ਪੰਜਾਬੀ ਨਿਬੰਧ - ਲਾਇਬ੍ਰੇਰੀ ਦੇ ਲਾਭ
Library De Labh
ਰੂਪ-ਰੇਖਾ
ਜਾਣ-ਪਛਾਣ, ਗਿਆਨ ਦੇ ਮੰਦਰ ਗਿਆਨ ਤੇ ਵਿਦਵਤਾ ਦਾ ਸੋਮਾ, ਲਾਇਬ੍ਰੇਰੀਆਂ ਦੀਆਂ ਕਿਸਮਾਂ, ਲਾਭ, ਸਾਰੰਸ਼।
ਜਾਣ-ਪਛਾਣ
ਲਾਇਬ੍ਰੇਰੀਆਂ ਨੂੰ ਵਰਤਮਾਨ ਸਮੇਂ ਵਿੱਚ 'ਗਿਆਨ ਦੇ ਮੰਦਰ' ਆਖਿਆ ਜਾਂਦਾ ਹੈ। ਯੂਨੀਵਰਸਿਟੀਆਂ, ਸਕੂਲਾਂ ਕਾਲਜਾਂ ਵਾਂਗ ਸਾਨੂੰ ਇੱਥੋਂ ਜਾਣਕਾਰੀ, ਗਿਆਨ ਤੇ ਮਨੋਰੰਜਨ ਦੀ ਪੜ੍ਹਨ ਸਮੱਗਰੀ ਪ੍ਰਾਪਤ ਹੁੰਦੀ ਹੈ ਤੇ ਇੱਕ ਸਰਬ-ਪੱਖੀ ਅਧਿਆਪਕ ਦਾ ਮੰਤਵ ਪੂਰਾ ਕਰਦੀਆਂ ਹਨ।
ਗਿਆਨ ਦੇ ਮੰਦਰ
ਲਾਇਬ੍ਰੇਰੀਆਂ ਵਿੱਚ ਕਿਤਾਬਾਂ, ਅਖ਼ਬਾਰਾਂ ਤੇ ਰਸਾਲਿਆਂ ਦਾ ਸੰਗ੍ਰਹਿ ਹੁੰਦਾ ਹੈ। ਜਿਸ ਤਰ੍ਹਾਂ ਮਿਹਦੇ ਦੀ ਭੁੱਖ ਦਾਲ-ਰੋਟੀ ਆਦਿ ਨਾਲ ਪੂਰੀ ਹੁੰਦੀ ਹੈ। ਇਸ ਤਰ੍ਹਾਂ ਮਨੁੱਖੀ ਦਿਮਾਗ਼ ਦੀ ਭੁੱਖ ਪੁਸਤਕਾਂ ਦੇ ਅਧਿਅਨ ਨਾਲ ਪੂਰੀ ਹੁੰਦੀ ਹੈ ਤੇ ਲਾਇਬ੍ਰੇਰੀਆਂ ਇਸ ਮੰਤਵ ਦੀ ਪੂਰਤੀ ਲਈ ਸਾਨੂੰ ਵੱਧ ਤੋਂ ਵੱਧ ਪੁਸਤਕਾਂ ਦੇ ਸਕਦੀਆਂ ਹਨ। ਇਸੇ ਕਾਰਨ ਹੀ ਲਾਇਬ੍ਰੇਰੀਆਂ ਨੂੰ ਗਿਆਨ ਦੇ ਮੰਦਰ ਕਿਹਾ ਜਾਂਦਾ ਹੈ। ਚੰਗੀ ਲਾਇਬ੍ਰੇਰੀ ਤੋਂ ਬਿਨਾਂ ਸਕੂਲ ਜਾਂ ਕਾਲਜ ਦੀ ਅਵਸਥਾ ਬੜੀ ਘਟੀਆ ਹੁੰਦੀ ਹੈ ।ਇਸ ਦੀ ਅਣਹੋਂਦ ਵਿੱਚ ਨਾ ਤਾਂ ਅਧਿਆਪਕ ਪੜ੍ਹਾਉਣ ਦੀ ਚੰਗੀ ਤਿਆਰੀ ਕਰ ਸਕਦੇ ਹਨ ਤੇ ਨਾ ਹੀ ਵਿਦਿਆਰਥੀਆਂ ਦੀ ਬੁੱਧੀ ਦਾ ਠੀਕ ਵਿਕਾਸ ਹੋ ਸਕਦਾ ਹੈ।
ਗਿਆਨ ਤੇ ਵਿਦਵਤਾ ਦਾ ਸੋਮਾ
ਚੰਗੀ ਅਤੇ ਪੁਰਾਣੀ ਲਾਇਬ੍ਰੇਰੀ ਗਿਆਨ ਅਤੇ ਵਿਦਵਤਾ ਦਾ ਸੋਮਾ ਹੁੰਦੀ ਹੈ। ਪੁਰਾਣੀਆਂ ਲਾਇਬ੍ਰੇਰੀਆਂ ਵਿੱਚ ਸਾਂਭੇ ਪੁਰਾਣੇ ਰਿਕਾਰਡ, ਸਾਡੇ ਸੱਭਿਆਚਾਰ ਤੇ ਹਰ ਪ੍ਰਕਾਰ ਦੇ ਇਤਿਹਾਸ ਦਾ ਸੋਮਾ ਹੁੰਦੇ ਹਨ। ਇਸ ਵਿਰਸੇ ਨੂੰ ਲੱਭ-ਲੱਭ ਕੇ ਅਸੀਂ ਡਿਗਰੀਆਂ ਪ੍ਰਾਪਤ ਕਰਦੇ ਹਾਂ, ਕਿਤਾਬਾਂ ਲਿਖਦੇ ਹਾਂ ਅਤੇ ਆਪਣੇ ਤੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਦੇ ਹਾਂ।ਕਿਸੇ ਦੇਸ ਵਿੱਚ ਲਾਇਬ੍ਰੇਰੀਆਂ ਦਾ ਬਹੁ-ਗਿਣਤੀ ਵਿੱਚ ਹੋਣਾ, ਉਸ ਦੇਸ ਦੇ ਸੱਭਿਆਚਾਰ ਤੇ ਇਤਿਹਾਸਕ ਵਿਰਸੇ ਦੇ ਅਮੀਰ ਤੇ ਕਿਰਿਆਸ਼ੀਲ ਹੋਣ ਦੀ ਗਵਾਹੀ ਹੈ। ਇਨ੍ਹਾਂ ਵਿੱਚ ਕਵੀਆਂ, ਫ਼ਿਲਾਸਫ਼ਰਾਂ, ਬੁੱਧੀਜੀਵੀਆਂ, ਵਿਗਿਆਨੀਆਂ ਤੇ ਨਾਟਕਕਾਰਾਂ ਦੀਆਂ ਰੂਹਾਂ ਵਸਦੀਆਂ ਤੇ ਹੱਸਦੀਆਂ ਰਹਿੰਦੀਆਂ ਹਨ। ਇਨ੍ਹਾਂ ਰੂਹਾਂ ਨੂੰ ਮਿਲ ਕੇ ਅਸੀਂ ਉਨ੍ਹਾਂ ਦੀ ਸਲਾਹ, ਉਤਸ਼ਾਹ ਤੇ ਸਿੱਖਿਆ ਪ੍ਰਾਪਤ ਕਰ ਸਕਦੇ ਹਾਂ। ਲਾਇਬ੍ਰੇਰੀ ਸਾਡੇ ਮਨੋਰੰਜਨ ਦਾ ਕੰਮ ਵੀ ਕਰਦੀ ਹੈ ਅਤੇ ਮਾਰਗ ਦਰਸ਼ਕ ਦਾ ਵੀ।
ਲਾਇਬ੍ਰੇਰੀਆਂ ਦੀਆਂ ਕਿਸਮਾਂ
ਲਾਇਬ੍ਰੇਰੀਆਂ ਆਮ ਤੌਰ 'ਤੇ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਪ੍ਰਾਈਵੇਟ ਤੇ ਪਬਲਿਕ। ਕਈ ਵਿਦਵਾਨ ਤੇ ਅਮੀਰ ਲੋਕ ਆਪਣੇ ਘਰ ਵਿੱਚ ਹੀ ਚੰਗੀਆਂ ਪੁਸਤਕਾਂ ਦੀ ਲਾਇਬ੍ਰੇਰੀ ਬਣਾ ਲੈਂਦੇ ਹਨ। ਪਰ ਗ਼ਰੀਬ ਲੋਕਾਂ ਨੂੰ ਆਪਣੀ ਗਿਆਨ ਪ੍ਰਾਪਤੀ ਦੀ ਜਗਿਆਸਾ ਨੂੰ ਸੰਤੁਸ਼ਟ ਕਰਨ ਲਈ ਪਬਲਿਕ ਲਾਇਬ੍ਰੇਰੀਆਂ ਦਾ ਆਸਰਾ ਲੈਣਾ ਪੈਂਦਾ ਹੈ।
ਲਾਭ
ਲਾਇਬ੍ਰੇਰੀਆਂ ਦੇ ਬਹੁਤ ਸਾਰੇ ਲਾਭ ਹਨ।ਇਨ੍ਹਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇੱਥੇ ਬੁੱਧੀਮਾਨ ਵਰਗ ਇਕੱਠਾ ਹੁੰਦਾ ਹੈ। ਇੱਥੋਂ ਮਨੁੱਖ ਆਪਣੇ ਗਿਆਨ ਵਿੱਚ ਵਾਧਾ ਕਰ ਕੇ ਆਲੇ-ਦੁਆਲੇ ਵਿੱਚ ਵੀ ਵਿੱਦਿਆ ਦਾ ਚਾਨਣ ਫੈਲਾ ਸਕਦਾ ਹੈ। ਕਲਾ ਅਤੇ ਵਿਗਿਆਨ ਦੇ ਪ੍ਰੇਮੀ ਇੱਥੇ ਬੈਠ ਕੇ ਪ੍ਰਸੰਗਿਕ ਪੁਸਤਕਾਂ ਦਾ ਅਧਿਐਨ ਕਰਦੇ ਹਨ ਤੇ ਫਿਰ ਆਪਣੀ ਰੁਚੀ ਦੇ ਵਿਦਵਾਨਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਆਪਣੇ ਗਿਆਨ ਨੂੰ ਚਮਕਾਉਂਦੇ ਜਾਂ ਦੂਜਿਆਂ ਤੱਕ ਪਹੁੰਚਾਉਂਦੇ ਹਨ। ਇਸ ਤਰ੍ਹਾਂ ਉੱਚ ਕਲਾ ਤੇ ਵਿਗਿਆਨ ਦਾ ਵਿਕਾਸ ਕਰਦੇ ਹਨ। ਮਹਾਨ ਵਿਦਵਾਨਾਂ ਨੇ ਪੁਸਤਕਾਂ ਤੇ ਲਾਇਬ੍ਰੇਰੀਆਂ ਦੀ ਬਹੁਤ ਪ੍ਰਸੰਸਾ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਇੱਥੇ ਹੌਸਲਾ, ਉਤਸ਼ਾਹ ਤੇ ਸੰਤੁਸ਼ਟੀ ਪ੍ਰਾਪਤ ਕੀਤੀ ਤੇ ਲੋਕਾਂ ਨੂੰ ਨਵੇਂ ਨਰੋਏ ਵਿਚਾਰ ਦੇ ਕੇ ਉਨ੍ਹਾਂ ਦੇ ਜੀਵਨ ਨੂੰ ਕਲਿਆਣਕਾਰੀ ਬਣਾਇਆ। ਬਰਤਾਨੀਆ ਦਾ ਪ੍ਰਧਾਨ ਮੰਤਰੀ ਮਲੈਡਸਟੋਨ ਆਪਣੀ ਲਾਇਬ੍ਰੇਰੀ ਨੂੰ 'ਸ਼ਾਂਤੀ ਦਾ ਮੰਦਰ' ਕਹਿੰਦਾ ਹੁੰਦਾ ਸੀ।
ਸਾਰੰਸ਼
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲਾਇਬ੍ਰੇਰੀਆਂ ਮਨੁੱਖੀ ਜੀਵਨ ਤੇ ਸੱਭਿਆਚਾਰ ਦਾ ਇੱਕ ਜ਼ਰੂਰੀ ਅੰਗ ਹਨ। ਭਾਰਤੀ ਲੋਕਾਂ ਨੂੰ ਲਾਇਬ੍ਰੇਰੀਆਂ ਦੀ ਜਿੰਨੀ ਵੱਧ ਤੋਂ ਵੱਧ ਸਹੂਲਤ ਪ੍ਰਾਪਤ ਹੋਵੇਗੀ ਉਹ ਓਨੀ ਹੀ ਵਧੇਰੇ ਤਰੱਕੀ ਕਰਨਗੇ ਤੇ ਸੰਸਾਰ ਦੇ ਉੱਨਤ ਦੇਸਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚਲ ਸਕਣਗੇ। ਇਸ ਕਰਕੇ ਸਾਨੂੰ ਲਾਇਬ੍ਰੇਰੀਆਂ ਦਾ ਵਿਕਾਸ ਕਰਨ ਦੇ ਕੰਮ ਨੂੰ ਆਪਣਾ ਸਮਾਜਕ ਮਹੱਤਵ ਸਮਝ ਕੇ ਇਸ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਘੱਟ ਪੈਸਿਆਂ ਨਾਲ ਲਾਇਬ੍ਰੇਰੀ ਦਾ ਲੋਕਾਂ ਨੂੰ ਬਹੁਤਾ ਲਾਭ ਹੋਣ ਦਾ ਤਰੀਕਾ ਇਹ ਹੈ ਕਿ ਸਾਨੂੰ ਚੱਲਦੀਆਂ ਫਿਰਦੀਆਂ ਲਾਇਬ੍ਰੇਰੀਆਂ ਕਾਇਮ ਕਰਨੀਆਂ ਚਾਹੀਦੀਆਂ ਹਨ। ਘੱਟ ਆਮਦਨ ਵਾਲੇ ਲੋਕਾਂ ਨੂੰ ਕੋਈ ਨਾ ਕੋਈ ਅਜਿਹੀ ਥਾਂ ਜ਼ਰੂਰ ਲੱਭ ਲੈਣੀ ਚਾਹੀਦੀ ਹੈ ਜਿਥੋਂ ਉਹ ਲਾਇਬ੍ਰੇਰੀ ਦਾ ਲਾਭ ਉਠਾ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਣ ਤੇ ਉਹ ਪੁਸਤਕਾਂ ਨਾਲ ਆਪਣਾ ਮਨੋਰੰਜਨ ਕਰਨ ਤੋਂ ਬਿਨਾਂ ਉਨ੍ਹਾਂ ਤੋਂ ਅਗਵਾਈ ਵੀ ਪ੍ਰਾਪਤ ਕਰ ਸਕਣ।
0 Comments