Shri Guru Nanak Dev Ji, "ਸ੍ਰੀ ਗੁਰੂ ਨਾਨਕ ਦੇਵ ਜੀ" Essay, Paragraph for Class 8, 9, 10, 11 and 12 Students Examination in 1000 Words.

ਸ੍ਰੀ ਗੁਰੂ ਨਾਨਕ ਦੇਵ ਜੀ 
Shri Gugu Nanak Dev Ji



ਰੂਪ-ਰੇਖਾ (Outline)

ਭੂਮਿਕਾ, ਜਨਮ, ਪੜ੍ਹਾਈ, ਫੋਕੀਆਂ ਰਸਮਾਂ ਦਾ ਵਿਰੋਧ, ਦੁਨਿਆਵੀ ਕੰਮਾਂ 'ਤੇ ਲਾਉਣਾ, ਨੌਕਰੀ ਤੇ ਵਿਆਹ, ਉਦਾਸੀਆਂ, ਉਪਦੇਸ਼, ਮਹਾਨ ਕਵੀ, ਗੁਰਗੱਦੀ ਸੌਂਪਣਾ, ਜੋਤੀ-ਜੋਤ ਸਮਾਉਣਾ, ਸਾਰੰਸ਼।


ਭੂਮਿਕਾ (Introduction)

ਭਾਰਤ ਦੇਸ ਗੁਰੂਆਂ, ਪੀਰਾਂ-ਫ਼ਕੀਰਾਂ ਤੇ ਰਿਸ਼ੀਆਂ ਮੁਨੀਆਂ ਦੀ ਪਵਿੱਤਰ ਧਰਤੀ ਹੈ। ਇਸ ਧਰਤੀ ਉੱਪਰ ਸਮੇਂ ਦ ਸਮੇਂ ਮਹਾਪੁਰਸ਼ ਜਨਮ ਲੈਂਦੇ ਰਹੇ ਹਨ। ਇਨ੍ਹਾਂ ਮਹਾਪੁਰਸ਼ਾਂ ਵਿੱਚੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇੱਕ ਹੋਏ ਹਨ। ਉਨ੍ਹਾਂ ਨੇ ਪੰਦਰ੍ਹਵੀਂ ਸਦੀ ਵਿੱਚ ਅਵਤਾਰ ਧਾਰ ਕੇ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੰਢਾ ਰਹੀ ਮਾਨਵਤਾ ਨੂੰ ਸਿੱਧੇ ਰਸਤੇ ਪਾ ਕੇ ਉਨ੍ਹਾਂ ਜਨਮ ਸਫਲਾ ਕੀਤਾ।


ਜਨਮ (Birth)

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਰਾਇ ਭੋਇ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ (ਪਾਕਿਸਤਾਨ) ਵਿਖੇ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇਵੀ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਜੀ ਪਟਵਾਰੀ ਦੇ ਅਹੁਦੇ 'ਤੇ ਕੰਮ ਕਰਦੇ ਸਨ। ਉਹ ਜਾਤ ਦੇ ਖੱਤਰੀ ਸਨ। ਗੁਰੂ ਨਾਨਕ ਦੇਵ ਜੀ ਦੀ ਇੱਕ ਵੱਡੀ ਭੈਣ ਵੀ ਸੀ ਜਿਸ ਦਾ ਨਾਂ ਬੇਬੇ ਨਾਨਕੀ ਸੀ। ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੀ ਭੈਣ ਦਾ ਜਨਮ ਨਾਨਕੇ ਘਰ ਹੋਣ ਕਰਕੇ ਉਨ੍ਹਾਂ ਦਾ ਨਾਂ ਨਾਨਕ ਤੇ ਨਾਨਕੀ ਰੱਖਿਆ ਗਿਆ ਸੀ।


ਪੜ੍ਹਾਈ (Education)

ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ | ਇਸੇ ਕਾਰਨ ਉਹ ਦੁਨਿਆਵੀ ਕੰਮਾਂ ਤੇ ਮੋਹ ਮਾਇਆ ਤੋਂ ਦੂਰ ਹੀ ਰਹਿੰਦੇ ਸਨ।ਬਾਲ ਨਾਨਕ ਨੂੰ ਪਹਿਲਾਂ ਪਾਂਧੇ ਕੋਲ ਤੇ ਫਿਰ ਮੌਲਵੀ ਕੋਲ ਫ਼ਾਰਸੀ ਤੇ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ। ਬਾਲ ਨਾਨਕ ਦਾ ਮਨ ਪੜ੍ਹਾਈ ਵਿੱਚ ਨਹੀਂ ਲੱਗਦਾ ਸੀ। ਜਦੋਂ ਆਪ ਪਾਂਧੇ ਕੋਲ ਪੜ੍ਹਾਈ ਲਈ ਗਏ ਤਾਂ ਆਪ ਨੇ ਅਧਿਆਤਮਕ ਗਿਆਨ ਨਾਲ ਸੰਬੰਧਤ ਪ੍ਰਸ਼ਨ ਪੁੱਛ ਕੇ ਪਾਂਧੇ ਨੂੰ ਹੈਰਾਨ ਕਰ ਦਿੱਤਾ।


ਫੋਕੀਆਂ ਰਸਮਾਂ ਦਾ ਵਿਰੋਧ (Opposition to folk rituals)

ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਸਧਾਰਨ ਤੇ ਫੋਕੀਆਂ ਰਸਮਾਂ-ਰੀਤਾਂ ਦੇ ਵਿਰੋਧੀ ਸਨ। ਇਸੇ ਕਾਰਨ ਹੀ ਉਨ੍ਹਾਂ ਨੇ ਧਾਗੇ ਦਾ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਸਪਸ਼ਟ ਕਿਹਾ ਸੀ ਕਿ ਉਹ ਤਾਂ ਸੱਚ ਤੇ ਦਇਆ ਵਾਲਾ ਜਨੇਊ ਹੀ ਪਾਉਣਾ ਚਾਹੁੰਦੇ ਹਨ।ਇਸੇ ਤਰ੍ਹਾਂ ਗੁਰੂ ਜੀ ਨੇ ਔਰਤਾਂ ਦੇ ਸਤਿਕਾਰ ਦਾ ਮੁੱਦਾ ਉਠਾ ਕੇ ਉਨ੍ਹਾਂ ਨੂੰ ਸਮਾਜ ਵਿੱਚ ਮਰਦ ਦੇ ਬਰਾਬਰ ਦਾ ਸਥਾਨ ਦਵਾਇਆ। ਉਨ੍ਹਾਂ ਨੇ ਸਤੀ ਪ੍ਰਥਾ ਦਾ ਤਿੱਖਾ ਵਿਰੋਧ ਕੀਤਾ।


ਦੁਨਿਆਵੀ ਕੰਮਾਂ 'ਤੇ ਲਾਉਣਾ (Preoccupation with worldly affairs)

ਆਪ ਦੇ ਪਿਤਾ ਜੀ ਆਪ ਨੂੰ ਦੁਨਿਆਵੀ ਕੰਮਾਂ-ਕਾਰਾਂ ਵਿੱਚ ਲਾਉਣਾ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੂੰ ਪਸ਼ੂਆਂ ਨੂੰ ਚਾਰਨ ਲਈ ਭੇਜਿਆ ਗਿਆ ਪਰ ਉੱਥੇ ਆਪ ਅਜਿਹੀ ਪ੍ਰਭੂ ਭਗਤੀ ਵਿੱਚ ਜੁੜਦੇ ਕਿ ਪਸ਼ੂ ਲੋਕਾਂ ਦੀਆਂ ਫ਼ਸਲਾਂ ਦਾ ਉਜਾੜਾ ਕਰ ਦਿੰਦੇ। ਜਦੋਂ ਮਾਲਕ ਇਸ ਦੀ ਸ਼ਿਕਾਇਤ ਕਰਦੇ ਤਾਂ ਫ਼ਸਲਾਂ ਹਰੀਆਂ-ਭਰੀਆਂ ਹੀ ਦਿੱਸਦੀਆਂ ਸਨ। ਇਸ ਮਗਰੋਂ ਆਪ ਨੂੰ ਪਿਤਾ ਜੀ ਨੇ ਕੁਝ ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ, ਪਰ ਉਨ੍ਹਾਂ ਨੇ ਇਹ ਰਕਮ ਨਾਲ ਰਸਤੇ ਵਿੱਚ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਉਨ੍ਹਾਂ ਨੇ ਇਸ ਸੇਵਾ ਨੂੰ ਹੀ ਸੱਚਾ ਸੌਦਾ ਕਿਹਾ।


