ਪੰਜਾਬੀ ਨਿਬੰਧ - ਸਮੇਂ ਦੀ ਕਦਰ
Samay Di Kadar
ਰੂਪ-ਰੇਖਾ
ਭਾਈ ਵੀਰ ਸਿੰਘ ਦੀ ਕਵਿਤਾ ਦੀ ਉਦਾਹਰਨ, ਸਮੇਂ ਦੀ ਕਦਰ ਨਾ ਕਰਨਾ, ਸਮਾਂ ਬਰਬਾਦ ਕਰਨ ਦੇ ਨੁਕਸਾਨ, ਮਹਾਪੁਰਸ਼ ਤੇ ਸਮੇਂ ਦੀ ਕਦਰ, ਵਿਦੇਸ਼ਾਂ ਵਿੱਚ ਸਮੇਂ ਦੀ ਕਦਰ, ਸਾਰੰਸ਼।
ਸਮਾਂ ਇੱਕ ਕੀਮਤੀ ਚੀਜ਼ ਹੈ। ਸਾਨੂੰ ਇਸ ਦਾ ਸਦ-ਉਪਯੋਗ ਕਰਨਾ ਚਾਹੀਦਾ ਹੈ। ਜਿਹੜਾ ਸਮਾਂ ਇੱਕ ਵਾਰ ਲੰਘ ਜਾਂਦਾ ਹੈ ਉਹ ਮੁੜ ਕੇ ਹੱਥ ਨਹੀਂ ਆਉਂਦਾ। ਪੰਜਾਬੀ ਦੇ ਮਹਾਨ ਕਵੀ, ਭਾਈ ਵੀਰ ਸਿੰਘ ਦੀ ਕਵਿਤਾ ਦੀਆਂ ਹੇਠਲੀਆਂ ਸਤਰਾਂ ਇਸ ਸੰਬੰਧੀ ਵੇਖੀਆਂ ਜਾ ਸਕਦੀਆਂ ਹਨ—
ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ,
ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ।
ਤਿੱਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ।
ਹੋ ਸੰਭਲ ਸੰਭਾਲ ਇਸ ਸਮੇਂ ਨੂੰ
ਕਰ ਸਫਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨਾ ਮੁੜ ਕੇ ਆਂਵਦਾ।
ਸਮੇਂ ਦੀ ਕਦਰ ਨਾ ਕਰਨਾ
ਸਾਡੀਆਂ ਕੁਝ ਅਜਿਹੀਆਂ ਆਦਤਾਂ ਬਣ ਚੁੱਕੀਆਂ ਹਨ ਕਿ ਅਸੀਂ ਸਮੇਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ। ਸਮਾਂ ਲੰਘ ਜਾਣ ਨੂੰ ਅਸੀਂ ਮਾਮੂਲੀ ਗੱਲ ਸਮਝ ਲੈਂਦੇ ਹਾਂ। ਭਾਵੇਂ ਸਾਨੂੰ ਬਾਅਦ ਵਿੱਚ ਪਛਤਾਉਣਾ ਹੀ ਪਵੇ। ਸਾਡੇ ਖਾਣ-ਪੀਣ, ਸੌਣ, ਜਾਗਣ ਦਾ ਕੋਈ ਸਮਾਂ ਨਿਸਚਿਤ ਨਹੀਂ ਹੈ। ਜੇਕਰ ਸੁੱਤੇ ਰਹਾਂਗੇ ਤਾਂ ਘੰਟਿਆਂ-ਬੱਧੀ ਸੁੱਤੇ ਰਹਾਂਗੇ। ਜੇ ਅਸੀਂ ਕਿਸੇ ਮਿੱਤਰ ਨਾਲ ਗੱਲਾਂ-ਬਾਤਾਂ ਮਾਰਨ ਲੱਗ ਗਏ ਤਾਂ ਸਮੇਂ ਦਾ ਕੋਈ ਧਿਆਨ ਨਹੀਂ ਰਹਿੰਦਾ। ਜੇ ਕਿਸੇ ਰਿਸ਼ਤੇਦਾਰ ਕੋਲ ਚਲੇ ਗਏ ਜਾਂ ਕੋਈ ਰਿਸ਼ਤੇਦਾਰ ਸਾਡੇ ਕੋਲ ਚੱਲ ਕੇ ਆ ਗਿਆ ਤਾਂ ਅਸੀਂ ਇੱਕ ਦੂਜੇ ਦੀ ਆਓ-ਭਗਤ ਵਿੱਚ ਘੰਟਿਆਂ-ਬੱਧੀ ਸਮਾਂ ਨਸ਼ਟ ਕਰ ਦਿੰਦੇ ਹਾਂ। ਭਾਵੇਂ ਸਾਡਾ ਕਿੰਨਾ ਵੀ ਨੁਕਸਾਨ ਕਿਉਂ ਨਾ ਹੁੰਦਾ ਹੋਵੇ। ਅਸੀਂ ਮਿੱਤਰ, ਰਿਸ਼ਤੇਦਾਰ ਕੋਲ ਬਹਿ ਕੇ ਗੱਪਾਂ ਮਾਰਨਾ ਜ਼ਿਆਦਾ ਪਸੰਦ ਕਰਾਂਗੇ। ਸਵੇਰੇ ਉੱਠਦੇ ਹੀ ਪਹਿਲਾ ਅਖ਼ਬਾਰ ਦਾ ਇੰਤਜ਼ਾਰ ਕਰਦੇ ਹਾਂ। ਅਖ਼ਬਾਰ ਦੇ ਆਉਣ ਤੱਕ ਅਸੀਂ ਕੋਈ ਕੰਮ ਨਹੀਂ ਕਰਦੇ। ਇਹ ਨਹੀਂ, ਜੇ ਅਖ਼ਬਾਰ ਲੇਟ ਹੈ ਤਾਂ ਨਹਾਉਣ-ਧੋਣ ਦਾ ਹੀ ਕੰਮ ਮੁਕਾ ਲਿਆ ਜਾਵੇ। ਕਈ ਵਾਰੀ ਅਸੀਂ ਦਿਨ ਰਾਤ ਟੈਲੀਵਿਜ਼ਨ ਦੇਖ ਕੇ ਸਮਾਂ ਬਰਬਾਦ ਕਰਦੇ ਹਾਂ।
ਕਈ ਵਾਰੀ ਅਸੀਂ ਆਪਣਾ ਤਾਂ ਸਮਾਂ ਬਰਬਾਦ ਕਰਦੇ ਹੀ ਹਾਂ, ਦੂਜਿਆਂ ਲਈ ਵੀ ਮੁਸੀਬਤਾਂ ਖੜ੍ਹੀਆਂ ਕਰਦੇ ਹਾਂ। ਉੱਚੀ- ਉੱਚੀ ਰੇਡੀਓ, ਸਟੀਰੀਓ ਜਾਂ ਟੈਲੀਵਿਜ਼ਨ ਲਾ ਕੇ ਗਾਣੇ ਸੁਣਾਂਗੇ। ਸਾਨੂੰ ਇਹ ਪਰਵਾਹ ਰਤਾ ਨਹੀਂ ਹੁੰਦੀ ਕਿ ਕੋਈ ਦੂਜਾ ਕਿੰਨਾ ਕੁ ਤੰਗ ਹੋ ਰਿਹਾ ਹੈ। ਵਿਆਹ-ਸ਼ਾਦੀਆਂ ਦੇ ਮੌਕਿਆਂ 'ਤੇ ਤਾਂ ਅਤਿ ਹੀ ਹੋ ਜਾਂਦੀ ਹੈ। ਖ਼ੂਬ ਢੋਲ-ਢਮੱਕੇ ਵੱਜਦੇ ਹਨ। ਗੁਆਂਢੀਆਂ ਦਾ ਕੋਈ ਧੀ-ਪੁੱਤ ਭਾਵੇਂ ਕਿਸੇ ਪਰੀਖਿਆ ਦੀ ਤਿਆਰੀ ਕਰ ਰਿਹਾ ਹੋਵੇ, ਸਾਨੂੰ ਕੋਈ ਚਿੰਤਾ ਨਹੀਂ ਹੁੰਦੀ।