ਪੰਜਾਬੀ ਪੱਤਰ -ਸੰਪਾਦਕ ਨੂੰ ਮੰਗਤਿਆਂ ਦੀ ਸਮੱਸਿਆ ਸੰਬੰਧੀ ਆਪਣੇ ਵਿਚਾਰ ਇੱਕ ਪੱਤਰ ਰਾਹੀਂ ਪ੍ਰਗਟ ਕਰੋ।

ਕਿਸੇ ਪੰਜਾਬੀ ਅਖ਼ਬਾਰ ਦੇ ਸੰਪਾਦਕ ਨੂੰ ਮੰਗਤਿਆਂ ਦੀ ਸਮੱਸਿਆ ਸੰਬੰਧੀ ਆਪਣੇ ਵਿਚਾਰ ਇੱਕ ਪੱਤਰ ਰਾਹੀਂ ਪ੍ਰਗਟ ਕਰੋ। 



ਪਰੀਖਿਆ ਭਵਨ,

ਸ਼ਹਿਰ।

16.02.20.


ਸੇਵਾ ਵਿਖੇ,

ਸੰਪਾਦਕ ਸਾਹਿਬ,

ਰੋਜ਼ਾਨਾ ਪੰਜਾਬੀ ਜਾਗਰਣ,

ਜਲੰਧਰ।

ਵਿਸ਼ਾ : ਸ਼ਹਿਰ ਵਿੱਚ ਮੰਗਤਿਆਂ ਦੀ ਸਮੱਸਿਆ ਸੰਬੰਧੀ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਆਪਣੇ ਇਸ ਪੱਤਰ ਰਾਹੀਂ ਸ਼ਹਿਰ ਵਿੱਚ ਮੰਗਤਿਆਂ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਇਨ੍ਹਾਂ ਵਿਚਾਰਾਂ ਨੂੰ ਅਖ਼ਬਾਰ ਵਿੱਚ ਛਾਪ ਕੇ ਪਾਠਕਾਂ ਤੱਕ ਜ਼ਰੂਰ ਪਹੁੰਚਾਓਗੇ। ਭਾਰਤੀ ਸਮਾਜ ਵਿੱਚ ਮੰਗਣ ਨੂੰ ਬਹੁਤ ਹੀ ਬੁਰਾ (ਮੰਗਣ ਗਿਆ ਸੋ ਮਰ ਗਿਆ) ਕੰਮ ਮੰਨਿਆ ਜਾਂਦਾ ਰਿਹਾ ਹੈ। ਪਰ ਤਾਂ ਵੀ ਸਮੇਂ-ਸਮੇਂ ਅਪਾਹਜ ਲੋਕ ਆਪਣੇ ਜੀਵਨ ਨਿਰਬਾਹ ਲਈ ਮੰਗਦੇ ਵੇਖੇ ਜਾਂਦੇ ਹਨ।ਲੋਕ ਵੀ ਉਨ੍ਹਾਂ ਦੀ ਸਹਾਇਤਾ ਤਰਸ ਭਾਵਨਾ ਨਾਲ ਕਰਦੇ ਹਨ ਪਰ ਕਈ ਮੰਗਤੇ ਵੇਖਣ ਨੂੰ ਬਿਲਕੁਲ ਤੰਦਰੁਸਤ ਹੁੰਦੇ ਹਨ, ਅਜਿਹੇ ਲੋਕਾਂ ਨੇ ਮੰਗਣ ਨੂੰ ਸੌਖਾ ਧੰਦਾ ਸਮਝਿਆ ਹੈ। ਅਜਿਹੇ ਮੰਗਤੇ ਤਾਂ ਕਈ ਵਾਰ ਮੰਗਦਿਆਂ ਸੰਕੇਤਕ ਤੌਰ 'ਤੇ ਡਰਾਉਂਦੇ ਧਮਕਾਉਂਦੇ ਵੀ ਹਨ।

ਅਸੀਂ ਵੇਖਦੇ ਹਾਂ ਕਿ ਸ਼ਹਿਰਾਂ ਵਿਚਲੇ ਸਾਰੇ ਚੌਂਕਾਂ, ਬੱਸ ਅੱਡੇ ਤੇ ਸਟੇਸ਼ਨ ਜਾਂ ਹੋਰ ਸਾਂਝੀਆਂ ਥਾਵਾਂ 'ਤੇ ਮੰਗਤੇ ਆਪਣੀ ਡਿਊਟੀ ਵਾਂਗ ਰੋਜ਼ ਹਾਜ਼ਰੀ ਭਰਦੇ ਹਨ। ਅਸਲ ਵਿੱਚ ਹੁਣ ਬਹੁਤੇ ਲੋਕਾਂ ਨੇ ਮੰਗਣ ਨੂੰ ਰੁਜ਼ਗਾਰ ਦਾ ਚੰਗਾ ਸਾਧਨ ਬਣਾ ਲਿਆ ਹੈ। ਮੰਗਤੇ ਆਪਣੇ ਬਾਹਰੀ ਰੂਪ ਅਜਿਹਾ ਬਣਾ ਕੇ ਰੱਖਦੇ ਹਨ ਕਿ ਲੋਕਾਂ ਵਿੱਚ ਵੇਖਦਿਆਂ ਹੀ ਤਰਸ ਦੀ ਭਾਵਨਾ ਪੈਦਾ ਹੋਵੇ ਤੇ ਉਹ ਉਨ੍ਹਾਂ ਨੂੰ ਪੈਸੇ ਦੇ ਦੇਣ।