ਨੌਕਰੀ ਤੇ ਵਿਆਹ (Marriage and job)

ਪਿਤਾ ਮਹਿਤਾ ਕਾਲੂ ਨੇ ਆਪਣੇ ਜਵਾਈ ਜੈ ਰਾਮ ਜੀ ਨੂੰ ਕਹਿ ਕੇ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਕੋਲ ਸੁਲਤਾਨਪੁਰ ਲੋਧੀ ਵਿਖੇ ਹੀ ਮੋਦੀਖ਼ਾਨੇ ਵਿੱਚ ਨੌਕਰੀ ਲਵਾ ਦਿੱਤੀ। ਉਹ ਆਪਣੀ ਤਨਖ਼ਾਹ ਦਾ ਬਹੁਤਾ ਹਿੱਸਾ ਲੋੜਵੰਦਾਂ ਦੀ ਸਹਾਇਤਾ ਉੱਪਰ ਹੀ ਖ਼ਰਚ ਕਰ ਦਿੰਦੇ ਸਨ। ਆਪ ਨੇ ਇੱਥੇ ਤਿੰਨ ਸਾਲ ਨੌਕਰੀ ਕੀਤੀ। ਇੱਥੇ ਹੀ ਆਪ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ ਤੇ ਉਨ੍ਹਾਂ ਦੇ ਘਰ ਦੋ ਪੁੱਤਰ ਪੈਦਾ ਹੋਏ ਜਿਨ੍ਹਾਂ ਦੇ ਨਾਂ ਸ੍ਰੀਚੰਦ ਤੇ ਲਖ਼ਮੀ ਦਾਸ ਰੱਖੇ ਗਏ।ਗੁਰੂ ਜੀ ਦਾ ਮਨ ਦੁਨਿਆਵੀ ਕੰਮਾਂ ਵਿੱਚ ਨਹੀਂ ਲੱਗਦਾ ਸੀ। ਉਹ ਲੋਕਾਂ ਦੀ ਮੰਦੀ ਹਾਲਤ ਤੇ ਧਾਰਮਕ ਪਤਨ ਤੋਂ ਬਹੁਤ ਦੁਖੀ ਰਹਿੰਦੇ ਸਨ। ਆਪ ਮੋਦੀਖ਼ਾਨੇ ਵਿੱਚ ਨੌਕਰੀ ਕਰਦਿਆਂ ਵੀ ਤੇਰਾ-ਤੇਰਾ ਕਹਿ ਕੇ ਅਨਾਜ ਤੋਲਦੇ ਰਹਿੰਦੇ ਸਨ। ਜਦੋਂ ਉਨ੍ਹਾਂ ਦੇ ਵਿਰੋਧੀਆਂ ਨੇ ਨਵਾਬ ਦੌਲਤ ਖ਼ਾਨ ਕੋਲ ਸ਼ਿਕਾਇਤ ਕੀਤੀ ਕਿ ਨਾਨਕ ਉਸ ਦੇ ਅਨਾਜ ਨੂੰ ਲੁਟਾ ਰਿਹਾ ਤਾਂ ਹਿਸਾਬ ਕਰਨ 'ਤੇ ਰੁਪਏ ਵਧੇਰੇ ਹੀ ਨਿਕਲੇ ਸਨ।


ਉਦਾਸੀਆਂ ( )

