ਪੰਜਾਬੀ ਪੱਤਰ "ਸੰਪਾਦਕ ਨੂੰ ਇੱਕ ਪੱਤਰ ਲਿਖ ਕੇ ਅਸ਼ਲੀਲ ਗੀਤਾਂ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟਾਓ।"

ਕਿਸੇ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਨੂੰ ਇੱਕ ਪੱਤਰ ਲਿਖ ਕੇ ਅਸ਼ਲੀਲ ਗੀਤਾਂ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟਾਓ।


ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਅਜੀਤ’,

ਜਲੰਧਰ।


ਵਿਸ਼ਾ : ਅਸ਼ਲੀਲ ਗੀਤਾਂ ਦੀ ਸਮੱਸਿਆ।


ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਅਸ਼ਲੀਲ ਗੀਤਾਂ ਦੀ ਸਮੱਸਿਆ ਸੰਬੰਧੀ ਆਪਣੇ ਵਿਚਾਰ ਤੁਹਾਡੇ ਪਾਠਕਾਂ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। 

ਅੱਜ-ਕੱਲ੍ਹ ਵਿਸ਼ੇਸ਼ ਤੌਰ 'ਤੇ ਸਾਡੇ ਪਿੰਡਾਂ ਤੇ ਕਸਬਿਆਂ ਵਿੱਚ ਖ਼ੁਸ਼ੀ ਦੇ ਮੌਕਿਆਂ ਤੋਂ ਬਿਨਾਂ ਅੱਡਿਆਂ, ਚਾਹ ਦੀਆਂ ਦੁਕਾਨਾਂ ਅਤੇ ਬੱਸਾਂ ਆਦਿ ਵਿੱਚ ਅਸ਼ਲੀਲ ਕਿਸਮ ਦੇ ਗੀਤਾਂ ਦੀਆਂ ਕੈਸਿਟਾਂ ਅਤੇ ਸੀਡੀਜ਼ ਆਦਿ ਚਲਾਉਣ ਦੀ ਰੁਚੀ ਕਾਫ਼ੀ ਵਧ ਰਹੀ ਹੈ। ਇਹਨਾਂ ਲਚਰ ਗੀਤਾਂ ਨੂੰ ਸੁਣਨ ਲੱਗਿਆਂ ਬੜੀ ਸ਼ਰਮ ਮਹਿਸੂਸ ਹੁੰਦੀ ਹੈ। ਇਹ ਗੀਤ ਏਨੀ ਉੱਚੀ ਅਵਾਜ਼ ਵਿੱਚ ਲੱਗੇ ਹੁੰਦੇ ਹਨ ਕਿ ਇਹਨਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਸੁਣਨਾ ਪੈਂਦਾ ਹੈ। ਇਹ ਮਜਬੂਰੀ ਉਸ ਸਮੇਂ ਹੋਰ ਵੀ ਦੁਖਦਾਈ ਹੁੰਦੀ ਹੈ ਜਦੋਂ ਔਰਤਾਂ ਨਾਲ ਹੋਣ। ਪਰ ਕੋਈ ਵਿਅਕਤੀ ਇਹਨਾਂ ਗੀਤਾਂ ਨੂੰ ਬੰਦ ਕਰਨ ਲਈ ਕਹਿਣ ਦੀ ਹਿੰਮਤ ਨਹੀਂ ਕਰਦਾ ਕਿਉਂਕਿ ਕੋਈ ਵੀ ਮੁਸੀਬਤ ਆਪਣੇ ਗਲ੍ਹ ਨਹੀਂ ਪਾਉਣੀ ਚਾਹੁੰਦਾ। ਦੂਸਰੇ ਪਾਸੇ ਸਾਡੇ ਬਹੁਤ ਸਾਰੇ ਨੌਜਵਾਨ ਅਜਿਹੇ ਅਸ਼ਲੀਲ ਗੀਤਾਂ ਨੂੰ ਪਸੰਦ ਕਰਦੇ ਹਨ ਅਤੇ ਇਹਨਾਂ ਨੂੰ ਸੁਣ ਕੇ ਖ਼ੁਸ਼ ਹੁੰਦੇ ਹਨ। ਇਸ ਤਰ੍ਹਾਂ ਇਹ ਨੌਜਵਾਨ ਅਜਿਹੇ ਗੀਤਾਂ ਦੀ ਸਰਪ੍ਰਸਤੀ ਕਰਦੇ ਹਨ। ਇਹਨਾਂ ਅਸ਼ਲੀਲ ਗੀਤਾਂ ਨੂੰ ਪਸੰਦ ਕਰਨ ਵਾਲੇ ਨੌਜਵਾਨਾਂ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਉਹਨਾਂ ਦੀ ਸਥਿਤੀ ਉਸ ਸਮੇਂ ਕੀ ਹੋਵੇਗੀ ਜਦੋਂ ਉਹਨਾਂ ਨੂੰ ਅਜਿਹੇ ਗੀਤਾਂ ਨੂੰ ਆਪਣੇ ਘਰ ਵਿੱਚ ਮਾਂ-ਬਾਪ ਅਤੇ ਭੈਣਾਂ-ਭਰਾਵਾਂ ਵਿੱਚ ਬੈਠ ਕੇ ਸੁਣਨਾ ਪਵੇ ?

ਅਸਲ ਵਿੱਚ ਸਾਨੂੰ ਆਪਣੇ ਭਾਵਾਂ ਦਾ ਪ੍ਰਗਟਾਵਾ ਸੁਲਝੇ ਹੋਏ ਅਤੇ ਸੱਭਿਆਚਾਰਿਕ ਢੰਗ ਨਾਲ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਅਸ਼ਲੀਲ ਗੀਤਾਂ ਦੀ ਥਾਂ ਸੱਭਿਅਕ ਅਤੇ ਸੁਲਝੇ ਹੋਏ ਗੀਤਾਂ ਦੀਆਂ ਕੈਸਿਟਾਂ ਅਤੇ ਸੀਡੀਜ਼ ਆਦਿ ਚਲਾਉਣ ਦਾ ਹੀ ਯਤਨ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਸੁਣਨ ਲੱਗਿਆਂ ਕਿਸੇ ਨੂੰ ਵੀ ਕੋਈ ਸ਼ਰਮ ਮਹਿਸੂਸ ਨਾ ਹੋਵੇ। ਚਾਹੀਦਾ ਤਾਂ ਇਹ ਹੈ ਕਿ ਪੰਜਾਬੀ ਸੱਭਿਆਚਾਰ ਦੇ ਨਾਂ ਉੱਤੇ ਤਿਆਰ ਕੀਤੀਆਂ ਜਾਂਦੀਆਂ ਇਹਨਾਂ ਅਸ਼ਲੀਲ ਗੀਤਾਂ ਦੀਆਂ ਸੀਡੀਜ਼ ਆਦਿ ਦੇ ਉਤਪਾਦਨ ਉੱਤੇ ਪਾਬੰਦੀ ਲਗਾ ਦਿੱਤੀ ਜਾਵੇ।ਅੱਡਿਆਂ, ਬਜ਼ਾਰਾਂ, ਚਾਹ ਦੀਆਂ ਦੁਕਾਨਾਂ ਉੱਤੇ ਅਤੇ ਖ਼ੁਸ਼ੀ ਦੇ ਮੌਕਿਆਂ 'ਤੇ ਅਜਿਹੀਆਂ ਕੈਸਿਟਾਂ/ਸੀਡੀਜ਼ ਚਲਾਉਣ 'ਤੇ ਸਖ਼ਤ ਪਾਬੰਦੀ ਲਾਉਣ ਦੀ ਲੋੜ ਹੈ। ਬੱਸਾਂ ਵਿੱਚ ਅਸ਼ਲੀਲ ਗੀਤਾਂ ਦੀ ਥਾਂ ਸੱਭਿਅਕ ਗੀਤ ਜਾਂ ਸ਼ਬਦ/ਭਜਨ ਆਦਿ ਲਾਉਣ ਦੀ ਹੀ ਆਗਿਆ ਹੋਣੀ ਚਾਹੀਦੀ ਹੈ। ਸਵਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਸਾਂ ਵਿੱਚ ਚਲਾਈਆਂ ਜਾਂਦੀਆਂ ਅਸ਼ਲੀਲ ਗੀਤਾਂ ਦੀਆਂ ਕੈਸਿਟਾਂ ਦਾ ਵਿਰੋਧ ਕਰਨ। ਅਸਲ ਵਿੱਚ ਇਹਨਾਂ ਅਸ਼ਲੀਲ ਗੀਤਾਂ ਵਿਰੁੱਧ ਲੋਕ-ਰਾਏ ਪੈਦਾ ਕਰਨ ਦੀ ਲੋੜ ਹੈ। ਸੱਭਿਅਕ ਸਮਾਜ ਵਿੱਚ ਅਸ਼ਲੀਲ ਗੀਤਾਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਇਹਨਾਂ ਗੀਤਾਂ ਨੂੰ ਸਰਪ੍ਰਸਤੀ ਪ੍ਰਾਪਤ ਨਾ ਹੋਵੇ। ਸਾਨੂੰ ਚਾਹੀਦਾ ਹੈ ਕਿ ਅਸੀਂ ਅਸ਼ਲੀਲ ਗੀਤਾਂ ਦੀਆਂ ਕੈਸਿਟਾਂ/ਸੀਡੀਜ਼ ਆਦਿ ਖ਼ਰੀਦਣ ਦੀ ਥਾਂ ਸੱਭਿਅਕ ਗੀਤਾਂ ਦੀਆਂ ਕੈਸਿਟਾਂ/ਸੀਡੀਜ਼ ਹੀ ਖ਼ਰੀਦੀਏ। ਸਭ ਤੋਂ ਵੱਡੀ ਲੋੜ ਇਸ ਗੱਲ ਦੀ ਹੈ ਕਿ ਸੱਭਿਅਕ ਗੀਤਾਂ ਦਾ ਕਲਚਰ ਪੈਦਾ ਕੀਤਾ ਜਾਵੇ। ਅਜਿਹੇ ਅਸ਼ਲੀਲ ਗੀਤ ਲਿਖਣ ਵਾਲਿਆਂ, ਗਾਉਣ ਵਾਲਿਆਂ, ਰਿਕਾਰਡ ਕਰਨ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਨਿੱਜੀ ਲਾਭ ਲਈ ਸਭਿਅਕ ਸਮਾਜ ਦੇ ਵਾਤਾਵਰਨ ਨੂੰ ਦੂਸ਼ਿਤ ਨਾ ਕਰਨ। ਸੰਬੰਧਤ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਗੀਤਾਂ 'ਤੇ ਪਾਬੰਦੀ ਲਾਈ ਜਾਵੇ।

ਆਸ ਹੈ ਤੁਸੀਂ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰੋਗੇ ਤਾਂ ਜੋ ਅਸ਼ਲੀਲ ਗੀਤਾਂ ਵਿਰੁੱਧ ਲੋਕ-ਰਾਏ ਪੈਦਾ ਕਰਨ ਵਿੱਚ ਮਦਦ ਮਿਲ ਸਕੇ।

ਧੰਨਵਾਦ ਸਹਿਤ,


ਤੁਹਾਡਾ ਵਿਸ਼ਵਾਸਪਾਤਰ,

ਗਿਆਨ ਸਿੰਘ

ਪਿੰਡ ਤੇ ਡਾਕਘਰ ਜ਼ਿਲ੍ਹਾ

ਮਿਤੀ :




Post a Comment

0 Comments