Punjabi Moral Story Raja Man Giya "ਰਾਜਾ ਮੰਨ ਗਿਆ" for Students and Kids in Punjabi Language.

ਰਾਜਾ ਮੰਨ ਗਿਆ 
Raja Man Giya

ਰਾਜੇ ਨੇ ਅਗਲੇ ਦਿਨ ਕੁੜੀਆਂ ਨੂੰ ਬੁਲਾਇਆ ਅਤੇ ਕਹਿੰਦਾ, “ਚਲੋ ਕੁੜੀਓ, ਤੁਹਾਨੂੰ ਤੁਹਾਡੇ ਨਾਨਕੇ ਮਿਲਾ ਕੇ ਲਿਆਵਾਂ।” ਇਸ ਤਰ੍ਹਾਂ ਉਹ ਕਾਫ਼ੀ ਦੂਰ ਚਲੇ ਗਏ। ਉਥੇ ਵਣਾਂ ਨੂੰ ਪੀਲਾਂ ਲੱਗੀਆਂ ਹੋਈਆਂ ਸਨ। ਰਾਜਾ ਕਹਿੰਦਾ, “ਤੁਸੀਂ ਪੀਲਾਂ ਖਾ ਲਓ। ਮੈਂ ਇਥੇ ਟੱਲੀ ਵਜਾਂਦਾ ਰਹਾਂਗਾ। ਜਦੋਂ ਤਕ ਟੱਲੀ ਵੱਜੇ ਤੁਸੀਂ ਸਮਝੋ ਕਿ ਮੈਂ ਇਥੇ ਹੀ ਹਾਂ।” ਕੁੜੀਆਂ ਪੀਲਾਂ ਖਾਣ ਇਧਰ ਉਧਰ ਫਿਰਦੀਆਂ ਰਹੀਆਂ। ਹਵਾ ਚੱਲਦੀ ਵੇਖ ਕੇ ਰਾਜੇ ਨੇ ਟੱਲੀ ਨੂੰ ਇਕ ਝਾੜੀ ਨਾਲ ਬੰਨ੍ਹ ਦਿੱਤਾ। ਟੱਲੀ ਹਵਾ ਦੇ ਹਲੋਰੇ ਨਾਲ ਹੀ ਵੱਜਣ ਲੱਗ ਪਈ। ਰਾਜਾ ਆਪ ਘਰ ਮੁੜ ਆਇਆ।

ਸ਼ਾਮ ਵੇਲੇ ਜਦੋਂ ਕੁੜੀਆਂ ਵਾਪਸ ਆਈਆਂ ਤਾਂ ਦੇਖ ਕੇ ਹੈਰਾਨ ਹੋ ਗਈਆਂ। ਹਨੇਰਾ ਹੋ ਰਿਹਾ ਸੀ। ਸੋਚਿਆ ਹੁਣ ਕਿਧਰ ਨੂੰ ਜਾਈਏ। ਨਜ਼ਰ ਮਾਰੀ ਤਾਂ ਸਾਹਮਣੇ ਇਕ ਦੀਵਾ ਜਗਦਾ ਦਿਖਾਈ ਦਿੱਤਾ। ਉਹ ਉਧਰ ਨੂੰ ਤੁਰ ਪਈਆਂ। ਨੇੜੇ ਜਾ ਕੇ ਦੇਖਿਆ ਤਾਂ ਇਕ ਪਾਸੇ ਮੱਝ ਬੰਨ੍ਹੀ ਹੋਈ ਸੀ। ਘਰ ਵਿਚ ਕੋਈ ਨਹੀਂ ਸੀ। ਉਹ ਅੰਦਰ ਵੜ ਗਈਆਂ। ਰਸੋਈ ਲਾਗੇ ਬਾਂਦਰੀ ਜੁੱਤੀ ਹੋਈ ਸੀ। ਨੇੜੇ ਪਾਣੀ ਦਾ ਕੜਾਹਾ ਉੱਬਲ ਰਿਹਾ ਸੀ। ਰਸੋਈ ਵਿਚ ਦੁੱਧ ਕੜ੍ਹ ਰਿਹਾ ਸੀ। ਇਹ ਤਾਂ ਬਾਂਦਰੀ ਦਾ ਹੀ ਘਰ ਸੀ। ਉਹਨਾਂ ਨੇ ਪਹਿਲਾਂ ਪ੍ਰਸ਼ਾਦਿ ਬਣਾਇਆ ਅਤੇ ਰੱਜ ਕੇ ਖਾਧਾ। ਕੁਝ ਗਰਮ ਗਰਮ ਕੜਾਹ ਬਾਂਦਰੀ ਦੀ ਪਿੱਠ 'ਤੇ ਲਾ ਕੇ ਝੱਟ ਰਸੋਈ ਵਿਚ ਵੜ ਕੇ ਕੁੰਡਾ ਲਾ ਲਿਆ। ਬਾਂਦਰੀ ਤ੍ਰਭਕ ਕੇ ਉੱਠੀ ਅਤੇ ਗੁੱਸੇ ਵਿਚ ਉੱਬਲਦੇ ਕੜਾਹੇ ਉਪਰ ਦੀ ਛਾਲਾਂ ਮਾਰਨ ਲੱਗ ਪਈ ਅਤੇ ਬੋਲੀ :

