Punjabi Moral Story Brahman ate Brahmani "ਬ੍ਰਾਹਮਣ ਅਤੇ ਬ੍ਰਾਹਮਣੀ" for Students and Kids in Punjabi Language.

ਬ੍ਰਾਹਮਣ ਅਤੇ ਬ੍ਰਾਹਮਣੀ 
Brahman ate Brahmani



ਇਕ ਭਾਈ ਬ੍ਰਾਹਮਣ ਅਤੇ ਬ੍ਰਾਹਮਣੀ ਸਨ। ਉਹ ਅੰਤਾਂ ਦੇ ਗ਼ਰੀਬ ਸਨ। ਆਂਢ-ਗੁਆਂਢ 'ਚੋਂ ਚੀਜ਼ ਲੈ ਕੇ ਦਿਨ ਲੰਘਾਉਂਦੇ ਰਹੇ। ਪਰ ਭਲਾ ਗੁਆਂਢੀ ਵੀ ਸਾਰੀ ਉਮਰ ਹੀ ਕਿੱਦਾਂ ਦੇਈ ਜਾਣ ਉਹਨਾਂ ਨੂੰ। ਉਹ ਵੀ ਅੱਕ ਗਏ। ਨੌਬਤ ਇਥੋਂ ਤਕ ਆ ਗਈ ਕਿ ਕਈ ਵਾਰ ਤਾਂ ਬ੍ਰਾਹਮਣ ਅਤੇ ਬ੍ਰਾਹਮਣੀ ਨੂੰ ਭੁੱਖੇ ਹੀ ਸੌਣਾ ਪੈਂਦਾ।

ਇਸ ਤਰ੍ਹਾਂ ਇਕ ਦਿਨ ਉਹ ਸਵੇਰ ਤੋਂ ਹੀ ਭੁੱਖੇ ਬੈਠੇ ਸਨ। ਕੋਈ ਹੀਲਾ ਨਾ ਬਣਿਆ। ਆਖ਼ਰ ਸ਼ਾਮ ਹੋ ਗਈ। ਉਹ ਚਿੰਤਾ ਕਰਨ ਲੱਗੇ। ਕਹਿੰਦੇ ਰਾਤ ਨੂੰ ਨੀਂਦ ਕਿਵੇਂ ਆਊ, ਚੂਹੇ ਨੱਚਣਗੇ ਢਿੱਡ ਵਿਚ। ਬ੍ਰਾਹਮਣੀ ਕਹੇ, “ਬ੍ਰਾਹਮਣ ਨਿਕੰਮਿਆਂ, ਕਰ ਕੋਈ ਹੀਲਾ।” ਬ੍ਰਾਹਮਣ ਨੂੰ ਬੈਠੇ ਬੈਠੇ ਨੂੰ ਇਕ ਖ਼ਿਆਲ ਆਇਆ। ਕਹਿੰਦਾ, “ਬਣ ਗਈ ਗੱਲ। ਦਿਨ ਛਿਪ ਲੈਣ ਦੇ। ਹਨੇਰਾ ਹੋਏ ਤੋਂ ਮੈਂ ਇਕ ਜੱਟ ਦੇ ਖੇਤ ਵਿਚੋਂ ਗੰਨੇ ਪੁੱਟ ਲਿਆਵਾਂਗਾ। ਆਪਾਂ ਸਾਰੀ ਰਾਤ ਰੱਜ ਕੇ ਚੂਪਾਂਗੇ। ਨਾਲੇ ਐਂ ਕਰ, ਮਖਿਆ ਕੱਪੜਾ ਦੇਹ ਕੋਈ ਗੰਨੇ ਬੰਨ੍ਹਣ ਨੂੰ।” ਬ੍ਰਾਹਮਣੀ ਨੇ ਆਪਣੀ ਇਕ ਫਟੀ ਪੁਰਾਣੀ ਘੱਗਰੀ ਚੁੱਕ ਕੇ ਉਸ ਨੂੰ ਫੜਾ ਦਿੱਤੀ ਅਤੇ ਉਹ ਚਲਾ ਗਿਆ।

