ਸਬੂਤ
Saboot
ਜੇ ਕਿਸੇ ਝੂਠੀ ਗੱਲ ਨੂੰ ਬਾਰ-ਬਾਰ ਸੱਚੀ ਦੱਸਿਆ ਜਾਵੇ ਜਾਂ ਝੂਠੀ ਗੱਲ ਨੂੰ ਬਹੁਤ ਸਾਰੇ ਲੋਕ ਸੱਚੀ ਕਹਿਣ ਲੱਗ ਪੈਣ ਤਾਂ ਉਹ ਗੱਲ ਸੱਚੀ ਮੰਨ ਲਈ ਜਾਂਦੀ ਹੈ।
ਇਸੇ ਸਿਧਾਂਤ ਦਾ ਸਹਾਰਾ ਲੈ ਕੇ ਤੈਨਾਲੀ ਰਾਮ ਨਾਲ ਈਰਖਾ ਰੱਖਣ ਵਾਲੇ ਸਾਰੇ ਦਰਬਾਰੀਆਂ ਨੇ ਇਹ ਫੈਸਲਾ ਕੀਤਾ ਕਿ ਤੈਨਾਲੀ ਰਾਮ ਦੇ ਵਿਰੁੱਧ ਰਾਜਾ ਕ੍ਰਿਸ਼ਨਦੇਵ ਰਾਇ ਦੇ ਕੰਨ ਭਰੇ ਜਾਣ। ਸਾਰੇ ਦਰਬਾਰੀਆਂ ਨੇ ਇਹ ਫੈਸਲਾ ਕੀਤਾ ਕਿ ਰੋਜ਼ਾਨਾ ਵੱਖੋ-ਵੱਖਰੇ ਦਰਬਾਰੀ ਇਕ ਹੀ ਸ਼ਿਕਾਇਤ ਰਾਜੇ ਸਾਹਮਣੇ ਕਰਨ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਮਹੀਨੇ ਦੋ ਮਹੀਨੇ ਮਗਰੋਂ ਰਾਜਾ ਆਪਣੇ ਪਿਆਰੇ ਦਰਬਾਰੀ ਤੈਨਾਲੀ ਰਾਮ ਤੋਂ ਮੂੰਹ ਨਾ ਮੋੜ ਲਵੇ।
ਬਸ ਫਿਰ ਕੀ ਸੀ।
ਆਪਣੇ ਇਸ ਫੈਸਲੇ ਤੋਂ ਦੂਜੇ ਹੀ ਦਿਨ ਦਰਬਾਰੀਆਂ ਨੇ ਆਪੋ-ਆਪਣੇ ਹੱਥਕੰਡਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।
ਇਕ ਦਰਬਾਰੀ ਰਾਜੇ ਕੋਲ ਜਾ ਕੇ ਬੋਲਿਆ, "ਮਹਾਰਾਜ ਕੁਝ ਸੁਣਿਆ ਹੈ ਤੁਸੀਂ ?" ਕਿਉ... ਕੀ ਹੋਇਆ ?" ਰਾਜੇ ਨੇ ਉਸ ਨੂੰ ਪੁੱਛਿਆ। "ਮਹਾਰਾਜ, ਅਪਰਾਧ ਮੁਆਫ ਕਰਨ ਤਾਂ ਕਹਾਂ ?" "ਹਾਂ...ਹਾਂ.. ਕਹੇ, ਕੀ ਗੱਲ ਹੈ।"
"ਮਹਾਰਾਜ ਸੁਣਨ ਵਿਚ ਆ ਰਿਹਾ ਹੈ ਕਿ ਅੱਜ ਕੱਲ ਤੈਨਾਲੀ ਰਾਮ ਬਹੁਤ ਰਿਸ਼ਵਤ ਲੈ ਰਿਹਾ ਹੈ। ਉਹ ਕਿਉਂਕਿ ਤੁਹਾਡਾ ਪਰਮ ਪਿਆਰਾ ਹੈ ਇਸ ਲਈ ਲੋਕ ਉਸ ਦੀ ਹਰ ਗੱਲ ਮੰਨਣ ਲਈ ਮਜ਼ਬੂਰ ਹਨ। ਜੋ ਲੋਕ ਤੁਹਾਨੂੰ ਉਸ ਦੀ ਸ਼ਿਕਾਇਤ ਵੀ ਕਰਦੇ ਹਨ ਤਾਂ ਤੁਸੀਂ ਕਿਸੇ ਵੀ ਹਾਲਤ ਵਿਚ ਉਨ੍ਹਾਂ ਦੀਆਂ ਸ਼ਿਕਾਇਤਾਂ ਉਪਰ ਭਰੋਸਾ ਹੀ ਨਹੀਂ ਕਰਦੇ।" ਉਸ ਦਰਬਾਰੀ ਨੇ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਹਾ।
"ਹਾਂ ਬਈ, ਇਹ ਤਾਂ ਸੱਚ ਹੈ। ਫਿਰ ਵੀ ਮੈਨੂੰ ਤੁਹਾਡੀ ਹਿੰਮਤ ਦੀ ਪ੍ਰਸੰਸਾ ਕਰਨੀ ਪੈ ਰਹੀ ਹੈ ਕਿ ਤੁਸੀਂ ਤੈਨਾਲੀ ਰਾਮ ਦੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਤਾਂ ਕੀਤੀ। ਪਤਾ ਨਹੀਂ ਕਿਵੇਂ ਤੁਸੀਂ ਐਨੀ ਹਿੰਮਤ ਇਕੱਠੀ ਕੀਤੀ?"
