ਪੰਜਾਬੀ ਲੇਖ "ਰੁੱਖਾਂ ਦੇ ਲਾਭ ਜਾਂ ਰੁੱਖਾਂ ਦੀ ਮਹਾਨਤਾ" 800 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ  "ਰੁੱਖਾਂ ਦੇ ਲਾਭ ਜਾਂ ਰੁੱਖਾਂ ਦੀ ਮਹਾਨਤਾ"



ਭੂਮਿਕਾ

ਅੱਜ ਸਭ ਪਾਸੇ ਇੱਕੋ ਹੀ ਨਾਅਰਾ ਗੂੰਜ ਰਿਹਾ ਹੈ, ‘ਰੁੱਖ ਲਗਾਓ, ਜੀਵਨ ਬਚਾਓ।' ਇਸ ਦਾ ਅਰਥ ਹੈ ਰੁੱਖਾਂ ਨਾਲ ਹੀ ਜੀਵਨ ਹੈ। ਜੇ ਰੁੱਖ ਨਾ ਰਹੇ ਤਾਂ ਮਨੁੱਖੀ ਜੀਵਨ ਹੀ ਨਹੀਂ ਰਹਿਣਾ ਜੇ ਰੁੱਖਾਂ ਦੀ ਕਟਾਈ ਇਸੇ ਤਰ੍ਹਾਂ ਹੀ ਹੁੰਦੀ ਰਹੀ ਤਾਂ ਕੀ ਮਨੁੱਖ ਤਾਂ ਕੀ ਪਸ਼ੂ, ਪੰਛੀਆਂ ਦੀ ਜ਼ਿੰਦਗੀ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਇਸੇ ਕਰਕੇ ਸਰਕਾਰਾਂ, ਸਮਾਜ-ਸੇਵੀ ਸੰਸਥਾਵਾਂ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਰੁੱਖਾਂ ਦੀ ਕਟਾਈ 'ਤੇ ਰੋਕ ਲਾਉਣ ਲਈ ਦੁਹਾਈ ਪਾ ਰਹੀਆਂ ਹਨ। ਵਣ-ਵਿਭਾਗ ਨੇ ਤਾਂ ਰੁੱਖਾਂ ਦੀ ਕਟਾਈ ਨੂੰ ਕਿਸੇ ਦੇ ਕਤਲ ਕਰਨ ਦੇ ਬਰਾਬਰ ਦਾ ਦਰਜਾ ਦਿੱਤਾ ਹੈ। ਫਿਰ ਵੀ ਕਟਾਈ ਵੱਡੇ ਪੱਧਰ 'ਤੇ ਹੋ ਰਹੀ ਹੈ। ਜੰਗਲਾਂ ਦੇ ਜੰਗਲ ਖ਼ਤਮ ਹੋ ਗਏ ਹਨ।