ਜਗਰਾਤਿਆਂ, ਅਖੰਡ-ਪਾਠਾਂ ਤੇ ਹੋਰ ਪਾਰਟੀਆਂ ਵਿੱਚ ਸਪੀਕਰ ਦੀ ਅਵਾਜ਼ ਨੂੰ ਏਨਾ ਉੱਚੀ ਛੱਡਦੇ ਹਨ ਕਿ ਕੋਈ ਕੰਮ ਕਰ ਹੀ ਨਹੀਂ ਸਕਦਾ। ਮਜਬੂਰੀ-ਵੱਸ ਗੁਆਂਢੀਆਂ ਨੂੰ ਵੀ ਮਨ ਮਾਰ ਕੇ ਰਹਿਣਾ ਪੈਂਦਾ ਹੈ।
ਸਮਾਂ ਬਰਬਾਦ ਕਰਨ ਦੇ ਨੁਕਸਾਨ
ਸਮਾਂ ਬਰਬਾਦ ਕਰਨ ਦੇ ਬਹੁਤ ਸਾਰੇ ਨੁਕਸਾਨ ਹਨ।ਜ਼ਰਾ ਸੋਚੋ, ਜੇ ਗੱਡੀਆਂ, ਬੱਸਾਂ ਸਮੇਂ ਸਿਰ ਨਾ ਚੱਲਣ ਤਾਂ ਕਿੰਨਾ ਨੁਕਸਾਨ ਹੋਵੇ। ਅਧਿਆਪਕ, ਵਿਦਿਆਰਥੀ ਸਮੇਂ ਸਿਰ ਸਕੂਲ ਨਾ ਪੁੱਜਣ ਜਾਂ ਸਰਕਾਰੀ ਦਫ਼ਤਰਾਂ, ਡਾਕਖਾਨਿਆਂ, ਟੈਲੀਫ਼ੋਨਾਂ, ਰੇਡੀਓ ਸਟੇਸ਼ਨਾਂ ਤੇ ਕਰਮਚਾਰੀ ਡਿਊਟੀ ਦੇਣ ਲਈ ਸਮੇਂ ਸਿਰ ਨਾ ਪੁੱਜਣ ਤਾਂ ਕਿੰਨਾ ਨੁਕਸਾਨ ਹੋਵੇ। ਸੱਚਮੁੱਚ ਹੀ ਹਰ ਜਗ੍ਹਾ ਹਾਹਾਕਾਰ ਮਚ ਜਾਵੇ। ਇਸ ਲਈ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।
ਮਹਾਪੁਰਸ਼ ਤੇ ਸਮੇਂ ਦੀ ਕਦਰ
ਇਤਿਹਾਸ ਵਿੱਚ ਕਈ ਉਦਾਹਰਨਾਂ ਮਿਲਦੀਆਂ ਹਨ ਕਿ ਵੱਡੇ ਲੋਕ ਹਮੇਸ਼ਾ ਸਮੇਂ ਦੀ ਕਦਰ ਕਰਦੇ ਰਹੇ ਹਨ।ਉਹ 'ਵੱਡੇ' ਆਪਣੇ ਅਜਿਹੇ ਗੁਣਾਂ ਦੇ ਸਹਾਰੇ ਹੀ ਕਹਾਉਂਦੇ ਹਨ। ਕਹਿੰਦੇ ਹਨ ਕਿ ਨੈਪੋਲੀਅਨ ਨੇ ਆਪਣੇ ਜਰਨੈਲਾਂ ਨੂੰ ਖਾਣੇ 'ਤੇ ਦਾਅਵਤ ਦਿੱਤੀ।ਜਰਨੈਲ ਕੁਝ ਲੇਟ ਹੋ ਗਏ। ਨੈਪੋਲੀਅਨ ਨੇ ਸਮੇਂ ਦੀ ਕਦਰ ਕਰਦੇ ਹੋਏ ਖਾਣੇ ਦਾ ਸਮੇਂ ਸਿਰ ਕੰਮ ਨਿਪਟਾ ਦਿੱਤਾ ।ਨੈਪੋਲੀਅਨ ਨੇ ਕਿਹਾ, '' ਖਾਣੇ ਦੇ ਕੰਮ ਦਾ ਸਮਾਂ ਬੀਤ ਚੁੱਕਾ ਹੈ।ਆਓ ਹੁਣ ਆਪਣੇ ਕੰਮ 'ਤੇ ਚੱਲੀਏ ਤਾਂ ਜੋ ਉੱਧਰੋਂ ਵੀ ਕੋਈ ਨੁਕਸਾਨ ਨਾ ਹੋ ਜਾਵੇ।' ਇੰਜ ਉਸ ਰਾਤ ਉਨ੍ਹਾਂ ਜਰਨੈਲਾਂ ਨੂੰ ਭੁੱਖੇ ਹੀ ਕੰਮ 'ਤੇ ਜਾਣਾ ਪਿਆ।
