ਤੁਹਾਡੀ ਸਹੇਲੀ ਨੇ ਦਸਵੀਂ ਵਿੱਚੋਂ ਬਹੁਤ ਚੰਗੇ ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਉਸ ਨੂੰ ਵਧਾਈ ਪੱਤਰ ਲਿਖੋ।

ਤੁਹਾਡੀ ਸਹੇਲੀ ਨੇ ਦਸਵੀਂ ਵਿੱਚੋਂ ਬਹੁਤ ਚੰਗੇ ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਉਸ ਨੂੰ ਵਧਾਈ ਪੱਤਰ ਲਿਖੋ।



ਪਰੀਖਿਆ ਭਵਨ,

ਸ਼ਹਿਰ।

13.05.20..


ਪਿਆਰੀ ਸੋਨੂੰ 

ਪਿਆਰ ਭਰੀ ਗਲਵਕੜੀ

ਮੈਂ ਇੱਥੇ ਠੀਕ ਹਾਂ ਅਤੇ ਉਮੀਦ ਹੈ ਕਿ ਤੂੰ ਵੀ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋਵੇਗੀ। ਬਾਕੀ ਮੈਂ ਹੁਣੇ ਹੀ ਅੱਜ ਦੀ ਅਖ਼ਬਾਰ ਪੜ੍ਹਨ ਲੱਗੀ ਤਾਂ ਵੇਖਿਆ ਕਿ ਤੇਰੀ ਬੜੀ ਸੁੰਦਰ ਫੋਟੋ ਛਪੀ ਹੋਈ ਸੀ। ਪਤਾ ਲੱਗਾ ਕਿ ਤੂੰ ਦਸਵੀਂ ਵਿੱਚੋਂ 97% ਨੰਬਰ ਪ੍ਰਾਪਤ ਕਰ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮੈਨੂੰ ਤੇਰੀ ਇਸ ਪ੍ਰਾਪਤੀ 'ਤੇ ਏਨੀ ਖ਼ੁਸ਼ੀ ਹੋਈ ਹੈ ਕਿ ਮੈਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਮੈਂ ਇਸ ਲਈ ਤੈਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਵਧਾਈ ਦਿੰਦੀ ਹਾਂ।

ਪਿਆਰੀ ਸੋਨੂੰ, ਤੇਰੀ ਇਹ ਪ੍ਰਾਪਤੀ ਤੇਰੀ ਮਿਹਨਤ ਦਾ ਸਿੱਟਾ ਹੀ ਹੈ। ਤੇਰੇ ਵਰਗੇ ਮਿਹਨਤੀ ਬੱਚੇ ਬਹੁਤ ਘੱਟ ਹੁੰਦੇ ਹਨ। ਮੁਕਾਬਲੇ ਦੇ ਇਸ ਦੌਰ ਵਿੱਚ ਇਹ ਪ੍ਰਾਪਤੀ ਬਹੁਤ ਹੀ ਵੱਡੀ ਤੇ ਫ਼ਖ਼ਰਯੋਗ ਹੈ। ਮੈਨੂੰ ਆਸ ਹੈ ਕਿ ਤੂੰ ਅਗਲੀ ਉਚੇਰੀ ਪੜ੍ਹਾਈ ਵਿੱਚ ਵੀ ਅਜਿਹੀਆਂ ਬੁਲੰਦੀਆਂ ਨੂੰ ਬਰਕਰਾਰ ਰੱਖਦੀ ਹੋਈ ਆਪਣਾ ਤੇ ਆਪਣੇ ਮਾਪਿਆਂ ਦਾ ਨਾਂ ਜ਼ਰੂਰ ਰੋਸ਼ਨ ਕਰੇਗੀ। ਬਾਕੀ ਤੂੰ ਪੜ੍ਹਾਈ ਦੇ ਨਾਲ-ਨਾਲ ਸਿਹਤ ਦਾ ਵੀ ਪੂਰਾ ਧਿਆਨ ਰੱਖਿਆ ਕਰ। ਮੈਂ ਛੇਤੀ ਹੀ ਤੈਨੂੰ ਮਿਲਣ ਦਾ ਪ੍ਰੋਗਰਾਮ ਬਣਾ ਕੇ ਤੈਨੂੰ ਦੱਸਾਂਗੀ।

ਅਖ਼ੀਰ 'ਤੇ ਮੇਰੇ ਵੱਲੋਂ ਤੇ ਮੇਰੇ ਮਾਤਾ-ਪਿਤਾ ਵੱਲੋਂ ਤੈਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੇਰੀ ਇਸ ਪ੍ਰਾਪਤੀ ਲਈ ਬਹੁਤ-ਬਹੁਤ ਵਧਾਈਆਂ।

'ਤੇਰੀ ਸਹੇਲੀ,

ਕ. ਖ. ਗ


Post a Comment

0 Comments