Punjabi Moral Story Stepmother and two daughters "ਮਤਰੇਈ ਮਾਂ ਅਤੇ ਦੋ ਕੁੜੀਆਂ" for Students and Kids in Punjabi Language.

ਮਤਰੇਈ ਮਾਂ ਅਤੇ ਦੋ ਕੁੜੀਆਂ 
Stepmother and two daughters

ਇਕ ਭਾਈ ਰਾਜਾ ਹੁੰਦਾ ਸੀ ਅਤੇ ਇਕ ਸੀ ਉਸ ਦੀ ਰਾਣੀ। ਅਚਾਨਕ ਰਾਣੀ ਬਿਮਾਰ ਹੋ ਗਈ। ਮਰਨ ਕਿਨਾਰੇ ਹੋ ਗਈ। ਉਸ ਨੇ ਸੋਚਿਆ ਕਿ ਕਿਤੇ ਉਹ ਮਰ ਹੀ ਨਾ ਜਾਵੇ। ਉਸ ਨੂੰ ਸਭ ਤੋਂ ਵੱਧ ਫ਼ਿਕਰ ਆਪਣੀਆਂ ਦੋ ਛੋਟੀਆਂ ਛੋਟੀਆਂ ਕੁੜੀਆਂ ਦਾ ਸੀ। ਉਸ ਨੇ ਰਾਜੇ ਨੂੰ ਕੋਲ ਬਿਠਾ ਕੇ ਤਰਲਾ ਕੀਤਾ ਕਿ ਜੇਕਰ ਮੈਂ ਮਰ ਗਈ ਤਾਂ ਤੂੰ ਦੂਜਾ ਵਿਆਹ ਨਾ ਕਰਾਈਂ ਕਿਉਂਕਿ ਮਤਰੇਈ ਮਾਂ ਲੜਕੀਆਂ ਨਾਲ ਬੁਰਾ ਸਲੂਕ ਕਰੇਗੀ ਅਤੇ ਕੁੜੀਆਂ ਨੂੰ ਭੁੱਖੀਆਂ ਮਾਰ ਦੇਵੇਗੀ। ਇਹ ਦੇਖ ਕੇ ਉਸ ਦੀ ਰੂਹ ਨੂੰ ਸ਼ਾਂਤੀ ਨਹੀਂ ਮਿਲੇਗੀ ਅਤੇ ਉਹ ਸਿਵਿਆਂ ਵਿਚ ਵੀ ਤੜਫੇਗੀ। ਰਾਜੇ ਨੇ ਦੂਜਾ ਵਿਆਹ ਨਾ ਕਰਾਉਣ ਦਾ ਵਾਅਦਾ ਕੀਤਾ। ਰੱਬ ਦਾ ਭਾਣਾ ਉਸੇ ਰਾਤ ਹੀ ਉਹ ਸਦਾ ਲਈ ਦੁਨੀਆਂ ਤੋਂ ਚਲੀ ਗਈ।

ਦਿਨ ਬੀਤਦੇ ਗਏ ਅਤੇ ਫਿਰ ਦਿਨਾਂ ਬਾਅਦ ਮਹੀਨੇ। ਪੂਰਾ ਸਾਲ ਲੰਘ ਗਿਆ। ਰਾਜਾ ਸਭ ਕੁਝ ਭੁੱਲ ਗਿਆ। ਦੂਜੇ ਸਾਲ ਵਿਚ ਹੀ ਉਸ ਨੇ ਵਿਆਹ ਕਰਵਾ ਲਿਆ। ਪਹਿਲਾਂ ਪਹਿਲ ਤਾਂ ਰਾਣੀ ਨੇ ਦੋਵਾਂ ਕੁੜੀਆਂ ਨੂੰ ਪਿਆਰ ਦਿੱਤਾ ਪਰ ਜਦੋਂ ਉਸ ਦੇ ਆਪਣੇ ਇਕ ਕਾਣੀ ਕੁੜੀ ਜੰਮ ਪਈ ਤਾਂ ਉਸ ਨੇ ਦੋਵਾਂ ਕੁੜੀਆਂ ਨਾਲ ਦਰਿਆਤ ਕਰਨੀ ਸ਼ੁਰੂ ਕਰ ਦਿੱਤੀ। ਉਹ ਉਹਨਾਂ ਨੂੰ ਆਟੇ ਵਿਚੋਂ ਨਿਕਲੇ ਸੂਸੜ ਦੀਆਂ ਰੋਟੀਆਂ ਦੇਣ ਲੱਗ ਪਈ। ਦੁੱਧ ਪਿਲਾਣਾ ਬੰਦ ਕਰ ਦਿੱਤਾ। ਘਰ ਦਾ ਸਾਰਾ ਕੰਮ ਵੀ ਉਹਨਾਂ ਤੋਂ ਹੀ ਕਰਵਾਉਂਦੀ।

ਇਸ ਤਰ੍ਹਾਂ ਕੁੜੀਆਂ ਸੁੱਕ ਕੇ ਤੀਲਾ ਹੋਣ ਲੱਗੀਆਂ। ਉਹ ਬਹੁਤ ਦੁਖੀ ਹੋ ਗਈਆਂ। ਅਖ਼ੀਰ ਇਕ ਦਿਨ ਆਪਣੀ ਮਾਂ ਦੇ ਸਿਵੇ ਉਪਰ ਜਾ ਕੇ ਰੋਣ ਲੱਗ ਪਈਆਂ। ਕਰਨੀ ਕੁਦਰਤ ਦੀ ਉਹਨਾਂ ਦੀ ਮਾਂ ਨੇ ਸਿਵੇ ਵਿਚੋਂ ਉੱਠ ਕੇ ਦੋਵਾਂ ਬੱਚੀਆਂ ਨੂੰ ਛਾਤੀ ਨਾਲ ਲਾ ਲਿਆ। ਫੇਰ ਉਹਨਾਂ ਨੇ ਸਾਰੀ ਵਿਥਿਆ ਸੁਣਾਈ। ਮਾਂ ਨੇ ਸਿਰ 'ਤੇ ਹੱਥ ਫੇਰ ਕੇ ਉਹਨਾਂ ਨੂੰ ਦਿਲਾਸਾ ਦਿੱਤਾ ਅਤੇ ਕਿਹਾ, “ਪੁੱਤ ਮੈਂ ਛੱਪੜ ਕੰਢੇ ਮੱਝ ਬਣ ਕੇ ਖਲੋਇਆ ਕਰਾਂਗੀ। ਤੁਸੀਂ ਆ ਕੇ ਮੇਰਾ ਦੁੱਧ ਚੁੰਘ ਲਿਆ ਕਰਿਓ।” ਕੁੜੀਆਂ ਖ਼ੁਸ਼ ਹੋ ਗਈਆਂ। ਉਹ ਰੋਜ਼ਾਨਾ ਛੱਪੜ 'ਤੇ ਜਾਂਦੀਆਂ ਅਤੇ ਦੁੱਧ ਨਾਲ ਰੱਜ ਕੇ ਘਰ ਮੁੜ ਆਉਂਦੀਆਂ। ਇਕ ਵਾਰ ਫੇਰ ਉਹਨਾਂ ਦੇ ਚਿਹਰੇ ਲਾਲ ਹੋ ਗਏ।

ਉਹਨਾਂ ਨੂੰ ਖ਼ੁਸ਼ ਦੇਖ ਕੇ ਮਤਰੇਈ ਮਾਂ ਨੂੰ ਸ਼ੱਕ ਹੋ ਗਿਆ। ਉਸ ਨੇ ਆਪਣੀ ਧੀ ਨੂੰ ਕਿਹਾ ਕਿ ਤੂੰ ਇਹਨਾਂ ਦੇ ਨਾਲ ਜਾਇਆ ਕਰ ਅਤੇ ਦੇਖੀਂ ਇਹ ਕੀ ਖਾਂਦੀਆਂ ਹਨ। ਅਗਲੇ ਦਿਨ ਜਦ ਉਹ ਦੁੱਧ ਚੁੰਘਣ ਗਈਆਂ ਤਾਂ ਕਾਣੀ ਵੀ ਉਹਨਾਂ ਦੇ ਮਗਰ ਲੱਗ ਗਈ। ਉਥੇ ਜਾ ਕੇ ਕਾਣੀ ਕਹਿੰਦੀ, “ਕੁੜੇ, ਮੈਨੂੰ ਵੀ ਦੇ ਦਿਓ ਜੋ ਤੁਸੀਂ ਖਾਂਦੀਆਂ ਓ।” ਉਹ ਕਹਿੰਦੀਆਂ, “ਕਿਉਂ ਤੂੰ ਘਰੇ ਸਾਨੂੰ ਆਪਣੇ ਦੁੱਧ 'ਚੋਂ ਨਹੀਂ ਦਿੰਦੀ।” ਮਿੰਨਤਾਂ ਤਰਲੇ ਕਰਨ 'ਤੇ ਉਹਨਾਂ ਨੇ ਕਾਣੀ ਨੂੰ ਵੀ ਦੁੱਧ ਦੀ ਇਕ ਧਾਰ ਦੇ ਦਿੱਤੀ। ਕਾਣੀ ਨੇ ਦੁੱਧ ਦਾ ਭੋਰਾ ਅੱਖ 'ਚ ਪਾ ਲਿਆ ਅਤੇ ਆਪਣੀ ਮਾਂ ਨੂੰ ਦਿਖਾ ਕੇ ਸਾਰੀ ਗੱਲ ਦੱਸ ਦਿੱਤੀ। ਅਗਲੇ ਦਿਨ ਹੀ ਰਾਣੀ ਨੇ ਰਾਜੇ ਨੂੰ ਆਖ ਕੇ ਮੱਝ ਨੂੰ ਮਰਵਾ ਦਿੱਤਾ।