ਅਸਲ ਵਿੱਚ ਮੰਗਤਿਆਂ ਦੀ ਕਹਾਣੀ ਦੇ ਕਈ ਅੰਸ਼ ਲੂੰ ਕੰਡੇ ਖੜੇ ਕਰ ਦੇਣ ਵਾਲੇ ਹਨ। ਕੁਝ ਹੰਢੇ ਹੋਏ ਮੰਗਤੇ ਬੱਚਿਆਂ ਨੂੰ ਅਪਾਹਜ ਬਣਾ ਕੇ ਇਸ ਧੰਦੇ ਵਿੱਚ ਪਾਉਂਦੇ ਹਨ ਤੇ ਆਪ ਉਨ੍ਹਾਂ ਦੀ ਕਮਾਈ 'ਤੇ ਐਸ਼ ਕਰਦੇ ਹਨ। ਸਰਕਾਰ ਨੂੰ ਅਜਿਹੇ ਲੋਕਾਂ ਦੀ ਪੜਤਾਲ ਕਰ ਕੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ ਹੈ। ਅਜਿਹੇ ਮੰਗਤੇ ਹੀ ਭੀੜ ਵਿੱਚ ਜਾਂ 15 ਮਾਂ ਕਿ ਕੁਝ ਭਾਅ ਕਿ ਦਾਅ ਲੱਗਣ 'ਤੇ ਚੋਰੀਆਂ ਵੀ ਕਰਦੇ ਹਨ।

ਸਰਕਾਰ ਨੂੰ ਇਸ ਸਮੱਸਿਆ ਪ੍ਰਤੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਜਿੱਥੇ ਅਪਾਹਜ ਲੋਕਾਂ ਦੇ ਜੀਵਨ ਨਿਰਬਾਹ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਉੱਥੇ ਹੱਟੇ-ਕੱਟੇ ਮੰਗਤਿਆਂ ਨੂੰ ਕੰਮ ਲਾਉਣਾ ਚਾਹੀਦਾ ਹੈ। ਇਨ੍ਹਾਂ ਮੰਗਤਿਆਂ ਤੋਂ ਇਲਾਵਾ ਕੁਝ ਹੋਰ ਮੰਗਤੇ ਵੀ ਹਨ ਜੋ ਵੇਖਣ ਨੂੰ ਚੰਗੇ ਭਲੇ ਹੁੰਦੇ ਹਨ ਪਰ ਉਹ ਧਾਰਮਕ ਸੰਸਥਾਵਾਂ, ਆਸ਼ਰਮਾਂ, ਪਿੰਗਲਵਾੜਿਆ, ਬਿਰਧ ਆਸ਼ਰਮਾਂ, ਯਤੀਮਖਾਨੇ ਆਦਿ ਦੇ ਨਾਂ 'ਤੇ ਦਾਨ ਮੰਗਦੇ ਹਨ। ਅਜਿਹੇ ਲੋਕਾਂ ਵਿੱਚ ਵੀ ਬਹੁਤੇ ਠੱਗ ਹੀ ਹੁੰਦੇ ਹਨ। ਇਸ ਲਈ ਆਮ ਨਾਗਰਿਕਾਂ ਨੂੰ ਕਿਸੇ ਨੂੰ ਵੀ ਦਾਨ ਦੇਣ ਲੱਗਿਆਂ ਇਹ ਗੱਲ ਸੋਚ ਵਿਚਾਰ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਦਿੱਤੇ ਰੁਪਏ ਆਖ਼ਰ ਕਿੱਥੇ ਪਹੁੰਚਣੇ ਹਨ। ਇਸ ਤਰ੍ਹਾਂ ਆਮ ਨਾਗਰਿਕ ਅਤੇ ਸਰਕਾਰ, ਇਕੱਠੇ ਹੋ ਕੇ ਹੀ ਮੰਗਤਿਆਂ ਦੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸ ਪਾਤਰ,

ੳ, ਅ, ੲ


Post a Comment

0 Comments