“ਮੈਂ ਖਾਵਾਂ ਰੁੱਖੀਆਂ ਰੋਟੀਆਂ

ਪਿੱਠ ਖਾਵੇ ਕੜਾਹ।”

ਵੱਡੀ ਭੈਣ ਨੇ ਰਸੋਈ ਵਿਚੋਂ ਦੀ ਬਾਂਹ ਕੱਢ ਕੇ ਛਾਲ ਮਾਰਦੀ ਬਾਂਦਰੀ ਨੂੰ ਧੱਕਾ ਮਾਰ ਦਿੱਤਾ ਅਤੇ ਉਹ ਕੜਾਹੇ ਵਿਚ ਡਿੱਗ ਕੇ ਤੁਰੰਤ ਮਰ ਗਈ। ਇਸ ਤਰ੍ਹਾਂ ਕੁੜੀਆਂ ਘਰ ਦੀਆਂ ਮਾਲਕ ਬਣ ਗਈਆਂ। ਉਹ ਮੱਝਾਂ ਚੋਂਦੀਆਂ, ਰੱਜ ਕੇ ਖਾਂਦੀਆਂ ਪੀਂਦੀਆਂ ਅਤੇ ਮੌਜਾਂ ਨਾਲ ਲੁੱਟੀਆਂ ਰਹਿੰਦੀਆਂ।

ਇਕ ਦਿਨ ਇਸ ਜੰਗਲੀ ਇਲਾਕੇ ਦੇ ਰਾਜੇ ਦਾ ਨੌਕਰ ਉਥੇ ਆਇਆ ਅਤੇ ਕੁੜੀਆਂ ਕੋਲ ਆ ਕੇ ਰੋਣ ਲੱਗ ਪਿਆ। ਉਹ ਰਾਜੇ ਲਈ ਤਿੱਤਰ ਭੁੰਨ ਕੇ ਲਿਜਾਂਦਾ ਹੁੰਦਾ ਸੀ, ਪਰੰਤੂ ਉਸ ਤੋਂ ਤਿੱਤਰ ਜ਼ਿਆਦਾ ਮੱਚ ਜਾਂਦਾ ਸੀ। ਅੱਜ ਰਾਜੇ ਨੇ ਕਹਿ ਕੇ ਤੋਰਿਆ ਸੀ ਕਿ ਜੇ ਤਿੱਤਰ ਮੱਚ ਗਿਆ ਤਾਂ ਤੈਨੂੰ ਕੁੱਤਿਆਂ ਤੋਂ ਪੜਵਾ ਦੇਵਾਂਗਾ। ਇਸ ਡਰ ਦੇ ਮਾਰੇ ਉਹ ਰੋ ਰਿਹਾ ਸੀ। ਵੱਡੀ ਭੈਣ ਨੇ ਉਸ ਦੀ ਕਹਾਣੀ ਸੁਣੀ ਅਤੇ ਉਸ ਨੂੰ ਦਿਲਾਸਾ ਦਿੱਤਾ।