ਵਿਦੇਸਾਂ ਵਿੱਚ ਸਮੇਂ ਦੀ ਕਦਰ
ਭਾਰਤ ਦੇ ਮੁਕਾਬਲੇ ਪੱਛਮੀ ਦੇਸਾਂ ਵਿੱਚ ਸਮੇਂ ਦੀ ਕਦਰ ਕੀਤੀ ਜਾਂਦੀ ਹੈ। ਉਹ ਲੋਕ ਕੰਮ ਵੇਲੇ ਇੱਕ ਮਿੰਟ ਦੀ ਵੀ ਕੁਤਾਹੀ ਬਰਦਾਸ਼ਤ ਨਹੀਂ ਕਰਦੇ। ਉਹ ਲੋਕ ਕੰਮ ਕਰਨ ਵੇਲੇ ਡਟ ਕੇ ਕੰਮ ਕਰਦੇ ਹਨ ਤੇ ਐਸ਼ ਕਰਨ ਵੇਲੇ ਡਟ ਕੇ ਐਸ਼ ਕਰਦੇ ਹਨ। ਸਾਡੇ ਪਰਵਾਸੀ ਭਾਰਤੀਆਂ ਨੂੰ ਭਾਰਤ ਆ ਕੇ ਗੋਰਿਆਂ ਦੀਆਂ ਅਜਿਹੀਆਂ ਉਦਾਹਰਨਾਂ ਦਿੰਦੇ ਆਮ ਸੁਣਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਉਹ ਸਾਡੇ ਮੁਲਕ ਨਾਲੋਂ ਕਾਫ਼ੀ ਅੱਗੇ ਹਨ। ਸਾਡੇ ਦੇਸ ਵਿੱਚ ਗੱਡੀਆਂ ਲਗਪਗ ਸਮੇਂ ਸਿਰ ਨਹੀਂ ਪਹੁੰਚਦੀਆਂ। ਪਰ ਕਿਹਾ ਜਾਂਦਾ ਹੈ ਕਿ ਜਰਮਨੀ ਵਿੱਚ ਤੁਸੀਂ ਗੱਡੀ ਦੇ ਸਮੇਂ ਅਨੁਸਾਰ ਆਪਣੀ ਘੜੀ ਦਾ ਸਮਾਂ ਚੈੱਕ ਕਰ ਸਕਦੇ ਹੋ ਅਰਥਾਤ ਤੁਹਾਡੀ ਘੜੀ ਗ਼ਲਤ ਹੋ ਸਕਦੀ ਹੈ ਗੱਡੀ ਕਦੇ ਇੱਕ ਮਿੰਟ ਵੀ ਲੇਟ ਨਹੀਂ ਹੋਵੇਗੀ ਤੇ ਨਾ ਹੀ ਪਹਿਲਾਂ ਆਵੇਗੀ।
ਸਾਰੰਸ਼
ਮੁੱਕਦੀ ਗੱਲ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਸਮੇਂ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ। ਕਿਤੇ ਸਾਨੂੰ ਇਹ ਨਾ ਕਹਿਣਾ ਪੈ ਜਾਵੇ, ਚੰਗਾ ਹੁੰਦਾ ਜੇ ਮੈਂ ਕੰਮ ਸਮੇਂ ਸਿਰ ਕਰ ਲੈਂਦਾ। ਪਰੰਤੂ ਉਸ ਵੇਲੇ ਇਹ ਅਖਾਣ ਬਿਲਕੁਲ ਢੁੱਕਦੀ ਹੈ ‘ਹੁਣ ਪਛਤਾਏ ਕੀ ਬਣੇ ਜਦੋਂ ਚਿੜੀਆਂ ਚੁਗ ਲਿਆ ਖੇਤ।'
0 Comments