ਖੇਤ ਜਾ ਕੇ ਉਸ ਨੇ ਘੱਗਰੀ ਇਕ ਬੰਨੇ 'ਤੇ ਰੱਖ ਦਿੱਤੀ ਅਤੇ ਆਪ ਗੰਨਿਆਂ ਦੇ ਖੇਤ ਵਿਚ ਵੜ ਗਿਆ। ਘੁੱਪ ਹਨੇਰਾ ਹੋ ਗਿਆ ਸੀ। ਦੂਜੇ ਪਾਸੇ ਕਿਸੇ ਗਿੱਦੜ ਵਗੈਰਾ ਨੇ ਗੰਨਾ ਤੋੜਿਆ ਅਤੇ ਖੜਾਕ ਹੋਇਆ। ਬ੍ਰਾਹਮਣ ਡਰ ਗਿਆ। ਉਸ ਨੇ ਸੋਚਿਆ ਕਿ ਜੱਟ ਤਾਂ ਖੇਤ ਵਿਚ ਹੀ ਹੈ। ਚੋਰ ਦੇ ਪੈਰ ਕਿੱਥੇ। ਘੱਗਰੀ ਨੂੰ ਉਥੇ ਹੀ ਛੱਡ ਕੇ ਉਹ ਘਰ ਨੂੰ ਭੱਜ ਗਿਆ। ਹੁਣ ਘਰੇ ਬ੍ਰਾਹਮਣੀ ਤੋਂ ਡਰਦਾ ਨਾ ਵੜੇ ਅਤੇ ਬਾਹਰੋਂ ਜੱਟ ਦੇ ਆਉਣ ਦਾ ਡਰ ਸੀ। ਉਹ ਜੱਕੋ ਤੱਕੀ ਵਿਚ ਕਿੰਨਾ ਚਿਰ ਹੀ ਬੂਹੇ 'ਤੇ ਚੁੱਪ ਚਾਪ ਖੜਾ ਰਿਹਾ। ਉਸ ਨੂੰ ਉਡੀਕ ਉਡੀਕ ਕੇ ਬ੍ਰਾਹਮਣੀ ਆਪਣੇ ਆਪ ਨੂੰ ਕਹਿਣ ਲੱਗੀ :

“ਛਿਪ ਗਿਆ ਚੰਦ, ਟਹਿਕਦੇ ਤਾਰੇ। 

ਹਾਲੇ ਨਾ ਬਹੁੜੇ ਮੇਰੇ ਗੰਨਿਆਂ ਵਾਲੇ।” 

ਉਧਰੋਂ ਬ੍ਰਾਹਮਣ ਬੋਲ ਪਿਆ: 

“ਧੜਾਕ ਲੈ ਛੋਟੀਆਂ, ਚੂਪ ਲੈ ਗੰਨੇ।

ਤੇਰੀ ਘੱਗਰੀ ਰਹਿਗੀ ਖੇਤ ਦੇ ਬੰਨੋ।”

ਬ੍ਰਾਹਮਣੀ ਨੇ ਉੱਠ ਕੇ ਬੂਹਾ ਖੋਲ੍ਹਿਆ। ਬ੍ਰਾਹਮਣ ਨੇ ਨੀਵੀਂ ਪਾ ਕੇ ਸਾਰੀ ਗੱਲ ਦੱਸ ਦਿੱਤੀ। ਉਹ ਬਹੁਤ ਉਦਾਸ ਹੋ ਗਏ। ਅੱਜ ਫੇਰ ਭੁੱਖਿਆਂ ਨੂੰ ਹੀ ਰਾਤ ਕੱਟਣੀ ਪਈ। ਸਵੇਰੇ ਉੱਠ ਕੇ ਫੇਰ ਉਹੀ ਫ਼ਿਕਰ। ਬ੍ਰਾਹਮਣੀ ਕਹਿੰਦੀ, “ਮਿੱਤਰਾ, ਇਸ ਤਰ੍ਹਾਂ ਤਾਂ ਆਪਣਾ ਸਰਨਾ ਨਹੀਂ।” ਸੋਚ ਸੋਚ ਕੇ ਬ੍ਰਾਹਮਣ ਕਹਿੰਦਾ, “ਚੰਗਾ ਐਂ ਕਰਦੇ ਆਂ ਬਈ ਮੈਂ ਦੂਰ ਜਾ ਕੇ ਕਿਤੋਂ ਮਹੀਨੇ ਵੀਹ ਦਿਨ ਦੀਆਂ ਰੋਟੀਆਂ ਕਮਾ ਕੇ ਲਿਆਉਨਾਂ। ਕੋਈ ਨਾ ਕੋਈ ਕੰਮ ਜ਼ਰੂਰ ਮਿਲ ਜਾਊ। ਹਾਂ, ਤੂੰ ਮੈਨੂੰ ਸੱਤ ਰੋਟੀਆਂ ਪਕਾ ਦੇਹ।” ਬ੍ਰਾਹਮਣੀ ਨੇ ਸੱਤ ਰੋਟੀਆਂ ਪਕਾ ਕੇ ਬ੍ਰਾਹਮਣ ਦੇ ਪੱਲੇ ਬੰਨ੍ਹ ਦਿੱਤੀਆਂ ਅਤੇ ਉਹ ਤੁਰ ਗਿਆ।

