ਪੰਜਾਬੀ ਨਿਬੰਧ - ਸੰਚਾਰ ਦੇ ਸਾਧਨਾਂ
Sanchar De Sadhan
ਰੂਪ-ਰੇਖਾ
ਸੰਚਾਰ ਤੋਂ ਭਾਵ, ਵਿਗਿਆਨਕ ਕਾਢਾਂ ਤੇ ਸੰਚਾਰ, ਟੈਲੀਫ਼ੋਨ ਤੇ ਮੋਬਾਇਲ ਫ਼ੋਨ, ਵਾਇਰਲੈੱਸ, ਡਾਕ-ਤਾਰ, ਟੈਲੀਪ੍ਰਿੰਟਰ, ਫੈਕਸ ਤੇ ਕੰਪਿਊਟਰ ਨੈੱਟਵਰਕ, ਰੇਡੀਓ ਤੇ ਟੈਲੀਵਿਜ਼ਨ, ਅਖ਼ਬਾਰਾਂ, ਸਾਰੰਸ਼।
ਸੰਚਾਰ ਤੋਂ ਭਾਵ
ਸੰਚਾਰ ਦੇ ਅਰਥ ਹਨ-ਵਿਚਾਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ। ਮਨੁੱਖ ਦੇ ਸਾਹਮਣੇ ਆਪਣੇ ਸੰਬੰਧੀਆਂ, ਰਿਸ਼ਤੇਦਾਰਾਂ ਤੇ ਸੱਜਣਾਂ-ਮਿੱਤਰਾਂ ਤੱਕ ਆਪਣੇ ਸੰਦੇਸ਼ ਅਤੇ ਵਿਚਾਰ ਪਹੁੰਚਾਉਣ ਦੀ ਲੋੜ ਹਮੇਸ਼ਾ ਹੀ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਇੱਛਾ ਵੀ ਰੱਖਦਾ ਹੈ। ਆਪਣੀਆਂ ਇਨ੍ਹਾਂ ਲੋੜਾਂ ਤੇ ਇੱਛਾਵਾਂ ਦੀ ਪੂਰਤੀ ਲਈ ਉਹ ਹਮੇਸ਼ਾ ਹੀ ਯਤਨ ਕਰਦਾ ਆਇਆ ਹੈ।
ਵਿਗਿਆਨਿਕ ਕਾਢਾਂ ਤੇ ਸੰਚਾਰ
ਵਰਤਮਾਨ ਯੁੱਗ ਵਿੱਚ ਜਿੱਥੇ ਵਿਗਿਆਨਕ ਕਾਢਾਂ ਨੇ ਸਾਡੇ ਜੀਵਨ ਵਿੱਚ ਬਹੁਪੱਖੀ ਤਬਦੀਲੀ ਲੈ ਆਂਦੀ ਹੈ ਉੱਥੇ ਇਨ੍ਹਾਂ ਕਾਢਾਂ ਨਾਲ ਸੰਚਾਰ ਦੇ ਖੇਤਰ ਵਿੱਚ ਹੈਰਾਨਕੁੰਨ ਤਰੱਕੀ ਹੋਈ ਹੈ। ਇਸ ਖੇਤਰ ਵਿੱਚ ਟੈਲੀਫ਼ੋਨ, ਵਾਇਰਲੈੱਸ, ਸੈਲੂਲਰ ਫ਼ੋਨ, ਕੰਪਿਊਟਰ, ਇੰਟਰਨੈੱਟ, ਡਾਕ-ਤਾਰ, ਟੈਲੀਪ੍ਰਿੰਟਰ, ਰੇਡੀਓ ਤੇ ਟੈਲੀਵਿਜ਼ਨ ਦੀਆਂ ਕਾਢਾਂ ਅਤਿਅੰਤ ਮਹੱਤਵਪੂਰਨ ਹਨ।
ਟੈਲੀਫ਼ੋਨ ਤੇ ਮੋਬਾਇਲ ਫ਼ੋਨ