ਰੁੱਖ ਕੁਦਰਤ ਦਾ ਵਰਦਾਨ

ਜੇ ਦੇਖਿਆ ਜਾਵੇ ਜਾ ਤਾਂ ਰੁੱਖ, ਵੇਲਾਂ, ਬੂਟੇ, ਫੁੱਲ, ਫਲ ਸਭ ਕੁਦਰਤ ਦੀ ਦੇਣ ਹਨ। ਇਹ ਮਨੁੱਖ ਲਈ ਕੁਦਰਤ ਦਾ ਵਡਮੁੱਲਾ ਵਰਦਾਨ ਹਨ। ਰੁੱਖਾਂ ਦੀ ਛਾਂ, ਮਿੱਠੇ ਫਲ, ਝੂਮਦੀਆਂ ਵੇਲਾਂ ਦੇ ਨਜ਼ਾਰੇ, ਲਹਿ- ਲਹਿ ਕਰਦੇ ਹਰੇ-ਹਰੇ ਪੌਦੇ, ਸੁਗੰਧੀਆਂ ਬਿਖ਼ੇਰਦੇ ਫੁੱਲ ਸਭ ਕੁਦਰਤ ਦੀ ਦੇਣ ਹਨ ਜਿਨ੍ਹਾਂ ਦਾ ਅਨੰਦ ਮਨੁੱਖ ਮਾਣਦਾ ਹੈ। ਇਸੇ ਤਰ੍ਹਾਂ ਪੰਛੀਆਂ ਲਈ ਵੀ ਰੁੱਖ ਹਮਸਾਏ ਦੀ ਤਰ੍ਹਾਂ ਹਨ।ਉਹ ਇਨ੍ਹਾਂ 'ਤੇ ਆਪਣੇ ਆਲ੍ਹਣੇ ਬਣਾ ਕੇ ਰਹਿੰਦੇ ਹਨ। ਪਸ਼ੂ ਰੁੱਖਾਂ ਦੀ ਛਾਵੇਂ ਬਹਿ ਕੇ ਕੁਦਰਤ ਦੇ ਗੁਣ ਗਾਉਂਦੇ ਹਨ। ਜ਼ਰਾ ਸੋਚੋ ਜੇ ਰੁੱਖ ਨਾ ਰਹੇ ਤਾਂ ਪਸ਼ੂ-ਪੰਛੀ ਕਿੱਥੇ ਜਾਣਗੇ? ਕੀ ਇਨ੍ਹਾਂ ਦਾ ਕੋਈ ਟਿਕਾਣਾ ਰਹੇਗਾ?


ਰੁੱਖ ਸਾਡੇ ਸੱਭਿਆਚਾਰ ਦਾ ਅੰਗ

ਸਾਡਾ ਸੱਭਿਆਚਾਰ ਬਹੁਤ ਪੁਰਾਣਾ ਹੈ। ਸਾਡੇ ਬਜ਼ੁਰਗ ਰੁੱਖਾਂ ਨੂੰ ਆਪਣੇ ਕੀਮਤੀ ਵਿਰਸੇ ਦਾ ਅੰਗ ਸਮਝਦੇ ਸਨ। ਇਸ ਕਰਕੇ ਉਹ ਆਪਣੇ ਹੱਥੀਂ ਇੱਕ ਬੂਟਾ ਜ਼ਰੂਰ ਲਾਉਂਦੇ ਸਨ ਤੇ ਉਸਦੀ ਪਾਲਣਾ ਕਰਦੇ ਸਨ ਤਾਂ ਜੋ ਰੁੱਖਾਂ ਨਾਲ ਉਨ੍ਹਾਂ ਦਾ ਸੱਭਿਆਚਾਰ ਵੀ ਜਿਊਂਦਾ ਰਹੇ। ਇਸੇ ਕਰਕੇ ਸਮਾਜ ਵਿੱਚ ਪਿੱਪਲ, ਤੁਲਸੀ, ਨਿੰਮ, ਬੋਹੜ ਜਿਹੇ ਰੁੱਖਾਂ ਦੀ ਪੂਜਾ ਕੀਤੀ ਜਾਂਦੀ ਹੈ। ਬੇਰੀ ਅਤੇ ਚੰਦਨ ਦੀ ਲੱਕੜੀ ਨੂੰ ਤਾਂ ਬਹੁਤ ਹੀ ਸ਼ੁੱਭ ਮੰਨਿਆ ਗਿਆ ਹੈ। ਕਿਤੇ ਕੋਈ ਹਵਨ ਵਗੈਰਾ ਕਰਨਾ ਹੋਵੇ, ਬੇਰੀ ਜਾਂ ਚੰਦਨ ਦੀ ਲੱਕੜੀ ਹੀ ਬਾਲੀ ਜਾਂਦੀ ਹੈ।

ਫ਼ਰੀਦ ਜੀ ਨੇ ਰੁੱਖਾਂ ਦੀ ਜੀਰਾਂਦ ਬਾਰੇ ਦੱਸਿਆ ਹੈ ਕਿ ਤਪੱਸਵੀਆਂ, ਫ਼ਕੀਰਾਂ, ਦਰਵੇਸ਼ਾਂ ਨੂੰ ਰੁੱਖਾਂ ਦੀ ਹਮੇਸ਼ਾਂ ਲੋੜ ਹੈ ਕਿਉਂਕਿ ਹਾੜ੍ਹ ਹੋਵੇ ਜਾਂ ਸਿਆਲ ਉਹ ਰੁੱਖਾਂ ਦੇ ਥੱਲੇ ਬਹਿ ਕੇ ਹੀ ਭਗਤੀ ਕਰਦੇ ਰਹੇ ਹਨ।


ਰੁੱਖਾਂ ਦਾ ਲੋਕ-ਗੀਤਾਂ ਵਿੱਚ ਜ਼ਿਕਰ

ਰੁੱਖਾਂ ਦਾ ਤਾਂ ਲੋਕ-ਗੀਤਾਂ ਵਿੱਚ ਵੀ ਜ਼ਿਕਰ ਆਉਂਦਾ ਹੈ।

ਜਿਵੇਂ ਕਿਸੇ ਨੇ ਮੁਟਿਆਰ ਦੇ ਹੁਸਨ ਦੀ ਤਾਰੀਫ਼ ਕਰਦਿਆਂ ਕਿਹਾ ਹੈ, ‘ਤੇਰਾ ਕੱਦ ਸਰੂ ਦਾ ਬੂਟਾ। ‘ਭੈਣ ਨੇ ਆਪਣੇ ਭਰਾ ਦੀ ਸਰੂ ਦੇ ਬੂਟੇ ਨਾਲ ਤੁਲਨਾ ਕਰਦਿਆਂ ਕਿਹਾ ਹੈ, ‘ਮੇਰਾ ਭਰਾ ਸਰੂ ਦਾ ਬੂਟਾ।' ਪੂਰਨ ਜਦੋਂ ਆਪਣੀ ਮਾਂ ਨੂੰ ਮਿਲ ਲਈ ਆਇਆ ਤਾਂ ਸੁੱਕੇ ਬਾਗ ਹਰੇ ਹੋ ਗਏ। ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਇੱਕ ਕਵਿਤਾ ਵਿੱਚ ਲਿਖਿਆ ਹੈ,

‘ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁਝ ਰੁੱਖ ਵਾਂਗਰ ਮਾਵਾਂ,

ਕੁਝ ਰੁੱਖ ਨੂੰਹਾਂ-ਧੀਆਂ ਲਗਦੇ, ਕੁਝ ਰੁੱਖ ਵਾਂਗ ਭਰਾਵਾਂ।‘

ਇਸ ਕਵਿਤਾ ਦੀ ਤੁਕ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਰੁੱਖ ਸਾਡੇ ਹਮਸਾਇਆ ਦੀ ਤਰ੍ਹਾਂ ਹਨ।