ਬ੍ਰਾਹਮਣ ਸਾਰਾ ਦਿਨ ਅੱਗੇ ਹੀ ਅੱਗੇ ਤੁਰਿਆ ਗਿਆ। ਆਥਣ ਦਾ ਵੇਲਾ ਹੋ ਗਿਆ ਅਤੇ ਫਿਰ ਹਨੇਰਾ। ਹੁਣ ਉਹ ਰਾਤ ਕੱਟਣ ਬਾਰੇ ਸੋਚਣ ਲੱਗਿਆ। ਮੂਹਰੇ ਇਕ ਵੱਡਾ ਪਿੱਪਲ ਆ ਗਿਆ। ਹੇਠਾਂ ਥੜੇ ਬਣੇ ਹੋਏ ਸਨ। ਸੋਚਿਆ ਰਾਤ ਕੱਟਣ ਲਈ ਇਹ ਵਧੀਆ ਥਾਂ ਹੈ। ਉਹ ਪਿੱਪਰ ਥੱਲੇ ਬੈਠ ਗਿਆ ਅਤੇ ਰੋਟੀਆਂ ਖੋਹਲ ਲਈਆਂ। ਉਹ ਬੋਲ ਬੋਲ ਕੇ ਕਹਿਣ ਲੱਗਿਆ :

“ਇਕ ਨੂੰ ਖਾਵਾਂ ਕਿ ਦੋ ਨੂੰ ਖਾਵਾਂ ਕਿ ਤਿੰਨ ਨੂੰ ਖਾਵਾਂ ਕਿ ਚਾਰ ਨੂੰ ਖਾਵਾਂ ਕਿ ਪੰਜ ਨੂੰ ਖਾਵਾਂ ਕਿ ਛੇ ਨੂੰ ਖਾਵਾਂ ਕਿ ਸੱਤ ਨੂੰ ਹੀ ਖਾ ਲਾਂ।”

