ਪੰਜਾਬੀ ਪੱਤਰ-ਸੰਪਾਦਕ ਨੂੰ ਪੱਤਰ ਲਿਖ ਕੇ ਇਮਾਨਦਾਰੀ ਦੀ ਕਿਸੇ ਅਨੋਖੀ ਮਿਸਾਲ ਬਾਰੇ ਜਾਣਕਾਰੀ ਦਿਓ।

ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਇਮਾਨਦਾਰੀ ਦੀ ਕਿਸੇ ਅਨੋਖੀ ਮਿਸਾਲ ਬਾਰੇ ਜਾਣਕਾਰੀ ਦਿਓ। 


ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਅਕਾਲੀ ਪੱਤ੍ਰਿਕਾ',

ਜਲੰਧਰ।


ਵਿਸ਼ਾ : ਇਮਾਨਦਾਰੀ ਦੀ ਅਨੋਖੀ ਮਿਸਾਲ।


ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਤੁਹਾਡੇ ਪਾਠਕਾਂ ਨੂੰ ਇਮਾਨਦਾਰੀ ਦੀ ਇੱਕ ਅਨੋਖੀ ਮਿਸਾਲ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਹਾਂ। ਠੱਗੀ-ਠੋਰੀ ਦੇ ਅਜੋਕੇ ਯੁੱਗ ਵਿੱਚ ਭਾਵੇਂ ਹਰ ਕੋਈ ਯੋਗ-ਅਯੋਗ ਢੰਗ ਨਾਲ ਆਪਣੀਆਂ ਜੇਬਾਂ ਭਰਨੀਆਂ ਚਾਹੁੰਦਾ ਹੈ ਪਰ ਫਿਰ ਵੀ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਅਜੇ ਵੀ ਸਾਡੇ ਸਮਾਜ ਵਿੱਚ ਇਮਾਨਦਾਰ ਵਿਅਕਤੀਆਂ ਦਾ ਬੀਜ-ਨਾਸ ਨਹੀਂ ਹੋਇਆ। ਕਈ ਵਾਰ ਤਾਂ ਅਜਿਹੇ ਲੋਕਾਂ ਦੀ ਇਮਾਨਦਾਰੀ ਨੂੰ ਦੇਖ ਕੇ ਹੈਰਾਨ ਰਹਿ ਜਾਈਦਾ ਹੈ। ਇਸ ਪੱਤਰ ਰਾਹੀਂ ਮੈਂ ਅਜਿਹੀ ਹੀ ਇਮਾਨਦਾਰੀ ਦੀ ਇੱਕ ਅਨੋਖੀ ਮਿਸਾਲ ਪੇਸ਼ ਕਰ ਰਹੀ ਹਾਂ।

ਮੈਂ ਕਿਸੇ ਜ਼ਰੂਰੀ ਕੰਮ ਲਈ ਸ਼ਹਿਰ ਵਿੱਚ ਹੀ ਆਪਣੇ ਚਾਚਾ ਜੀ ਦੇ ਘਰ ਜਾਣਾ ਸੀ। ਮੇਰੀ ਛੋਟੀ ਭੈਣ ਵੀ ਮੇਰੇ ਨਾਲ ਜਾਣ ਲਈ ਤਿਆਰ ਹੋ ਗਈ। ਕੋਲ ਕੁਝ ਸਮਾਨ ਹੋਣ ਕਾਰਨ ਅਸੀਂ ਰਿਕਸ਼ਾ ਕਰ ਲਿਆ। ਇੱਕ-ਦੋ ਲਿਫ਼ਾਫ਼ੇ ਤਾਂ ਅਸੀਂ ਹੱਥਾਂ ਵਿੱਚ ਹੀ ਫੜ ਲਏ ਪਰ ਇੱਕ ਛੋਟਾ ਜਿਹਾ ਸੂਟਕੇਸ ਅਸੀਂ ਪੈਰਾਂ ਵਿੱਚ ਰੱਖ ਲਿਆ।ਚਾਚਾ ਜੀ ਦੇ ਘਰ ਤੋਂ ਦਸ ਕੁ ਕਦਮ ਉਰੇ ਹੀ ਅਸੀਂ ਰਿਕਸ਼ਾ ਰੁਕਵਾ ਲਈ। ਰਿਕਸ਼ੇ ਵਾਲੇ ਨੂੰ ਪੈਸੇ ਦੇ ਕੇ ਅਸੀਂ ਪੈਦਲ ਹੀ ਚੱਲ ਪਈਆਂ। ਅਸੀਂ ਆਪਣੀਆਂ ਗੱਲਾਂ ਵਿੱਚ ਏਨੀਆਂ ਮਸਤ ਸਾਂ ਕਿ ਸਾਨੂੰ ਇਹ ਧਿਆਨ ਹੀ ਨਾ ਰਿਹਾ ਕਿ ਸਾਡਾ ਸੂਟ ਕੇਸ ਰਿਕਸ਼ੇ ਵਿੱਚ ਹੀ ਰਹਿ ਗਿਆ ਹੈ।