ਵੱਡੀ ਭੈਣ ਨੇ ਨੌਕਰ ਤੋਂ ਤਿੱਤਰ ਫੜ ਲਿਆ ਅਤੇ ਰਸੋਈ ਵਿਚ ਜਾ ਕੇ ਦੁੱਧ ਵਾਲੀ ਕਾੜਨੀ ਵਿਚ ਸੁੱਟ ਦਿੱਤਾ। ਦੁੱਧ ਵਿਚ ਰਿੱਝ ਰਿੱਝ ਕੇ ਤਿੱਤਰ ਬਹੁਤ ਸਵਾਦ ਬਣ ਗਿਆ। ਨੌਕਰ ਖ਼ੁਸ਼ ਹੋ ਕੇ ਤਿੱਤਰ ਨੂੰ ਲੈ ਗਿਆ। ਰਾਜੇ ਨੇ ਜਦ ਤਿੱਤਰ ਦਾ ਸਵਾਦ ਚੱਖਿਆ ਤਾਂ ਦੰਗ ਰਹਿ ਗਿਆ। ਕਹਿੰਦਾ ਸੱਚ ਦੱਸ ਇਹ ਤਿੱਤਰ ਕਿਸ ਨੇ ਭੁੰਨ ਕੇ ਦਿੱਤਾ ਹੈ। ਤੂੰ ਤਾਂ ਇਹੋ ਜਿਹਾ ਕਦੇ ਨਹੀਂ ਭੁੰਨ ਸਕਦਾ।

ਨੌਕਰ ਨੇ ਸੱਚ ਸੱਚ ਦੱਸ ਦਿੱਤਾ। ਅਗਲੇ ਦਿਨ ਰਾਜਾ ਆਪ ਆਇਆ ਅਤੇ ਵੱਡੀ ਲੜਕੀ ਨੂੰ ਨਾਲ ਲੈ ਗਿਆ। ਵੱਡੀ ਭੈਣ ਨੇ ਛੋਟੀ ਨੂੰ ਸਮਝਾਇਆ ਕਿ ਮੈਂ ਸਰ੍ਹੋਂ ਦੇ ਦਾਣੇ ਸੁੱਟਦੀ ਜਾਵਾਂਗੀ, ਤੂੰ ਉਹਨਾਂ ਨੂੰ ਦੇਖ ਦੇਖ ਮੇਰੇ ਕੋਲ ਪਹੁੰਚ ਜਾਈਂ।

ਇਸ ਤਰ੍ਹਾਂ ਵੱਡੀ ਲੜਕੀ ਰਾਜੇ ਦੀ ਰਾਣੀ ਬਣ ਗਈ। ਛੋਟੀ ਲੜਕੀ ਵੀ ਸਰ੍ਹੋਂ ਨੂੰ ਦੇਖ ਦੇਖ ਮਹਿਲਾਂ ਕੋਲ ਪਹੁੰਚ ਗਈ ਅਤੇ ਅੱਗੋਂ ਕੁਝ ਪਤਾ ਨਾ ਲੱਗੇ | ਗੁਜ਼ਾਰਾ ਕਰਨ ਲਈ ਉਹ ਮਹਿਲਾਂ ਦੇ ਪਿੱਛੇ ਝਿਊਰੀ ਬਣ ਕੇ ਦਾਣੇ ਭੁੰਨਣ ਦਾ ਕੰਮ ਕਰਨ ਲੱਗ ਪਈ।

ਇਕ ਸਾਲ ਬੀਤ ਗਿਆ। ਇਕ ਦਿਨ ਅਚਾਨਕ ਅਜੀਬ ਗੱਲ ਵਾਪਰੀ। ਛੋਟੀ ਭੈਣ ਨੇ ਆਪਣੀ ਭੱਠੀ ਦੇ ਕੋਲ ਇਕ ਨਵ-ਜੰਮੇ ਬੱਚੇ ਨੂੰ ਦੇਖਿਆ। ਇਹ ਲੜਕਾ ਉਸ ਦੀ ਵੱਡੀ ਭੈਣ (ਰਾਣੀ) ਦੇ ਜੰਮਿਆ ਸੀ ਪਰੰਤੂ ਦੂਜੀਆਂ ਰਾਣੀਆਂ ਨੇ ਈਰਖਾ-ਵੱਸ, ਇਸ ਨੂੰ ਸੁਟਵਾ ਦਿੱਤਾ ਅਤੇ ਰਾਜੇ ਨੂੰ ਆਖ ਦਿੱਤਾ ਕਿ ਰਾਣੀ ਦੇ ਤਾਂ ਪੱਥਰ ਹੋਇਆ ਹੈ। ਛੋਟੀ ਭੈਣ ਨੇ ਬੱਚੇ ਨੂੰ ਚੁੱਕ ਲਿਆ ਅਤੇ ਪਾਲਣਾ ਪੋਸਣਾ ਸ਼ੁਰੂ ਕਰ ਦਿੱਤਾ।