ਟੈਲੀਫੋਨ ਤੇ ਮੋਬਾਇਲ ਰਾਹੀਂ ਅਸੀਂ ਇੱਕ ਥਾਂ ਬੈਠੇ ਹੀ ਦੁਨੀਆ ਭਰ ਵਿੱਚ ਦੂਰ-ਦੂਰ ਵੱਸ ਰਹੇ ਆਪਣੇ ਰਿਸ਼ਤੇਦਾਰਾਂ, ਸੰਬੰਧੀਆਂ, ਦੋਸਤਾਂ-ਮਿੱਤਰਾਂ ਤੇ ਕਾਰੋਬਾਰ ਨਾਲ ਸੰਬੰਧਤ ਵਿਅਕਤੀਆਂ ਨਾਲ ਗੱਲਬਾਤ ਕਰ ਸਕਦੇ ਹਾਂ ਤੇ ਸੁਨੇਹਾ ਵੀ ਭੇਜ ਸਕਦੇ ਹਾਂ। ਪਹਿਲਾਂ ਟੈਲੀਫ਼ੋਨ ਆਮ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਨਾਲ ਤਾਰ ਨਾਲ ਜੁੜਿਆ ਹੁੰਦਾ ਸੀ।ਪਰ ਹੁਣ ਤਾਂ ਤਾਰ ਰਹਿਤ ਮੋਬਾਇਲ ਫ਼ੋਨ ਆ ਗਏ ਹਨ। ਹੁਣ ਤਾਂ ਅਜਿਹੇ ਟੈਲੀਫ਼ੋਨ ਵੀ ਬਣ ਗਏ ਹਨ ਜਿਨ੍ਹਾਂ ਨਾਲ ਤੁਸੀਂ ਦੂਰ ਬੈਠੇ ਵਿਅਕਤੀ ਨਾਲ ਗੱਲਾਂ ਕਰਨ ਤੋਂ ਬਿਨਾਂ ਉਸ ਦੀ ਤਸਵੀਰ ਵੀ ਦੇਖ ਸਕਦੇ ਹੋ।
ਡਾਕ-ਤਾਰ
ਟੈਲੀਫ਼ੋਨ ਤੋਂ ਬਿਨਾਂ ਸੰਚਾਰ ਦਾ ਦੂਸਰਾ ਹਰਮਨ ਪਿਆਰਾ ਸਾਧਨ ਡਾਕ-ਤਾਰ ਹੈ। ਡਾਕ ਰਾਹੀਂ ਅਸੀਂ ਚਿੱਠੀਆਂ ਲਿਖ ਕੇ ਅਤੇ ਮਨੀਆਰਡਰ ਤੇ ਪਾਰਸਲ ਭੇਜ ਕੇ ਅਤੇ ਡਾਕ-ਤਾਰ ਤੋਂ ਤਾਰ ਦੇ ਕੇ ਦੂਰ ਬੈਠੇ ਵਿਅਕਤੀਆਂ ਨਾਲ ਸੰਪਰਕ ਪੈਦਾ ਕਰਦੇ ਹਾਂ। ਇਸ ਰਾਹੀਂ ਭਾਵ ਤੇ ਵਿਚਾਰ ਲਿਖਤੀ ਰੂਪ ਵਿੱਚ ਅਗਲੇ ਤੱਕ ਪੁੱਜ ਜਾਂਦੇ ਹਨ ਤੇ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ ਹੈ। ਸੰਚਾਰ ਦਾ ਇਹ ਸਾਧਨ ਕਾਫ਼ੀ ਭਰੋਸੇਯੋਗ, ਸਸਤਾ ਤੇ ਪ੍ਰਿਅ ਰਿਹਾ ਹੈ। ਪਰ ਹੁਣ ਨਵੇਂ ਸੰਚਾਰ ਸਾਧਨਾਂ ਸਦਕਾ ਭਾਰਤ ਸਰਕਾਰ ਨੇ ਤਾਰ ਭੇਜਣ ਵਾਲੀ ਸੇਵਾ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਹੈ।
ਟੈਲੀਪ੍ਰਿੰਟਰ, ਫੈਕਸ ਤੇ ਕੰਪਿਊਟਰ ਨੈੱਟਵਰਕ
ਸੰਚਾਰ ਦਾ ਅਗਲਾ ਸਾਧਨ ਫੈਕਸ ਤੇ ਕੰਪਿਊਟਰ ਨੈੱਟਵਰਕ ਹੈ। ਟੈਲੀਪ੍ਰਿੰਟਰ ਟਾਈਪ ਦੀ ਮਸ਼ੀਨ ਵਰਗਾ ਹੁੰਦਾ ਹੈ ਜੋ ਕਿ ਦੂਰ ਬੈਠੇ ਸੰਦੇਸ਼-ਵਾਹਕ ਰਾਹੀਂ ਟਾਈਪ ਕੀਤੇ ਸੰਦੇਸ਼ ਨੂੰ ਨਾਲ-ਨਾਲ ਟਾਈਪ ਕਰੀ ਜਾਂਦਾ ਹੈ। ਇਸ ਸਾਧਨ ਦੀ ਬਹੁਤੀ ਵਰਤੋਂ ਅਖ਼ਬਾਰਾਂ ਨੂੰ ਖ਼ਬਰਾਂ ਪੁਚਾਉਣਾ, ਪੁਲਿਸ ਦੁਆਰਾ ਇੱਕ-ਦੂਜੇ ਨੂੰ ਸੂਚਨਾਵਾਂ ਭੇਜਣ ਤੇ ਵੱਡੇ ਵਪਾਰਕ ਅਦਾਰਿਆਂ ਦੁਆਰਾ ਆਪਣੇ ਸੁਨੇਹੇ ਤੇ ਆਰਡਰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਲਈ ਕੀਤੀ ਜਾਂਦੀ ਰਹੀ ਹੈ। ਹੁਣ ਤਾਂ ਫੈਕਸ ਰਾਹੀਂ ਤੁਸੀਂ ਆਪਣੇ ਲਿਖਤੀ ਸੁਨੇਹੇ ਦੀ ਕਾਪੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਭੇਜ ਸਕਦੇ ਹੋ। ਇਸ ਸਮੇਂ ਦਿਨੋ-ਦਿਨ ਹਰਮਨ ਪਿਆਰਾ ਹੋ ਰਿਹਾ ਸੰਚਾਰ-ਸਾਧਨ ਕੰਪਿਊਟਰ ਨੈੱਟਵਰਕ ਹੈ ਇਸ ਨਾਲ ਦੁਨੀਆ ਭਰ ਵਿੱਚ ਕਿਤੇ ਵੀ ਕਿਸੇ ਨਾਲ ਜੁੜ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਸੁਨੇਹਾ ਵੀ ਭੇਜਿਆ ਜਾ ਸਕਦਾ ਹੈ।
ਕੰਪਿਊਟਰ ਨੈੱਟਵਰਕ ਦੇ ਤਿੰਨ ਰੂਪ ਹਨ ਜਿਸ ਨੂੰ LAN, MAN ਅਤੇ WAN ਕਿਹਾ ਜਾਂਦਾ ਹੈ। ਲੈਨ ਤੋਂ ਭਾਵ ਲੋਕਲ ਏਰੀਆ ਨੈੱਟਵਰਕ ਹੈ। ਜਿਵੇਂ ਕਿਸੇ ਇੱਕ ਕੰਪਨੀ ਜਾਂ ਵੱਡੇ ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਕੰਪਿਊਟਰ ਦਾ ਆਪਸ ਵਿੱਚ ਜੁੜੇ ਹੋਣਾ।ਮੈਨ ਤੋਂ ਭਾਵ ਮੈਟਰੋਪੋਲੀਟਨ ਏਰੀਆ ਨੈੱਟਵਰਕ ਹੈ, ਜਿਸ ਵਿੱਚ ਕਿਸੇ ਇੱਕ ਅਦਾਰੇ ਜਾਂ ਕੰਪਨੀ ਦੇ ਵੱਖ-ਵੱਖ ਸ਼ਹਿਰਾਂ ਤੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਦਾ ਆਪਸ ਵਿੱਚ ਜੁੜੇ ਹੋਣਾ ਹੁੰਦਾ ਹੈ ਜਿਵੇਂ ਸਾਰੇ ਦੇਸ ਦੇ ਰੇਲਵੇ ਸਟੇਸ਼ਨਾਂ ਦੇ ਬੁਕਿੰਗ ਕਾਊਂਟਰਾਂ ਤੇ ਬੈਂਕ ਆਪਸ ਵਿੱਚ ਜੁੜੇ ਹੋਏ ਹਨ।ਵੈਨ ਤੋਂ ਭਾਵ ਹੈ ਵਰਲਡ ਏਰੀਆ ਨੈੱਟਵਰਕ ਹੈ ।ਇਸ ਵਿੱਚ ਸਾਰੀ ਦੁਨੀਆ ਦੇ ਕੰਪਿਊਟਰ ਆਪਸ ਵਿੱਚ ਜੁੜੇ ਰਹਿੰਦੇ ਹਨ। ਕੰਪਿਊਟਰ ਨੈੱਟਵਰਕ ਵਰਤਮਾਨ ਯੁੱਗ ਦਾ ਸਭ ਤੋਂ ਹਰਮਨ ਪਿਆਰਾ, ਤੇਜ਼, ਅਚੁੱਕ ਤੇ ਸਹੂਲਤਾਂ ਭਰਿਆ ਸੰਚਾਰ ਸਾਧਨ ਹੈ।
ਰੇਡੀਓ ਤੇ ਟੈਲੀਵਿਜ਼ਨ
ਸੰਚਾਰ ਦੇ ਅਗਲੇ ਸਭ ਤੋਂ ਮਹੱਤਵਪੂਰਨ ਸਾਧਨ ਰੇਡੀਓ ਅਤੇ ਟੈਲੀਵਿਜ਼ਨ ਹਨ। ਇਹ ਦੋਵੇਂ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ। ਇਨ੍ਹਾਂ ਰਾਹੀਂ ਸਾਡਾ ਦਿਲ-ਪਰਚਾਵਾ ਵੀ ਕੀਤਾ ਜਾਂਦਾ ਹੈ। ਸਾਨੂੰ ਖ਼ਬਰਾਂ ਤੇ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਇਹ ਇਸ਼ਤਿਹਾਰਬਾਜ਼ੀ ਦੇ ਵੀ ਪ੍ਰਮੁੱਖ ਸਾਧਨ ਹਨ। ਰੇਡੀਓ ਰਾਹੀਂ ਸਾਡੇ ਤੱਕ ਕੇਵਲ ਅਵਾਜ਼ ਹੀ ਪਹੁੰਚਦੀ ਹੈ ਪਰ ਟੈਲੀਵਿਜ਼ਨ ਰਾਹੀਂ ਸਾਡੇ ਸਾਹਮਣੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਦੀ ਫੋਟੋ ਆਉਂਦੀ ਹੈ। ਇਸ ਤਰ੍ਹਾਂ ਇਹ ਸੰਚਾਰ ਦਾ ਵਧੇਰੇ ਸਹੂਲਤਾਂ ਭਰਿਆ ਸਾਧਨ ਹੈ।
ਅਖ਼ਬਾਰਾਂ
ਇਨ੍ਹਾਂ ਤੋਂ ਇਲਾਵਾ ਅਖ਼ਬਾਰਾਂ ਵੀ ਵਰਤਮਾਨ ਯੁੱਗ ਵਿੱਚ ਸੰਚਾਰ ਦਾ ਮਹੱਤਵਪੂਰਨ ਸਾਧਨ ਹਨ। ਅਸੀਂ ਸਵੇਰ ਸਾਰ ਹੀ ਦੁਨੀਆ ਭਰ ਦੀਆਂ ਖ਼ਬਰਾਂ ਇਨ੍ਹਾਂ ਅਖ਼ਬਾਰਾਂ ਤੋਂ ਪੜ੍ਹ ਸਕਦੇ ਹਾਂ।
ਸਾਰੰਸ਼
ਸਮੁੱਚੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਸੰਚਾਰ ਦੇ ਸਾਧਨਾਂ ਦੇ ਵਿਕਾਸ ਨਾਲ ਜਿੱਥੇ ਸਾਡੇ ਜੀਵਨ ਵਿੱਚ ਸੁਖ ਤੇ ਸਹੂਲਤਾਂ ਪੈਦਾ ਹੋਈਆਂ ਹਨ, ਉੱਥੇ ਦੇਸ ਅਤੇ ਸਮਾਜ ਦੇ ਵਿਕਾਸ ਨੂੰ ਵੀ ਹੁਲਾਰਾ ਮਿਲਿਆ ਹੈ। ਹੁਣ ਕਬੂਤਰਾਂ ਰਾਹੀਂ ਚਿੱਠੀਆਂ ਪਹੁੰਚਾਣ ਵਾਲੀ ਗੱਲ ਕਹਾਣੀਆਂ ਵਿੱਚ ਹੀ ਪੜ੍ਹੀ ਜਾਇਆ ਕਰੇਗੀ।
1 Comments
To much long my hand break
ReplyDelete