ਸਾਨੂੰ ਘਰ ਅੰਦਰ ਜਾ ਕੇ ਬੈਠਿਆਂ ਦੋ ਪੰਜ ਮਿੰਟ ਹੀ ਹੋਏ ਹੋਣਗੇ ਕਿ ਬੈੱਲ ਹੋਈ। ਮੇਰੇ ਚਾਚੀ ਜੀ ਨੇ ਬੂਹਾ ਖੋਲ੍ਹਿਆ। ਬੈਠਕ ਦੇ ਦਰਵਾਜ਼ੇ ਵਿੱਚੋਂ ਬਾਹਰ ਸਭ ਕੁਝ ਦਿਸ ਰਿਹਾ ਸੀ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਰਿਕਸ਼ੇ ਵਾਲਾ ਸੂਟਕੇਸ ਫੜ ਕੇ ਦਰਵਾਜ਼ੇ ਤੋਂ ਬਾਹਰ ਖੜਾ ਸੀ। ਮੈਂ ਇੱਕਦਮ ਬਾਹਰ ਗਈ।ਉਸ ਨੇ ਕਿਹਾ ‘ਤੁਹਾਡਾ ਇਹ ਸੂਟਕੇਸ ਰਿਕਸ਼ੇ ਵਿੱਚ ਹੀ ਰਹਿ ਗਿਆ ਸੀ।' ਸੂਟਕੇਸ ਫੜ ਕੇ ਮੈਂ ਅਜੇ ਉਸ ਨੌਜਵਾਨ ਦਾ ਧੰਨਵਾਦ ਹੀ ਕਰ ਰਹੀ ਸਾਂ ਕਿ ਉਸ ਨੇ ਹੱਥ ਜੋੜ ਕੇ ‘ਅੱਛਾ ਜੀ ਕਿਹਾ ਤੇ ਕੁਝ ਕਦਮ 'ਤੇ ਖੜੇ ਆਪਣੇ ਰਿਕਸ਼ੇ ਵੱਲ ਚੱਲ ਪਿਆ।

ਭਾਵੇਂ ਸੂਟਕੇਸ ਵਿੱਚ ਕੋਈ ਬਹੁਤੀ ਕੀਮਤੀ ਚੀਜ਼ ਨਹੀਂ ਸੀ ਪਰ ਫਿਰ ਵੀ ਮੈਨੂੰ ਆਪਣੀ ਅਣਗਹਿਲੀ 'ਤੇ ਗੁੱਸਾ ਆ ਰਿਹਾ ਸੀ। ਰਿਕਸ਼ੇ ਵਾਲਾ ਸੂਟਕੇਸ ਲੈ ਜਾਣ ਦਾ ਲਾਲਚ ਵੀ ਤਾਂ ਕਰ ਸਕਦਾ ਸੀ। ਖ਼ੈਰ ਅਜਿਹੇ ਇਮਾਨਦਾਰ ਵਿਅਕਤੀਆਂ ਦੀ ਪ੍ਰਸੰਸਾ ਕਰਨੀ ਤਾਂ ਬਣਦੀ ਹੀ ਹੈ। ਨਾਲ ਹੀ ਸਾਨੂੰ ਸਫ਼ਰ ਸਮੇਂ ਸੁਚੇਤ ਰਹਿਣ ਦੀ ਸਿੱਖਿਆ ਵੀ ਲੈਣੀ ਚਾਹੀਦੀ ਹੈ। ਆਸ ਹੈ ਤੁਸੀਂ ਇਸ ਪੱਤਰ ਨੂੰ ਪ੍ਰਕਾਸ਼ਿਤ ਕਰੋਗੇ ਤਾਂ ਜੋ ਦੂਸਰੇ ਲੋਕ ਵੀ ਸਫ਼ਰ ਸਮੇਂ ਸੁਚੇਤ ਰਹਿਣ ਅਤੇ ਇਮਾਨਦਾਰੀ ਦੀ ਇਸ ਮਿਸਾਲ ਤੋਂ ਪ੍ਰੇਰਨਾ ਲੈ ਸਕਣ।

ਧੰਨਵਾਦ ਸਹਿਤ,


ਤੁਹਾਡੀ ਵਿਸ਼ਵਾਸਪਾਤਰ,

ਪੰਜਾਬੀ ਪੱਤਰ

125/4, ਪੰਜਾਬੀ ਬਾਗ਼,

ਸ਼ਹਿਰ।

ਮਿਤੀ : 01 ਮਾਰਚ, 20

Post a Comment

0 Comments