ਰੁੱਖਾਂ ਦੇ ਲਾਭ

ਰੁੱਖਾਂ ਦੇ ਬਹੁਤ ਸਾਰੇ ਲਾਭ ਹਨ। ਇਨ੍ਹਾਂ ਦੀ ਠੰਢੜੀ-ਮਿੱਠੜੀ ਛਾਂ ਮਨ ਨੂੰ ਸ਼ਾਂਤ ਕਰਦੀ ਹੈ। ਇਨ੍ਹਾਂ ਦੀ ਛਾਵੇਂ ਬਹਿ ਕੇ ਮਨੁੱਖ ਆਪਣਾ-ਆਪ ਭੁੱਲ ਜਾਂਦਾ ਹੈ। ਇਨ੍ਹਾਂ ਦੀ ਛਾਂ ਦਾ ਪਸ਼ੂ-ਪੰਛੀ ਵੀ ਭਰਪੂਰ ਲਾਭ ਲੈਂਦੇ ਹਨ। ਗਰਮੀ ਦੇ ਮੌਸਮ ਵਿੱਚ ਜਦੋਂ ਤਿੱਖੜ ਦੁਪਹਿਰਾ ਲੱਗਾ ਹੋਵੇ ਤਾਂ ਰੁੱਖਾਂ ਦੀ ਛਾਂ ਹੀ ਹੈ ਜੋ ਜੀਵਾਂ ਨੂੰ ਬਚਾਉਂਦੀ ਹੈ। ਰੁੱਖਾਂ ਦੇ ਫੁੱਲਾਂ, ਜੜ੍ਹਾਂ ਆਦਿ ਤੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਅੱਜ ਵੀ ਆਯੁਰਵੇਦ ਪੂਰੇ ਦਾ ਪੂਰਾ ਰੁੱਖਾਂ 'ਤੇ ਹੀ ਨਿਰਭਰ ਕਰਦਾ ਹੈ। ਸਾਡੇ ਰਿਸ਼ੀ ਮੁਨੀ, ਵੈਦ, ਸਿਆਣੇ, ਰੁੱਖਾਂ ਦੇ ਫਲਾਂ-ਫੁੱਲਾਂ, ਜੜ੍ਹਾਂ, ਪੱਤਿਆਂ ਆਦਿ ਤੋਂ ਦਵਾਈਆਂ ਬਣਾ ਕੇ ਵੱਡੇ-ਵੱਡੇ ਰੋਗਾਂ 'ਤੇ ਕਾਬੂ ਪਾ ਲੈਂਦੇ ਸਨ।ਰੁੱਖਾਂ ਦੀ ਲੱਕੜੀ ਬਾਲਣ ਦੇ ਤਾਂ ਕੰਮ ਆਉਂਦੀ ਹੀ ਹੈ ਇਸ ਨਾਲ ਫ਼ਰਨੀਚਰ ਵੀ ਬਣਦਾ ਹੈ ਜਿਸ ਨਾਲ ਅਸੀਂ ਆਪਣੇ ਘਰਾਂ ਨੂੰ ਸਜਾਉਂਦੇ ਹਾਂ। ਰੁੱਖਾਂ ਦੇ ਫਲ ਖਾਣ ਦੇ ਕੰਮ ਆਉਂਦੇ ਹਨ। ਅੰਬ ਜਿਸ ਨੂੰ ਫਲਾਂ ਦਾ ਰਾਜਾ ਕਹਿੰਦੇ ਹਨ, ਰੁੱਖਾਂ ਦੀ ਹੀ ਦੇਣ ਹੈ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਫਲ ਅਸੀਂ ਖਾ ਕੇ ਕੁਦਰਤ ਦੇ ਗੁਣ ਗਾਉਂਦੇ ਹਾਂ। ਸਭ ਤੋਂ ਵੱਡਾ ਲਾਭ ਜੇ ਹੈ, ਉਹ ਇਹ ਕਿ ਅਸੀਂ ਰੁੱਖਾਂ ਦੁਆਰਾ ਛੱਡੀ ਜਾਂਦੀ ਆਕਸੀਜਨ ਦੇ ਸਹਾਰੇ ਹੀ ਜਿਊਂਦੇ ਹਾਂ। ਅਸੀਂ ਜੋ ਕਾਰਬਨ ਡਾਇਆਕਸਾਈਡ ਛੱਡਦੇ ਹਾਂ ਰੁੱਖ ਉਸ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਹਨ। ਇਸ ਤੋਂ ਇਲਾਵਾ ਰੁੱਖ ਸਾਨੂੰ ਹੜ੍ਹਾਂ ਤੋਂ ਬਚਾਉਂਦੇ ਹਨ, ਵਰਖਾ ਲਿਆਉਣ ਵਿੱਚ ਸਾਡੀ ਮਦਦ ਕਰਦੇ ਹਨ, ਭੂਮੀ ਨੂੰ ਖੁਰਨ ਤੋਂ ਬਚਾਉਂਦੇ ਹਨ। ਇਹ ਪ੍ਰਦੂਸ਼ਣ 'ਤੇ ਕਾਬੂ ਪਾਉਣ ਵਿੱਚ ਸਾਡੀ ਬਹੁਤ ਵੱਡੀ ਮਦਦ ਕਰਦੇ ਹਨ। ਇਸ ਤਰ੍ਹਾਂ ਰੁੱਖਾਂ ਦੇ ਢੇਰਾਂ ਲਾਭ ਹਨ।