ਉਸ ਪਿੱਪਲ ਉਪਰ ਸੱਤ ਪਰੀਆਂ ਰਹਿੰਦੀਆਂ ਸਨ। ਪਰੀਆਂ ਨੇ ਸੁਣ ਲਿਆ। ਪਰੀਆਂ ਨੇ ਸੋਚਿਆ ਕਿ ਅੱਜ ਇਥੇ ਕੋਈ ਬਲਾ ਆ ਗਈ ਹੈ। ਇਹ ਸਾਨੂੰ ਹੀ ਖਾਣਾ ਚਾਹੁੰਦੀ ਹੈ। ਬ੍ਰਾਹਮਣ ਨੇ ਫੇਰ ਦੂਜੀ ਵਾਰੀ ਉਸੇ ਤਰ੍ਹਾਂ ਹੀ ਰੋਟੀਆਂ ਗਿਣੀਆਂ। ਉਹ ਸਾਰੀਆਂ ਡਰ ਗਈਆਂ। ਝੱਟ ਵੱਡੀ ਪਰੀ ਹੱਥ ਜੋੜ ਕੇ ਬ੍ਰਾਹਮਣ ਦੇ ਸਾਹਮਣੇ ਆ ਖੜੀ ਹੋਈ। ਕਹਿੰਦੀ, “ਮਹਾਰਾਜ, ਸਾਨੂੰ ਨਾ ਖਾਓ।” ਬ੍ਰਾਹਮਣ ਜਾਣ ਕੇ ਮਚਲਾ ਬਣ ਗਿਆ। ਕਹਿੰਦਾ, “ਮੈਂ ਤਾਂ ਜ਼ਰੂਰ ਖਾਊਂਗਾ।” ਪਰੀ ਨੇ ਫੇਰ ਅਰਜ਼ ਕੀਤੀ। ਕਹਿੰਦੀ, “ਅਸੀਂ ਤੁਹਾਨੂੰ ਇਕ ਸੋਨੇ ਦੀਆਂ ਮੀਂਗਣਾਂ ਕਰਨ ਵਾਲੀ ਬੱਕਰੀ ਦੇ ਦਿਨੇ ਆਂ ਪਰ ਸਾਨੂੰ ਛੱਡ ਦਿਓ।” ਉਹ ਕਹਿੰਦਾ, “ਅੱਛਾ, ਪਹਿਲਾਂ ਬੱਕਰੀ ਲਿਆਓ।” ਪਰੀ ਨੇ ਬੱਕਰੀ ਲਿਆ ਦਿੱਤੀ ਅਤੇ ਕਿਹਾ ਕਿ ਇਸ ਬੱਕਰੀ ਨੂੰ ਥਾਂ ਲਿੱਪ ਪੋਚ ਕੇ ਬੰਨ੍ਹਿਆ ਜਾਵੇ। ਫਿਰ ਇਹ ਤੁਹਾਨੂੰ ਮਾਲਾ ਮਾਲ ਕਰ ਦੇਵੇਗੀ।

ਬ੍ਰਾਹਮਣ ਝੱਟ ਉਥੋਂ ਬੱਕਰੀ ਲੈ ਕੇ ਨਾਲ ਦੇ ਪਿੰਡ ਚਲਾ ਗਿਆ। ਪਿੰਡ ਦੇ ਬਾਹਰਵਾਰ ਇਕ ਬੁੱਢੀ ਦੇ ਘਰ ਰਾਤ ਕੱਟੀ। ਬੁੱਢੀ ਨੂੰ ਉਸ ਨੇ ਕਿਹਾ ਕਿ ਇਹ ਬੱਕਰੀ ਸੋਨੇ ਦੀਆਂ ਮੀਂਗਣਾਂ ਕਰਦੀ ਹੈ। ਕਿਤੇ ਇਸ ਨੂੰ ਰਾਤ ਨੂੰ ਕੋਈ ਹੱਕ ਕੇ ਨਾ ਲੈ ਜਾਵੇ। ਪੂਰਾ ਧਿਆਨ ਰੱਖੀਂ। ਬੁੱਢੀ ਬਹੁਤ ਚਲਾਕ ਸੀ। ਕਹਿੰਦੀ, “ਤੂੰ ਕੋਈ ਫ਼ਿਕਰ ਨਾ ਕਰ ਪੁੱਤ। ਮੈਂ ਇਸ ਨੂੰ ਅੰਦਰਲੀ ਸਬਾਤ ਵਿਚ ਬੰਨ੍ਹ ਦਿੰਦੀ ਹਾਂ। ਫੇਰ ਉਸ ਨੇ ਬ੍ਰਾਹਮਣ ਦੀ ਚੰਗੀ ਸੇਵਾ ਕੀਤੀ। ਵਧੀਆ ਬਿਸਤਰਾ ਦਿੱਤਾ। ਉਹ ਰੱਜਿਆ ਹੋਇਆ ਛੇਤੀ ਹੀ ਘੁਰਾੜੇ ਮਾਰਨ ਲੱਗ ਪਿਆ। ਰਾਤ ਨੂੰ ਬੁੱਢੀ ਨੇ ਬਿਲਕੁਲ ਉਸੇ ਰੰਗ ਦੀ ਬੱਕਰੀ ਲਿਆ ਕੇ ਉੱਥੇ ਬੰਨ੍ਹ ਦਿੱਤੀ ਅਤੇ ਸੋਨੇ ਦੀਆਂ ਮੀਂਗਣਾਂ ਵਾਲੀ ਇਧਰ ਉਧਰ ਕਰ ਦਿੱਤੀ।

ਬ੍ਰਾਹਮਣ ਸਵੇਰੇ ਸਵੱਖਤੇ ਉੱਠਿਆ ਅਤੇ ਕਾਹਲੀ ਵਿਚ ਬੱਕਰੀ ਖੋਲ੍ਹ ਕੇ ਤੁਰਦਾ ਬਣਿਆ।

ਘਰ ਜਾ ਕੇ ਉਸ ਨੇ ਬ੍ਰਾਹਮਣੀ ਤੋਂ ਥਾਂ ਲਿਖਾਇਆ ਅਤੇ ਬੱਕਰੀ ਉਥੇ ਬੰਨ੍ਹ ਦਿੱਤੀ। ਕਹਿੰਦਾ, “ਮੈਨੂੰ ਨਿਕੰਮਾ ਹੀ ਗਿਣਤੀ ਸੀ। ਹੁਣ ਦੇਖੀਂ ਚੱਲ। ਹੁਣ ਜਿੰਨੀ ਮਰਜ਼ੀ ਐਸ਼ ਕਰ ਲਈਂ ਤੂੰ। ਤੇਰੇ ਦੁੱਖ ਟੁੱਟ ਗਏ ਲਾਜਵੰਤੀਏ। ਇਹ ਬੱਕਰੀ ਸੋਨੇ ਦੀਆਂ ਮੀਂਗਣਾਂ ਕਰਦੀ ਐ।” ਫੇਰ ਉਸ ਨੇ ਸਾਰੀ ਗੱਲ ਦੱਸ ਦਿੱਤੀ।

ਕੁਝ ਦੇਰ ਬਾਅਦ ਹੀ ਬੱਕਰੀ ਨੇ ਸਾਧਾਰਨ ਮੀਂਗਣਾਂ ਕਰ ਦਿੱਤੀਆਂ। ਬ੍ਰਾਹਮਣ ਦਾ ਤਾਂ ਮੂੰਹ ਅੱਡਿਆ ਰਹਿ ਗਿਆ ਪਰ ਬ੍ਰਾਹਮਣੀ ਹੱਸ ਹੱਸ ਦੂਹਰੀ ਹੁੰਦੀ ਫਿਰੇ। ਮਸੀਂ ਕਿਤੇ ਹਾਸਾ ਰੋਕਿਆ। ਫੇਰ ਵੀ ਉਸ ਤੋਂ ਬ੍ਰਾਹਮਣ ਦੇ ਮੂੰਹ ਵੱਲ ਦੇਖ ਨਾ ਹੋਵੇ। ਬ੍ਰਾਹਮਣ ਨੇ ਬੜ੍ਹਕ ਮਾਰੀ। ਕਹਿੰਦਾ, “ਮੈਨੂੰ ਦੁਬਾਰੇ ਜਾਣ ਤਾਂ ਦੇਹ ਸਹੀ ਕੇਰਾ। ਫੇਰ ਦੇਖੀਂ ਕੀ ਬਣੂੰ। ਤੂੰ ਝੱਟ ਦੇ ਕੇ ਸੱਤ ਰੋਟੀਆਂ ਪਕਾ ਦੇ ਕੇਰਾਂ।” ਉਸ ਨੇ ਸੱਤ ਰੋਟੀਆਂ ਫੇਰ ਪਕਾ ਦਿੱਤੀਆਂ ਅਤੇ ਪੱਲੇ ਬੰਨ੍ਹ ਦਿੱਤੀਆਂ। ਛਾਤੀ ਫੁਲਾਈ ਉਹ ਫੇਰ ਤੁਹ ਪਿਆ।

ਚਲੋ ਚਾਲ, ਚਲੋ ਚਾਲ। ਦਿਨ ਛਿਪਣ ਤੋਂ ਬਾਅਦ ਉਹ ਫੇਰ ਉਸੇ ਪਿੱਪਲ ਥੱਲੇ ਜਾ ਕੇ ਬੈਠ ਗਿਆ। ਪਹਿਲਾਂ ਵਾਂਗ ਫਿਰ ਬੋਲ ਬੋਲ ਕੇ ਕਹਿਣ ਲੱਗਾ : 