ਆਪ ਨੇ ਮੋਦੀਖ਼ਾਨੇ ਦੀ ਨੌਕਰੀ ਛੱਡ ਕੇ ਲੋਕਾਈ ਨੂੰ ਸੁਧਾਰਨ ਦਾ ਮਨ ਬਣਾਇਆ। ਆਪ ਨੇ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਉਪਰੰਤ ਕਿਹਾ ਸੀ 'ਨਾ ਕੋਈ ਹਿੰਦੂ ਹੈ ਨਾ ਮੁਸਲਮਾਨ'। ਉਹ ਸਭ ਧਰਮਾਂ ਦੇ ਲੋਕਾਂ ਨੂੰ ਉਸ ਪਰਮਾਤਮਾ ਦੀ ਔਲਾਦ ਸਮਝਦਿਆਂ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦੇ ਵਿਰੋਧੀ ਸਨ। ਉਨ੍ਹਾਂ ਨੇ 28 ਸਾਲ ਦੀ ਉਮਰ ਵਿੱਚ ਹੀ ਵੱਖ- ਵੱਖ ਦਿਸ਼ਾਵਾਂ ਵਿੱਚ ਲੰਮੀਆਂ ਉਦਾਸੀਆਂ ਕਰ ਕੇ ਦੇਸ ਤੇ ਵਿਦੇਸਾਂ ਵਿੱਚ ਜਾ ਕੇ ਦੁਨੀਆ ਦਾ ਕਲਿਆਣ ਕੀਤਾ। ਉਹ ਪੂਰਬ ਵਿੱਚ ਅਸਾਮ-ਕਾਮਰੂਪ, ਉੱਤਰ ਵਿੱਚ ਕਸ਼ਮੀਰ, ਬਦਰੀ ਨਾਥ, ਦੱਖਣ ਵਿੱਚ ਲੰਕਾ ਅਤੇ ਪੱਛਮ ਵਿੱਚ ਕਾਠੀਆਵਾੜ, ਮੱਕੇ ਤੇ ਬਗਦਾਦ ਤੱਕ ਗਏ। ਉਨ੍ਹਾਂ ਨੇ ਸੁਮੇਰ ਪਰਬਤ ਉੱਪਰ ਸਿੱਧ ਜੋਗੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸੇ ਤਰ੍ਹਾਂ ਉਨ੍ਹਾਂ ਹਰਦੁਆਰ, ਪ੍ਰਯਾਗ, ਬਨਾਰਸ, ਜਗਨਨਾਥ ਪੁਰੀ, ਰਾਮੇਸ਼ਵਰਮ, ਸੋਮਨਾਥ, ਦੁਆਰਕਾ, ਮਥੁਰਾ, ਕੁਰੂਕਸ਼ੇਤਰ, ਆਦਿ ਤੀਰਥ ਸਥਾਨਾਂ 'ਤੇ ਜਾ ਕੇ ਪੰਡਤਾਂ, ਪੁਜਾਰੀਆਂ, ਸਿੱਧਾਂ, ਕਾਜ਼ੀਆਂ, ਮੌਲਵੀਆਂ ਆਦਿ ਨਾਲ ਧਾਰਮਕ, ਅਧਿਆਤਮਕ, ਮਿਥਿਹਾਸਕ, ਇਸੇ ਤਰ੍ਹਾਂ ਉਨ੍ਹਾਂ ਨੇ ਹੋਰ ਵੀ ਕਈ ਗੋਸ਼ਟਾਂ ਕੀਤੀਆਂ। ਸਮਾਜਕ ਤੇ ਸੰਪਰਦਾਇਕ ਮਸਲਿਆਂ 'ਤੇ ਵਿਚਾਰ ਵਟਾਂਦਰਾ ਕਰ ਕੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਇਆ।


ਉਪਦੇਸ਼ (Sermon)

ਗੁਰੂ ਜੀ ਨੇ ਉਸ ਸਮੇਂ ਦੀ ਸਮਾਜ ਵਿਚਲੀ ਜਾਤੀ ਵੰਡ ਦਾ ਵਿਰੋਧ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਹਰ ਤਰ੍ਹਾਂ ਦੇ ਵਿਤਕਰੇ ਤਿਆਗਣ ਲਈ ਪ੍ਰੇਰਿਆ। ਉਨ੍ਹਾਂ ਨੇ ਲੋਕਾਂ ਨੂੰ ਕਿਰਤ ਕਰਨ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਪ੍ਰੇਰਿਆ। ਉਨ੍ਹਾਂ ਆਪਣੀ ਬਾਣੀ ਵਿੱਚ ਕਿਹਾ ਹੈ :