ਸਾਰਾਂਸ਼

ਰੁੱਖ ਜੋ ਸਾਡੇ ਹਮਸਾਏ ਹਨ, ਉਨ੍ਹਾਂ ਨੂੰ ਬਚਾਇਆ ਜਾਣਾ ਚਾਹੀਦਾ ਹੈ।ਉਨ੍ਹਾਂ ਦੀ ਕਟਾਈ ਰੋਕੀ ਜਾਵੇ।ਵੱਧ ਤੋਂ ਵੱਧ ਨਵੇਂ ਰੁੱਖ ਲਗਾਏ ਜਾਣ। ਇਸ ਨੇਕ ਕੰਮ ਲਈ ਸਭ ਨੂੰ ਆਪਣਾ ਕੀਮਤੀ ਯੋਗਦਾਨ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਸਰਕਾਰ ਇਸ ਵਾਸਤੇ ਬਹੁਤ ਉਪਰਾਲੇ ਕਰ ਰਹੀ ਹੈ। ਸਰਕਾਰ ਨੇ ਰੁੱਖਾਂ ਦੀ ਪਨੀਰੀ ਲਈ ਥਾਂ-ਥਾਂ 'ਤੇ ਨਰਸਰੀਆਂ ਬਣਾਈਆਂ ਹਨ ਜੋ ਸਾਨੂੰ ਮੁਫ਼ਤ ਪੌਦੇ ਮੁਹੱਈਆ ਕਰਾ ਰਹੀਆਂ ਹਨ। ਸਰਕਾਰ ਹਰ ਸਾਲ ‘ਵਣ ਮਹਾਂ- ਉਤਸਵ' ਦੇ ਨਾਂ ’ਤੇ ਇੱਕ ਬਹੁਤ ਵੱਡਾ ਦਿਨ ਮਨਾਉਂਦੀ ਹੈ ਜਿਸ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਸੁਨੇਹਾ ਦਿੱਤਾ ਜਾਂਦਾ ਹੈ। ਮੁੱਕਦੀ ਗੱਲ ਇਹੀ ਕਹਿ ਸਕਦੇ ਹਾਂ ਕਿ ਜੇ ਜੀਵਨ ਬਚਾਉਣਾ ਹੈ ਤਾਂ ਸਾਨੂੰ ਰੁੱਖਾਂ ਦੀ ਕਟਾਈ ਨੂੰ ਰੋਕਣ ਲਈ ਸਖ਼ਤੀ ਨਾਲ ਪਹਿਰਾ ਦੇਣਾ ਹੋਵੇਗਾ ਤੇ ਵੱਧ ਤੋਂ ਵੱਧ ਨਵੇਂ ਰੁੱਖ ਲਾਉਣੇ ਹੋਣਗੇ। ਜੇ ਜੀਵਨ ਨੂੰ ਹਰਿਆ-ਭਰਿਆ ਜਾਂ ਰੰਗੀਨ ਬਣਾਉਣਾ ਹੈ ਤਾਂ ਰੁੱਖਾਂ ਦੀ ਸਾਂਭ-ਸੰਭਾਲ ਕਰਨੀ ਹੋਵੇਗੀ।


Post a Comment

3 Comments