ਦਰਬਾਰੀ ਨੇ ਰਾਜੇ ਦੇ ਮੂੰਹੋਂ ਐਸੀ ਗੱਲ ਸੁਣੀ ਤਾਂ ਇਉਂ ਲੱਗਿਆ ਜਿਵੇਂ ਉਸ ਦੀ ਜਾਨ ਹੀ ਨਿਕਲ ਗਈ ਹੋਵੇ। ਆਇਆ ਤਾਂ ਰਾਜੇ ਦਾ ਪਿਆਰ ਪ੍ਰਾਪਤ ਕਰਨ ਸੀ ਪਰ ਰਾਜੇ ਨੇ ਉਸ ਨੂੰ ਝਿੜਕ ਹੀ ਦਿੱਤਾ। ਉਹ ਵਿਚਾਰਾ ਜਿਹਾ ਮੁੰਹ ਲੈ ਕੇ ਉਥੋਂ ਚਲਾ ਗਿਆ।
ਪਰ ਦਰਬਾਰੀ ਵੀ ਘੱਟ ਨਹੀਂ ਸਨ। ਉਹ ਆਪਣੀ ਅਸਫ਼ਲਤਾ ਉਪਰ ਹਾਰ ਮੰਨਣ ਵਾਲੇ ਨਹੀਂ ਸਨ।
ਦੂਜੇ ਦਿਨ ਇਕ ਹੋਰ ਦਰਬਾਰੀ ਰਾਜਾ ਕ੍ਰਿਸ਼ਨਦੇਵ ਰਾਇ ਦੇ ਕੋਲ ਗਿਆ ਅਤੇ ਉਸ ਨੇ ਵੀ ਲੂਣ-ਮਿਰਚ ਲਗਾ ਕੇ ਤੈਨਾਲੀ ਰਾਮ ਦੀ ਸ਼ਿਕਾਇਤ ਕੀਤੀ।
ਅਤੇ ਫਿਰ ਤਾਂ ਹਰ ਰੋਜ਼ ਹੀ ਨੇਮ ਜਿਹਾ ਬਣ ਗਿਆ। ਕੋਈ ਨਾ ਕੋਈ ਦਰਬਾਰੀ ਰਾਜੇ ਦੇ ਦਰਬਾਰ ਵਿਚ ਪਹੁੰਚ ਜਾਂਦਾ ਅਤੇ ਤੈਨਾਲੀ ਰਾਮ ਦੀ ਸ਼ਿਕਾਇਤ ਕਰਦਾ।
ਲੱਗਭਗ ਇਕ ਮਹੀਨੇ ਤਕ ਦਰਬਾਰੀਆਂ ਦੀਆਂ ਸ਼ਿਕਾਇਤਾਂ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ। ਰਾਜੇ ਨੂੰ ਵੀ ਉਨ੍ਹਾਂ ਦੀਆਂ ਗੱਲਾਂ ਉਪਰ ਥੋੜਾ-ਥੋੜਾ ਵਿਸ਼ਵਾਸ ਹੋਣ ਲੱਗਾ।
ਰਾਜਾ ਕ੍ਰਿਸ਼ਨਦੇਵ ਰਾਇ ਸੋਚਣ ਲੱਗੇ ਕਿ ਸ਼ਾਇਦ ਦਰਬਾਰੀਆਂ ਦੀ ਗੱਲ ਵਿਚ ਕੁਝ ਤਾਂ ਸੱਚਾਈ ਹੈ। ਲੱਗਦਾ ਹੈ ਕਿ ਤੈਨਾਲੀ ਰਾਮ ਸਚਮੁੱਚ ਹੀ ਰਿਸ਼ਵਤਖੋਰ ਬਣ ਗਿਆ ਹੈ ਤਾਂ ਹੀ ਉਸ ਦੇ ਖ਼ਿਲਾਫ ਐਨੀਆਂ ਸ਼ਿਕਾਇਤਾਂ ਆ ਰਹੀਆਂ ਹਨ। ਤੈਨਾਲੀ ਰਾਮ ਨੂੰ ਸਜ਼ਾ ਦੇਣੀ ਹੀ ਪਵੇਗੀ। ਜੇ ਸਜ਼ਾ ਨਾ ਦਿੱਤੀ ਤਾਂ ਮੇਰੀ ਪ੍ਰਸਿੱਧੀ ਮਿੱਟੀ ਵਿਚ ਮਿਲ ਜਾਵੇਗੀ।
ਬਸ, ਫਿਰ ਕੀ ਸੀ। ਅਗਲੇ ਦਿਨ ਰਾਜਾ ਕ੍ਰਿਸ਼ਨਦੇਵ ਰਾਇ ਨੇ ਤੈਨਾਲੀ ਰਾਮ ਨੂੰ ਦਰਬਾਰ ਵਿਚ ਬੁਲਾਇਆ ਤੇ ਕਿਹਾ, "ਤੇਨਾਲੀ ਰਾਮ, ਤੁਹਾਡੇ ਖਿਲਾਫ ਰਿਸ਼ਵਤਖੋਰੀ ਦੀਆਂ ਸ਼ਿਕਾਇਤਾਂ ਸਾਨੂੰ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਮਿਲ ਰਹੀਆਂ ਹਨ।"
'ਮਹਾਰਾਜ, ਮੈਂ ਤੇ ਰਿਸ਼ਵਤ-ਇਹ ਕਦੀ ਹੋ ਹੀ ਨਹੀਂ ਸਕਦਾ। ਇਹ ਤਾਂ ਇਕ ਨਦੀ ਦੇ ਦੋ ਕੰਢੇ ਹਨ ਜਿਹੜੇ ਕਦੀ ਵੀ ਆਪਸ ਵਿਚ ਮਿਲ ਹੀ ਨਹੀਂ ਸਕਦੇ।
"ਇਹੀ ਗੱਲ ਤਾਂ ਮੈਂ ਵੀ ਸਮਝਦਾ ਸੀ। ਇਸੇ ਲਈ ਮੈਂ ਐਨੇ ਦਿਨ ਉਨ੍ਹਾਂ ਦੀਆਂ ਸ਼ਿਕਾਇਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਪਰ ਹੁਣ ਜਦੋਂ ਸ਼ਿਕਾਇਤਾਂ ਦੀ ਝੜੀ ਲੱਗ ਗਈ ਹੈ ਤਾਂ ਮੈਨੂੰ ਵੀ ਉਨ੍ਹਾਂ ਸ਼ਿਕਾਇਤਾਂ ਉਪਰ ਭਰੋਸਾ ਕਰਨਾ ਪੈ ਰਿਹਾ ਹੈ। ਤੁਸੀਂ ਜਾਂ ਤਾਂ ਇਕ ਹਫਤੇ ਅੰਦਰ ਆਪਣੀ ਇਮਾਨਦਾਰੀ ਦਾ ਸਬੂਤ ਦਿਉ ਨਹੀਂ ਤਾਂ ਤੁਹਾਨੂੰ ਸਾਡੇ ਦਰਬਾਰ ਦਾ ਅਹੁਦਾ ਛੱਡਣਾ ਪਵੇਗਾ।
ਤੈਨਾਲੀ ਰਾਮ ਇਕਦਮ ਤਾੜ ਗਿਆ ਕਿ ਇਹ ਤਾਂ ਸਾਰੇ ਦਰਬਾਰੀਆਂ ਦੀ ਉਸ ਦੇ ਖਿਲਾਫ਼ ਸੋਚੀ ਸਮਝੀ ਸਾਜ਼ਿਸ਼ ਹੈ।
ਉਸ ਨੂੰ ਭਰੇ ਦਰਬਾਰ ਵਿਚ ਬੇਇਜ਼ਤ ਕਰਵਾ ਕੇ ਸਾਰੇ ਦਰਬਾਰੀ ਦਿਲੋਂ ਬੜੇ ਖੁਸ਼ ਹੋਏ।
ਤੈਨਾਲੀ ਰਾਮ ਵਿਚਾਰਾ ਕਹਿ ਹੀ ਕੀ ਸਕਦਾ ਸੀ ? ਸ਼ਰਮ ਨਾਲ ਸਿਰ ਲੁਕਾਈ ਦਰਬਾਰ ਖ਼ਤਮ ਹੁੰਦਿਆਂ ਹੀ ਰਾਜੇ ਨੇ ਉਸ ਨੂੰ ