ਪੰਜਾਬੀ ਪੱਤਰ -ਸੰਪਾਦਕ ਨੂੰ ਪੱਤਰ ਲਿਖੋ, ਜਿਸ ਵਿੱਚ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਚਿੰਤਾ ਪ੍ਰਗਟ ਕਰੋ।

ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ, ਜਿਸ ਵਿੱਚ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਚਿੰਤਾ ਪ੍ਰਗਟ ਕਰੋ।ਪਰੀਖਿਆ ਭਵਨ,

ਸ਼ਹਿਰ।

16.08.20…..


ਸੇਵਾ ਵਿਖੇ,

ਸੰਪਾਦਕ ਸਾਹਿਬ,

ਪੰਜਾਬੀ ਟ੍ਰਿਬਿਊਨ,

ਚੰਡੀਗੜ੍ਹ।

ਵਿਸ਼ਾ : ਆਮ ਵਰਤੋਂ ਦੀਆਂ ਵਸਤਾਂ ਦੀਆਂ ਵਧਦੀਆਂ ਕੀਮਤਾਂ ਸੰਬੰਧੀ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਅਖ਼ਬਾਰ ਰਾਹੀਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਨਿਰੰਤਰ ਵਧ ਰਹੀਆਂ ਕੀਮਤਾਂ ਬਾਰੇ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।ਮੈਨੂੰ ਆਸ ਹੈ ਕਿ ਤੁਸੀਂ ਇਨ੍ਹਾਂ ਨੂੰ ਜ਼ਰੂਰ ਆਪਣੇ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰੋਗੇ।

ਅੱਜ ਅਸੀਂ ਸਾਰੇ ਵੇਖਦੇ ਹਾਂ ਕਿ ਸਾਡੀ ਆਮ ਵਰਤੋਂ ਦੀਆਂ ਲਗਪਗ ਸਾਰੀਆਂ ਹੀ ਵਸਤਾਂ ਜਿਵੇਂ : ਆਟਾ, ਦੁੱਧ, ਚਾਵਲ, ਸਬਜ਼ੀਆਂ, ਮਿਰਚ ਮਸਾਲਿਆਂ ਦੀਆਂ ਕੀਮਤਾਂ ਦਿਨ ਦੂਣੀ ਰਾਤ ਚੌਗੁਣੀ ਰਫ਼ਤਾਰ ਨਾਲ ਵਧ ਰਹੀਆਂ ਹਨ। ਇਸ ਨਾਲ ਮਹਿੰਗਾਈ ਦੇ ਜ਼ਮਾਨੇ ਵਿੱਚ ਸਧਾਰਨ ਮਨੁੱਖ ਲਈ ਦੋ ਵੇਲੇ ਦੀ ਰੋਟੀ ਖਾਣੀ ਵੀ ਬਹੁਤ ਵੱਡੀ ਮੁਸ਼ਕਲ ਬਣ ਗਈ ਹੈ। ਨਮਕ ਤੇ ਆਲੂ ਵਰਗੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਸਮੇਂ ਵਿੱਚ ਹੀ ਕਈ ਗੁਣਾ ਵਾਧਾ ਹੋ ਗਿਆ ਹੈ। ਅਜਿਹੀ ਸਥਿਤੀ ਦੀ ਗੰਭੀਰਤਾ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ।

ਸਰਕਾਰ ਵੱਲੋਂ ਹਰ ਸਾਲ ਬਜਟ ਬਣਾਇਆ ਜਾਂਦਾ ਹੈ ਤੇ ਪੰਜ ਸਾਲਾ ਯੋਜਨਾਵਾਂ ਵੀ ਬਣਾਈਆਂ ਜਾਂਦੀਆਂ ਹਨ ਪਰ ਇਨ੍ਹਾਂ ਸਾਰੀਆਂ ਯੋਜਨਾਵਾਂ ਵਿੱਚ ਆਮ ਆਦਮੀ ਦੇ ਭਲੇ ਦੀ ਗੱਲ ਤਾਂ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੀ ਲੱਗਦੀ ਹੈ। ਮਹਿੰਗਾਈ ਦੀ ਸਮੱਸਿਆ ਅੱਗੋਂ ਹੋਰ ਅਜਿਹੀਆਂ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ ਜਿਨ੍ਹਾਂ ਨਾਲ ਨਜਿੱਠਣਾ ਸਰਕਾਰ ਨੂੰ ਕਾਫ਼ੀ ਮਹਿੰਗਾ ਪੈ ਰਿਹਾ ਹੈ।

ਵਸਤਾਂ ਦੀਆਂ ਕੀਮਤਾਂ ਵਿੱਚ ਅਜਿਹਾ ਵਾਧਾ ਕਿਉਂ ਹੋ ਰਿਹਾ ਹੈ। ਜੇਕਰ ਅਸੀਂ ਵਿਕਸਤ ਜਾਂ ਵਿਕਾਸਸ਼ੀਲ ਦੇਸਾਂ 'ਤੇ ਨਜ਼ਰ ਮਾਰੀਏ ਤਾਂ ਉੱਥੇ ਕੀਮਤਾਂ ਉੱਪਰ ਸਰਕਾਰ ਬਹੁਤ ਹੀ ਨੇੜਿਓਂ ਨਜ਼ਰ ਰੱਖਦੀ ਹੈ। ਕਿਸੇ ਵੀ ਕੰਪਨੀ ਨੂੰ ਕਿਸੇ ਵਸਤ ਦੀ ਕੀਮਤ ਵਧਾਉਣ ਲਈ ਪਹਿਲਾਂ ਸਰਕਾਰ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਪਰ ਸਾਡੇ ਦੇਸ ਵਿੱਚ ਅਜਿਹਾ ਪ੍ਰਬੰਧ ਕਿਧਰੇ ਨਜ਼ਰ ਨਹੀਂ ਆਉਂਦਾ।

ਵਧਦੀਆਂ ਕੀਮਤਾਂ ਦਾ ਸਭ ਤੋਂ ਵੱਡਾ ਕਾਰਨ ਵਪਾਰੀ ਵਰਗ ਦੀ ਸਿੱਧੀ ਲੁੱਟ ਨਾਲ ਜੁੜਿਆ ਹੋਇਆ ਹੈ। ਰਾਜਨੀਤਕ ਆਗੂ ਤੇ ਸਰਕਾਰਾਂ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਵਪਾਰੀਆਂ ਦੇ ਹਿੱਤਾਂ ਦੀ ਗੱਲ ਹੀ ਕਰਦਿਆਂ ਹਨ।ਜਦੋਂ ਮੰਡੀ ਵਿੱਚ ਦੋ ਰੁਪਏ ਕਿਲੋ ਵਿਕੀ ਵਸਤ ਇੱਕ ਘੰਟੇ ਮਗਰੋਂ ਬਜ਼ਾਰ ਵਿੱਚ ਦਸ ਰੁਪਏ ਕਿਲੋ ਵਿਕ ਰਹੀ ਹੁੰਦੀ ਹੈ ਤਾਂ ਗੱਲ ਸਮਝੀ ਜਾ ਸਕਦੀ ਹੈ ਕਿ ਇਹ ਮੁਨਾਫ਼ਾ ਕਿਹੜੇ ਲੋਕਾਂ ਦੀ ਜੇਬ ਵਿੱਚ ਜਾ ਰਿਹਾ ਹੈ।ਜਖੀਰੇਬਾਜ਼ ਵਪਾਰੀ ਵਸਤਾਂ ਦੀਆਂ ਕੀਮਤਾਂ 'ਤੇ ਆਪਣਾ ਕਬਜ਼ਾ ਬਣਾਈ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਦੇ ਹਨ।

ਅਜਿਹੀਆਂ ਸਥਿਤੀਆਂ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਦੀ ਸਹਾਇਤਾ ਕਰਨ ਲਈ ਅਜਿਹੇ ਪ੍ਰਬੰਧ ਕਰੇ ਕਿ ਕਿਸੇ ਤਰ੍ਹਾਂ ਅਸਮਾਨ ਛੋਹ ਰਹੀਆਂ ਇਨ੍ਹਾਂ ਕੀਮਤਾਂ ਨੂੰ ਨੱਥ ਪਾਈ ਜਾ ਸਕੇ। ਵਪਾਰੀਆਂ ਨੂੰ ਵੀ ਲਾਭ ਨੂੰ ਹੀ ਮੁੱਖ ਰੱਖਣ ਦੀ ਥਾਂ ਮਾਨਵਤਾ ਦੀ ਦ੍ਰਿਸ਼ਟੀ ਤੋਂ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜੇਕਰ ਸਾਰੇ ਲੋਕ ਤੇ ਸਰਕਾਰ ਇਸ ਪਾਸੇ ਫ਼ਿਕਰਮੰਦ ਹੋਵੇਗੀ ਤਾਂ ਇਸ ਦੇ ਚੰਗੇ ਸਿੱਟੇ ਜ਼ਰੂਰ ਨਿਕਲਣਗੇ।ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਇਨ੍ਹਾਂ ਵਿਚਾਰਾਂ ਨੂੰ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ। ਮੈਂ ਇਸ ਲਈ ਤੁਹਾਡਾ ਬਹੁਤ ਹੀ ਧੰਨਵਾਦੀ ਹੋਵਾਂਗਾ।

ਤੁਹਾਡਾ ਵਿਸ਼ਵਾਸ ਪਾਤਰ, 

ਕ. ਖ. ਗ.


Post a Comment

0 Comments