“ਇਕ ਨੂੰ ਖਾਵਾਂ ਕਿ ਦੋ ਨੂੰ ਖਾਵਾਂ, 

ਤਿੰਨ ਨੂੰ ਥਾਵਾਂ ਕਿ ਚਾਰ ਨੂੰ ਖਾਵਾਂ,

ਪੰਜ ਨੂੰ ਖਾਵਾਂ ਕਿ ਛੇ ਨੂੰ ਖਾਵਾਂ 

ਕਿ ਸੱਤਾਂ ਨੂੰ ਹੀ ਖਾ ਲਵਾਂ।”

ਸੱਤ ਪਰੀਆਂ ਫੇਰ ਘਬਰਾ ਗਈਆਂ। ਸੋਚਿਆ ਇਹ ਬਲਾ ਤਾਂ ਸਾਡਾ ਖਹਿੜਾ ਈ ਨ੍ਹੀਂ ਛੱਡਦੀ। ਖ਼ੈਰ, ਪਹਿਲਾਂ ਗੱਲ ਤਾਂ ਕੀਤੀ ਜਾਵੇ। ਜਦੋਂ ਬ੍ਰਾਹਮਣ ਨੇ ਦੂਜੀ ਵਾਰ ਕਿਹਾ ਤਾਂ ਵੱਡੀ ਪਰੀ ਹੱਥ ਜੋੜ ਕੇ ਫੇਰ ਉਸ ਦੇ ਸਾਹਮਣੇ ਆ ਖੜੀ ਹੋਈ। ਕਹਿੰਦੀ, “ਮਹਾਰਾਜ, ਅਸੀਂ ਥੋਨੂੰ ਸੋਨੇ ਦੀਆਂ ਮੀਂਗਣਾਂ ਕਰਨ ਵਾਲੀ ਬੱਕਰੀ ਵੀ ਦੇ ਦਿੱਤੀ। ਪਰ ਤੁਸੀਂ ਫੇਰ ਸਾਨੂੰ ਖਾਣਾ ਚਾਹੁੰਦੇ ਹੋ।” ਬ੍ਰਾਹਮਣ ਕਹਿੰਦਾ, “ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ। ਕਿਹੜੀ ਕਰਦੀ ਐ ਸੋਨੇ ਦੀਆਂ ਉਹ ਮੀਂਗਣਾਂ। ਉਹ ਤਾਂ ਸਾਧਾਰਨ ਬੱਕਰੀ ਐ। ਮੈਂ ਹੁਣ ਥੋਨੂੰ ਸਾਰੀਆਂ ਨੂੰ ਖਾਊਂ।”

ਪਰੀ ਨੂੰ ਸਮਝ ਪੈ ਗਈ। ਕਹਿੰਦੀ, “ਮਹਾਰਾਜ, ਤੁਸੀਂ ਰਾਹ ਵਿਚ ਵੀ ਕਿਤੇ ਰਾਤ ਕੱਟੀ ਸੀ ?” ਬ੍ਰਾਹਮਣ ਕਹਿੰਦਾ, “ਹਾਂ, ਲਾਗਲੇ ਪਿੰਡ ਇਕ ਬੁੱਢੀ ਦੇ ਘਰੇ ਮੈਂ ਠਹਿਰਿਆ ਸੀ।” ਪਰੀ ਕਹਿੰਦੀ, “ਬੱਸ ਫੇਰ ! ਉਸੇ ਬੁੱਢੀ ਨੇ ਤੇਰੇ ਨਾਲ ਚਲਾਕੀ ਕੀਤੀ ਹੈ। ਉਹ ਬੱਕਰੀ ਉਸ ਬੁੱਢੀ ਨੇ ਹੀ ਲੁਕੋ ਲਈ ਹੈ।” ਬ੍ਰਾਹਮਣ ਕਹਿੰਦਾ, “ਫੇਰ ਦੱਸੋ ਹੁਣ ਮੈਂ ਕੀ ਕਰਾਂ।” ਪਰੀ ਕਹਿੰਦੀ, “ਅਸੀਂ ਤੁਹਾਨੂੰ ਇਕ ਰੱਸਾ ਅਤੇ ਇਕ ਘੋਟਣਾ ਦੇ ਦਿੰਦੇ ਹਾਂ। ਤੁਸੀਂ ਅੱਜ ਫੇਰ ਉਸ ਬੁੱਢੀ ਦੇ ਘਰ ਰਾਤ ਕੱਟੋ।” ਇਸ ਦੇ ਨਾਲ ਹੀ ਉਸ ਨੇ ਬ੍ਰਾਹਮਣ ਨੂੰ ਰੱਸੀ ਘੋਟਣਾ ਵਰਤਣ ਦੇ ਦੋ ਮੰਤਰ ਵੀ ਦੱਸ ਦਿੱਤੇ।