ਸਮੇਂ ਨਾਲ ਬੱਚਾ ਵੱਡਾ ਹੁੰਦਾ ਗਿਆ। ਜਦੋਂ ਛੇ ਸੱਤ ਸਾਲ ਦਾ ਹੋ ਗਿਆ ਤਾਂ ਛੋਟੀ ਭੈਣ ਨੇ ਉਸ ਨੂੰ ਮਿੱਟੀ ਦੇ ਘੋੜੇ ਬਣਾ ਕੇ ਦੇ ਦਿੱਤੇ। ਉਹ ਇਹਨਾਂ ਨਾਲ ਖੇਡਦਾ ਰਹਿੰਦਾ। ਛੋਟੀ ਭੈਣ ਨੇ ਉਸ ਨੂੰ ਉਸ ਦੇ ਜਨਮ ਦੀ ਕਹਾਣੀ ਵੀ ਦੱਸ ਦਿੱਤੀ। ਇਕ ਦਿਨ ਉਹ ਨਦੀ ਦੇ ਕੰਢੇ ਇਹਨਾਂ ਮਿੱਟੀ ਦੇ ਘੋੜਿਆਂ ਨੂੰ ਪਾਣੀ ਪਿਲਾ ਰਿਹਾ ਸੀ ਅਤੇ ਕਹਿ ਰਿਹਾ ਸੀ :

“ਪੀ ਲਓ, ਪੀ ਲਓ

ਮੇਰੇ ਮਿੱਟੀ ਦੇ ਘੋੜਿਓ, 

ਪਾਣੀ ਪੀ ਲਓ।”

ਉਧਰੋਂ ਕੁਦਰਤੀ ਉਸ ਦੀ ਅਸਲੀ ਮਾਂ (ਰਾਣੀ) ਵੀ ਉਥੇ ਆ ਗਈ। ਉਹ ਕਹਿੰਦੀ, “ਵੇ ਕਮਲੀ ਝਿਊਰੀ ਦਿਆ ਪੁੱਤਾ, ਕਿਤੇ ਮਿੱਟੀ ਦੇ ਘੋੜੇ ਵੀ ਪਾਣੀ ਪੀਂਦੇ ਨੇ ?” ਮੁੰਡੇ ਨੇ ਤੁਰੰਤ ਜੁਆਬ ਦਿੱਤਾ। ਕਹਿੰਦਾ, “ਕਮਲੀਏ ਰਾਣੀਏਂ, ਕਿਤੇ ਰਾਣੀਆਂ ਦੇ ਵੀ ਪੱਥਰ ਜੰਮੇ ਨੇ।" ਰਾਣੀ ਗੁੱਸਾ ਖਾ ਕੇ ਮਹਿਲੀਂ ਚਲੀ ਗਈ ਅਤੇ ਰਾਜੇ ਨੂੰ ਦੱਸ ਦਿੱਤਾ।

ਰਾਜੇ ਨੇ ਝਿਊਰੀ ਅਤੇ ਬੱਚੇ ਨੂੰ ਮਹਿਲੀਂ ਬੁਲਾ ਲਿਆ। ਝਿਊਰੀ ਨੇ ਰਾਜੇ ਅਤੇ ਰਾਣੀ ਨੂੰ ਬੱਚੇ ਬਾਰੇ ਸਾਰੀ ਗੱਲ ਦੱਸ ਦਿੱਤੀ। ਰਾਜੇ ਨੂੰ ਯਕੀਨ ਆ ਗਿਆ। ਉਸ ਨੇ ਤੁਰੰਤ ਦੋਸ਼ੀ ਰਾਣੀਆਂ ਨੂੰ ਮਹਿਲੋਂ ਕੱਢ ਦਿੱਤਾ। ਇਸ ਤਰ੍ਹਾਂ ਦੋਵੇਂ ਭੈਣਾਂ ਫੇਰ ਇਕੱਠੀਆਂ ਹੋ ਗਈਆਂ। ਚੱਲ ਭਾਈ, ਹੁਣ ਵੱਸਦੀਆਂ ਨੇ, ਰੁੱਸਦੀਆਂ ਨੇ, ਮੌਜਾਂ ਕਰਦੀਆਂ ਨੇ। ਕੱਲ ਮੈਂ ਗਿਆ ਸੀ। ਖੰਡ ਵਾਲੀ ਚਾਹ ਪੀ ਕੇ ਆਇਆ ਸੀ।


Post a Comment

0 Comments