ ਫੁੱਲ
ਦੇਖਣ ਵਾਲੇ ਹੈਰਾਨ ਹੋ ਗਏ, ਅੱਖਾਂ ਗਈਆਂ ਖੁੱਲ੍ਹ
ਦੇਖਦਿਆਂ ਹੀ ਸੱਪ ਬਣ ਗਿਆ, ਰੱਸੀ ਓਸ ਦਿਖਾਈ
ਕੁਝ ਦਿਨ ਹੋਏ….
ਕਾਗ਼ਜ਼ ਦੇ ਫਿਰ ਨੋਟ ਬਣਾਏ, ਚੀਜ਼ਾਂ ਕਰੀਆਂ ਗ਼ੈਬ
ਕਾਲੇ ਕੋਟ 'ਚੋਂ ਕੱਢ ਖਿਡੌਣੇ, ਧਰਿਆ ਖ਼ਾਲੀ ਬੈਗ
ਕੁਝ ਬੱਚੇ ਤਾਂ ਸਹਿਮ ਗਏ ਸਨ, ਅੱਗ ਜਦ ਮੂੰਹ ਵਿਚ ਪਾਈ
ਕੁਝ ਦਿਨ ਹੋਏ…
ਘਰ ਜਾ ਕੇ ਨਾ ਗੈਸਾਂ ਕਰਿਓ, ਜਾਦੂਗਰ ਸਮਝਾਵੇ
ਹਰ ਬੱਚਾ ਹੀ ਸਿੱਖ ਸਕਦਾ ਹੈ ਜੇਕਰ ਸਿਖਣਾ ਚਾਹਵੇ
ਜਾਦੂ ਨਾ ਕੋਈ ਗ਼ੈਬੀ ਸ਼ਕਤੀ, ਇਹ ਹੱਥਾਂ ਦੀ ਸਫ਼ਾਈ
ਕੁਝ ਦਿਨ ਹੋਏ ...
0 Comments