ਤੁਹਾਡੇ ਮਿੱਤਰ ਦੇ ਪਿਤਾ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਇਸ ਸੰਬੰਧੀ ਉਸ ਨੂੰ ਹੌਸਲਾ ਦੇਣ ਲਈ ਚਿੱਠੀ ਲਿਖੋ।

ਤੁਹਾਡੇ ਮਿੱਤਰ ਦੇ ਪਿਤਾ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਇਸ ਸੰਬੰਧੀ ਉਸ ਨੂੰ ਹੌਸਲਾ ਦੇਣ ਲਈ ਚਿੱਠੀ ਲਿਖੋ।



ਪਰੀਖਿਆ ਭਵਨ,

-ਕੇਂਦਰ।

28.02.20...


ਪਿਆਰੇ ਬਲਵਿੰਦਰ,

ਨਿੱਘਾ ਸਨੇਹ।

ਮੈਨੂੰ ਅੱਜ ਹੀ ਪ੍ਰਤਾਪ ਤੋਂ ਪਤਾ ਲੱਗਾ ਕਿ ਤੇਰੇ ਪਿਤਾ ਜੀ ਦੋ ਦਿਨ ਪਹਿਲਾਂ ਪਰਮਾਤਮਾ ਦੇ ਭਾਣੇ ਅਨੁਸਾਰ ਇਸ ਨਾਸ਼ਵਾਨ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਜਦੋਂ ਮੈਨੂੰ ਉਸ ਨੇ ਇਹ ਖ਼ਬਰ ਦਿੱਤੀ ਤਾਂ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਨੂੰ ਉਸ ਦੀ ਗੱਲ 'ਤੇ ਯਕੀਨ ਹੀ ਨਹੀਂ ਹੋ ਰਿਹਾ ਸੀ।ਅਜੇ ਪਿਛਲੇ ਮਹੀਨੇ ਤਾਂ ਮੈਂ ਤੇਰੇ ਪਿਤਾ ਜੀ ਨੂੰ ਮਿਲਿਆ ਸਾਂ ਤਾਂ ਉਨ੍ਹਾਂ ਦੀ ਸਿਹਤ ਬਹੁਤ ਹੀ ਚੰਗੀ ਸੀ। ਅਚਾਨਕ ਪਏ ‘ਦਿਲ ਦੇ ਦੌਰੇ' ਕਾਰਨ ਇਹ ਜੋ ਭਾਣਾ ਵਾਪਰਿਆ ਹੈ, ਇਸ ਨਾਲ ਪਰਿਵਾਰ ਤੇ ਆਪਣਿਆਂ ਨੂੰ ਜੋ ਦੁੱਖ ਹੋਇਆ ਹੈ, ਉਸ ਨੂੰ ਸ਼ਬਦਾਂ ਰਾਹੀਂ ਕਦੇ ਵੀ ਬਿਆਨ ਨਹੀਂ ਕੀਤਾ ਜਾ ਸਕਦਾ।ਮਾਪਿਆਂ ਦੇ ਪਿਆਰ ਨੂੰ ਜ਼ਿੰਦਗੀ ਵਿੱਚ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮਾਪੇ ਆਪ ਦੁੱਖ ਸਹਾਰ ਲੈਂਦੇ ਹਨ ਪਰ ਬੱਚਿਆਂ ਨੂੰ ਤੱਤੀ 'ਵਾ ਨਹੀਂ ਲੱਗਣ ਦਿੰਦੇ।

ਖ਼ੈਰ, ਇਸ ਨਾਲ ਤੇਰੇ ਉੱਪਰ ਦੁੱਖ ਦੇ ਜੋ ਪਹਾੜ ਟੁੱਟੇ ਹਨ, ਉਨ੍ਹਾਂ ਨਾਲ ਘਬਰਾ ਕੇ ਮੁਕਾਬਲਾ ਨਹੀਂ ਕੀਤਾ ਜਾ ਸਕਣਾ। ਭਾਵੇਂ ਕਹਿਣਾ ਸੌਖਾ ਤੇ ਭੁਗਤਣਾ ਔਖਾ ਹੈ ਪਰ ਮੈਂ ਫਿਰ ਵੀ ਦੁੱਖ ਦੀ ਇਸ ਘੜੀ ਵਿੱਚ ਤੈਨੂੰ ਹੌਸਲਾ ਨਾ ਹਾਰਨ ਲਈ ਆਖਦਾ ਹਾਂ। ਅਜਿਹੇ ਸਮੇਂ ਤੈਨੂੰ ਮਾਤਾ ਜੀ ਨੂੰ ਹੋਰ ਹੌਸਲਾ ਦੇਣ ਦੀ ਲੋੜ ਹੈ।ਪਰਮਾਤਮਾ ਦੇ ਭਾਣੇ ਨੂੰ ਸਵੀਕਾਰ ਕਰ ਕੇ ਹੀ ਮਨ ਨੂੰ ਢਾਰਸ ਦਿੱਤੀ ਜਾ ਸਕਦੀ ਹੈ। ਮੇਰੀ ਤਾਂ ਉਸ ਪਰਮਾਤਮਾ ਅੱਗੇ ਇਹੋ ਦੁਆ ਹੈ ਕਿ ਉਹ ਪਿਤਾ ਜੀ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਬਾਕੀ ਮੈਂ ਮਾਤਾ ਜੀ ਤੇ ਪਿਤਾ ਜੀ ਸਮੇਤ ਅਗਲੇ ਹਫ਼ਤੇ ਜ਼ਰੂਰ ਤੇਰੇ ਕੋਲ ਆਵਾਂਗਾ। ਇੱਕ ਵਾਰੀ ਫਿਰ ਆਖਦਾ ਹਾਂ ਕਿ ਇਸ ਸਥਿਤੀ ਦਾ ਮੁਕਾਬਲਾ ਮਨ ਨੂੰ ਤਕੜਾ ਕਰਿਆਂ ਹੀ ਕੀਤਾ ਜਾ ਸਕਦਾ।ਸੋ ਇਸ ਅਣਹੋਣੀ ਨੂੰ ਰੱਬੀ ਭਾਣਾ ਮੰਨ ਕੇ ਹੀ ਮਨ ਨੂੰ ਧਰਵਾਸ ਆ ਸਕੇਗਾ।

ਤੇਰਾ ਆਪਣਾ,

ਕ, ਖ, ਗ,


Post a Comment

0 Comments