ਬ੍ਰਾਹਮਣ ਰੱਸਾ ਅਤੇ ਘੋਟਣਾ ਲੈ ਕੇ ਉਸ ਬੁੱਢੀ ਦੇ ਘਰ ਚਲਾ ਗਿਆ। ਉਸ ਨੇ ਫੇਰ ਚੰਗੀ ਸੇਵਾ ਕੀਤੀ। ਰੋਟੀ ਖਾ ਕੇ ਬ੍ਰਾਹਮਣ ਨੇ ਬੁੱਢੀ ਨੂੰ ਆਖਿਆ ਕਿ ਇਸ ਰੱਸੀ ਅਤੇ ਘੋਟਣੇ ਨੂੰ ਅੰਦਰ ਸਾਂਭ ਲੈ। ਮੈਂ ਥੱਕਿਆ ਹਾਂ। ਕੋਈ ਇਸ ਨੂੰ ਲੈ ਨਾ ਜਾਵੇ। ਜੇਕਰ ‘ਨੂੜ ਲੈ ਰੱਸੀਏ, ਵਰ੍ਹ ਵੇ ਘੋਟਿਆ' ਕਹੀਏ ਤਾਂ ਘੋਟਣਾ ਸੋਨੇ ਦਾ ਢੇਰ ਲਗਾ ਦਿੰਦਾ ਹੈ। ਬੁੱਢੀ ਰੱਸੇ ਅਤੇ ਘੋਟਣੇ ਨੂੰ ਸੰਦੂਕ ਵਿਚ ਸਾਂਭ ਆਈ। ਇਧਰ ਬ੍ਰਾਹਮਣ ਨੇ ਸੌਣ ਦਾ ਪਾਖੰਡ ਕੀਤਾ। ਪਰ ਉਸ ਨੂੰ ਨੀਂਦ ਕਿਥੇ ਆਉਣੀ ਸੀ। ਉਹ ਤਾਂ ਤਮਾਸ਼ਾ ਦੇਖਣ ਲਈ ਕਾਹਲਾ ਸੀ।

ਦੋ ਕੁ ਘੰਟੇ ਬਾਅਦ ਜਦ ਬੁੱਢੀ ਨੇ ਬ੍ਰਾਹਮਣ ਨੂੰ ਸੁੱਤਾ ਦੇਖਿਆ ਤਾਂ ਉਹ ਅੰਦਰ ਚਲੀ ਗਈ। ਉਸ ਨੇ ਰੱਸੀ ਅਤੇ ਘੋਟਣਾ ਬਾਹਰ ਕੱਢ ਕੇ ਕਿਹਾ : 

“ਨੂੜ ਲੈ ਰੱਸੀਏ, ਵਰ੍ਹ ਵੇ ਘੋਟਿਆ।”