ਘਾਲਿ ਖਾਇ ਕਿਛੁ ਹਥਹੁ ਦੇਇ

ਨਾਨਕ ਰਾਹੁ ਪਛਾਣਹਿ ਸੇਇ।


ਉਨ੍ਹਾਂ ਨੇ ਆਪਣੇ ਦੋ ਸਾਥੀਆਂ ਭਾਈ ਬਾਲਾ ਤੇ ਰਬਾਬੀ ਭਾਈ ਮਰਦਾਨਾ ਨਾਲ ਘੁੰਮਦਿਆਂ ਫਿਰਦਿਆਂ ਲੋਕਾਂ ਨੂੰ ਫੋਕੇ ਕਰਮ- ਕਾਂਡਾਂ ਤੇ ਅੰਧ-ਵਿਸ਼ਵਾਸਾਂ ਵਿੱਚੋਂ ਬਾਹਰ ਨਿਕਲਣ ਲਈ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਔਰਤ ਦੇ ਹੱਕ ਵਿੱਚ ਬਹੁਤ ਹੀ ਜ਼ੋਰਦਾਰ ਅਵਾਜ਼ ਉਠਾਉਂਦਿਆਂ ਕਿਹਾ :


“ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ।”


ਉਨ੍ਹਾਂ ਨੇ ਉਸ ਸਮੇਂ ਦੇ ਜ਼ਾਲਮ ਮੁਗ਼ਲ ਸ਼ਾਸਕਾਂ, ਜ਼ਾਲਮ ਨਵਾਬਾਂ, ਉਨ੍ਹਾਂ ਦੇ ਟੁੱਕੜਬੋਚ ਨਾਇਬਾਂ ਤੇ ਚੁਫ਼ੇਰੇ ਫੈਲੀ ਹਨੇਰਗਰਦੀ ਦਾ ਖੰਡਨ ਆਪਣੀ ਬਾਣੀ ਵਿੱਚ ਇੰਜ ਕੀਤਾ :

(ੳ) ਰਾਜੇ ਸੀਹ ਮੁਕਦਮ ਕੁਤੇ, ਜਾਇ ਜਗਾਇਨਿ ਬੈਠੇ ਸੁਤੇ।

(ਅ) ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ।

ਇਸ ਤਰ੍ਹਾਂ ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਸਾਂਝੀਵਾਲਤਾ ਦਾ ਉਪਦੇਸ਼ ਦਿੰਦਿਆਂ ਲਿਖਿਆ ਹੈ:


'ਏਕ ਪਿਤਾ ਏਕਸ ਕੇ ਹਮ ਬਾਰਿਕ'


ਮਹਾਨ ਕਵੀ (Great Poet)

ਗੁਰੂ ਨਾਨਕ ਦੇਵ ਜੀ ਬਹੁਤ ਮਹਾਨ ਕਵੀ ਵੀ ਸਨ। ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਬਾਣੀ ਵਿੱਚ ਪ੍ਰਗਟ ਕੀਤਾ ਤੇ ਇਸ ਨੂੰ ਗਾ ਕੇ ਲੋਕਾਂ ਵਿੱਚ ਪਹੁੰਚਾਇਆ। ਉਨ੍ਹਾਂ ਦੀ ਬਾਣੀ ਆਦਿ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ। ਉਨ੍ਹਾਂ ਦੀਆਂ ਰੁਚੀਆਂ ਬਾਣੀਆਂ ਵਿੱਚੋਂ ਜਪੁਜੀ, ਪੱਟੀ, ਸਿਧ ਗੋਸ਼ਿਟ, ਬਾਬਰ ਬਾਣੀ, ਬਾਰਾਂ ਮਾਹ ਤੁਖਾਰੀ ਅਤੇ ਤਿੰਨ ਵਾਰਾਂ ਬਹੁਤ ਹੀ ਪ੍ਰਸਿੱਧ ਹਨ।ਉਨ੍ਹਾਂ ਦੀ ਬਾਣੀ ਬਹੁਤ ਹੀ ਸਰਲ ਭਾਸ਼ਾ ਵਿੱਚ ਲਿਖੀ ਗਈ ਹੈ।ਇਸ ਵਿੱਚ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਨੂੰ ਬਹੁਤ ਹੀ ਕਲਾਤਮਕਤਾ ਸਹਿਤ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੀ ਬਾਣੀ ਦੀਆਂ ਕਈ ਤੁਕਾਂ ਤਾਂ ਅਖਾਣ ਹੀ ਬਣ ਗਈਆਂ ਹਨ; ਜਿਵੇਂ :

1. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।

2. ਨਾਨਕ ਦੁਖੀਆ ਸਭੁ ਸੰਸਾਰ।


ਗੁਰਗੱਦੀ ਸੌਂਪਣਾ (Handing over the throne)

ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮਾਪਤ ਕਰਨ ਮਗਰੋਂ ਉਮਰ ਦੇ ਆਖ਼ਰੀ ਸਾਲ ਰਾਵੀ ਨਦੀ ਕਿਨਾਰੇ ਕਰਤਾਰਪੁਰ (ਪਾਕਿਸਤਾਨ) ਵਿਖੇ ਗੁਜ਼ਾਰੇ। ਇੱਥੇ ਆਪ ਨੇ ਆਪਣੇ ਹੱਥੀਂ ਖੇਤੀ ਕੀਤੀ। ਇੱਥੇ ਹੀ ਆਪ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਲਾ ਕੇ 'ਅੰਗਦ ਦੇਵ' ਦਾ ਨਾਂ ਦਿੱਤਾ ਤੇ ਗੁਰਗੱਦੀ ਸੌਂਪ ਦਿੱਤੀ।


ਜੋਤੀ ਜੋਤ ਸਮਾਉਣਾ 

ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਹੀ ਸੱਤਰ ਸਾਲ ਦੀ ਉਮਰ ਵਿੱਚ ਜੋਤੀ-ਜੋਤ ਸਮਾ ਗਏ। ਆਪ ਜੀ ਸਿੱਖ ਧਰਮ ਦੇ ਮੋਢੀ ਗੁਰੂ ਸਨ। ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਉਪਰੰਤ ਅਗਲੇ ਨੌਂ ਗੁਰੂ ਸਾਹਿਬਾਨ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਤੋਰਿਆ ਤੇ ਅਖੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਦਿ ਗ੍ਰੰਥ ਨੂੰ ਗਿਆਰ੍ਹਵੇਂ ਗੁਰੂ ਦੀ ਪਦਵੀ ਦੇ ਕੇ ਸਿੱਖਾਂ ਨੂੰ ਉਸੇ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ।


ਸਾਰੰਸ਼ (Summary)

ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ।ਉਹ ਬਹੁਤ ਹੀ ਵੱਡੇ ਕਵੀ, ਯੁੱਗ ਪੁਰਖ, ਦਲੇਰ ਤੇ ਕਿਰਤੀ ਮਨੁੱਖ ਸਨ। ਆਪਣੇ ਸਮੇਂ ਦੀਆਂ ਸਥਿਤੀਆਂ ਅਨੁਸਾਰ ਉਨ੍ਹਾਂ ਨੇ ਜੋ ਕਾਰਜ ਕੀਤੇ ਉਹ ਕੋਈ ਮਹਾਨ ਆਤਮਾ ਹੀ ਕਰ ਸਕਦੀ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਲਈ ਓਨੀਆਂ ਹੀ ਪ੍ਰਸੰਗਿਕ ਹਨ।


Post a Comment

2 Comments

  1. We got to know many things about shri guru Nanak Dev Ji
    Thank u so much for this

    ReplyDelete
  2. It's very nice essay

    ReplyDelete