ਦੋਵੇਂ ਕੁੜੀਆਂ ਫੇਰ ਭੁੱਖੀਆਂ ਮਰਨ ਲੱਗੀਆਂ। ਉਹ ਫੇਰ ਮਾਂ ਦੇ ਸਿਵੇ 'ਤੇ ਜਾ ਕੇ ਰੋਣ ਲੱਗ ਪਈਆਂ। ਉਹਨਾਂ ਦਾ ਦੁਖ ਸੁਣ ਕੇ ਉਸ ਨੇ ਕਿਹਾ, “ਪੁੱਤ ਮੈਂ ਫਲਾਣੇ ਖੇਤ ਵਿਚ ਬੇਰੀ ਬਣ ਕੇ ਖੜਾਂਗੀ। ਤੁਸੀਂ ਰੋਜ਼ਾਨਾ ਆ ਕੇ ਬੇਰਾਂ ਨਾਲ ਰੱਜ ਲਿਆ ਕਰਿਓ।” ਕੁੜੀਆਂ ਹੁਣ ਖੇਤ ਜਾਂਦੀਆਂ ਅਤੇ ਬੇਰਾਂ ਨਾਲ ਰੱਜ ਆਉਂਦੀਆਂ। ਉਹ ਫੇਰ ਖ਼ੁਸ਼ ਰਹਿਣ ਲੱਗ ਪਈਆਂ। ਮਤਰੇਈ ਮਾਂ ਨੇ ਫਿਰ ਕਾਣੀ ਨੂੰ ਉਹਨਾਂ ਦੇ ਮਗਰ ਲਾ ਦਿੱਤਾ।

ਦੋਵਾਂ ਕੁੜੀਆਂ ਨੇ ਕਾਣੀ ਨੂੰ ਬਥੇਰਾ ਮੋੜਿਆ ਪਰ ਉਹ ਨਾ ਮੁੜੀ। ਖੇਤ ਜਾ ਕੇ ਕਾਣੀ ਨੇ ਬੇਰ ਮੰਗੇ ਪਰ ਉਹਨਾਂ ਨੇ ਨਾਂਹ ਕਰ ਦਿੱਤੀ ਕਿਉਂਕਿ ਉਸ ਨੇ ਘਰੇ ਜਾ ਕੇ ਦਿਖਾ ਦੇਣੇ ਸੀ। ਪਰ ਕਾਣੀ ਨੇ ਮਿੰਨਤਾਂ ਤਰਲੇ ਕਰ ਕੇ ਇਕ ਬੇਰ ਲੈ ਹੀ ਲਿਆ। ਭੋਰਾ ਕੁ ਅੱਖ 'ਚ ਪਾ ਕੇ ਘਰ ਲੈ ਗਈ। ਘਰੇ ਆਪਣੀ ਮਾਂ ਨੂੰ ਬੇਰ ਦਿਖਾ ਕੇ ਸਭ ਕੁਝ ਦੱਸ ਦਿੱਤਾ। ਬੱਸ ਉਸੇ ਵੇਲੇ ਰਾਣੀ ਖਣਪੱਟੀ ਲੈ ਕੇ ਪੈ ਗਈ। ਰਾਜੇ ਨੂੰ ਕਹਿੰਦੀ ਕਿ ਮੈਂ ਤਾਂ ਫੇਰ ਜਿਊਂਦੀ ਹਾਂ ਜੋ ਫਲਾਣੇ ਖੇਤ ਵਿਚਲੀ ਬੇਰੀ ਨੂੰ ਕਟਵਾ ਦੇਵੇਂ ਅਤੇ ਇਹਨਾਂ ਦੋਵਾਂ ਕੁੜੀਆਂ ਨੂੰ ਘਰ ਤੋਂ ਦੂਰ ਛੱਡ ਆਵੇਂ।


Post a Comment

0 Comments