ਇਕ ਦਮ ਰੱਸੇ ਨੇ ਬੁੱਢੀ ਨੂੰ ਨੂੜ ਲਿਆ ਅਤੇ ਘੋਟਣਾ ਉਸ ਦੇ ਉਪਰ ਵੱਜਣ ਲੱਗ ਪਿਆ। ਕਦੇ ਗੋਡੇ 'ਤੇ ਕਦੇ ਗਿੱਟੇ 'ਤੇ। ਹੁਣ ਮਾਰੇ ਚੀਕਾਂ। ਕਹਿੰਦੀ, “ਹਾੜੇ ਵੇ ਪੁੱਤ, ਛੁਡਾ ਦੇ ਮੈਨੂੰ।” ਬ੍ਰਾਹਮਣ ਉੱਠ ਕੇ ਅੰਦਰ ਚਲਾ ਗਿਆ। ਘੋਟਾ ਵਰ੍ਹ ਰਿਹਾ ਸੀ। ਬੁੱਢੀ ਕਹੇ, “ਛੁਡਾ ਦੇ ਪੁੱਤ ਛੇਤੀ ਮੈਨੂੰ।” ਉਹ ਕਹਿੰਦਾ, “ਪਹਿਲਾਂ ਬੱਕਰੀ ਦੱਸ ਮੇਰੀ ਕਿੱਥੇ ਐ? ਫੇਰ ਛੁਡਾਊਂ ਤੈਨੂੰ।" ਬੁੱਢੀ ਨੇ ਝੱਟ ਦੱਸ ਦਿੱਤਾ | ਕਹਿੰਦੀ, “ਸਾਹਮਣੇ ਅੰਦਰ ਬੰਨ੍ਹੀ ਖੜੀ ਹੈ।” ਬ੍ਰਾਹਮਣ ਅੰਦਰ ਝਾਕਿਆ ਤਾਂ ਬੱਕਰੀ ਸੱਚੀਂ ਮੁੱਚੀ ਖੜੀ ਸੀ। ਕਹਿੰਦਾ, “ਖੁੱਲ੍ਹ ਜਾਹ ਰੱਸੀਏ, ਹੁਟ ਘੋਟਣਿਆਂ।” ਰੱਸੀ ਖੁੱਲ੍ਹ ਗਈ ਅਤੇ ਘੋਟਣਾ ਵੱਜਣੋਂ ਬੰਦ ਹੋ ਗਿਆ। ਬ੍ਰਾਹਮਣ ਆਪਣੀ ਬੱਕਰੀ, ਰੱਸੀ ਅਤੇ ਘੋਟਣਾ ਲੈ ਕੇ ਤੁਰਦਾ ਬਣਿਆ।

ਬ੍ਰਾਹਮਣ ਘਰ ਪਹੁੰਚ ਗਿਆ ਅਤੇ ਉਸ ਨੇ ਬ੍ਰਾਹਮਣੀ ਨੂੰ ਛੇਤੀ ਥਾਂ ਲਿੱਪਣ ਲਈ ਕਿਹਾ। ਬ੍ਰਾਹਮਣੀ ਨੇ ਮੁਸਕੜੀਏ ਹੱਸਦੀ ਨੇ ਥਾਂ ਲਿੱਪਿਆ ਅਤੇ ਬੱਕਰੀ ਉਥੇ ਬੰਨ੍ਹ ਦਿੱਤੀ ਗਈ। ਥੋੜ੍ਹੇ ਚਿਰ ਬਾਅਦ ਬੱਕਰੀ ਨੇ ਸੋਨੇ ਦੀਆਂ ਮੀਂਗਣਾਂ ਕੀਤੀਆਂ। ਦੋਵੇਂ ਖ਼ੁਸ਼ ਹੋ ਗਏ। ਬ੍ਰਾਹਮਣੀ ਹੁਣ ਬ੍ਰਾਹਮਣ ਦੇ ਮੂੰਹ ਵੱਲ ਵਾਰ ਵਾਰ ਦੇਖੇ। ਬੱਕਰੀ ਹੁਣ ਰੋਜ਼ ਸੋਨੇ ਦੀਆਂ ਮੀਂਗਣਾਂ ਕਰਦੀ ਅਤੇ ਉਹ ਬਹੁਤ ਅਮੀਰ ਹੋ ਗਏ। ਹੁਣ ਉਹ ਤੜਕੇ ਲਾ ਲਾ ਕੇ ਸਬਜ਼ੀਆਂ ਖਾਂਦੇ ਅਤੇ ਦੁੱਧ ਘਿਉ ਦੀਆਂ ਕੁਰਲੀਆਂ ਕਰਨ ਲੱਗੇ। ਬ੍ਰਾਹਮਣੀ ਦਾ ਸਾਰਾ ਸੰਦੂਕ ਸੋਨੇ ਨਾਲ ਭਰ ਗਿਆ। ਚੱਲ ਭਾਈ, ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ। ਪਾਉਣਾ ਸੀ ਚੁਬਾਰਾ, ਪੈ ਗਈ ਸਬਾਤ।


Post a Comment

0 Comments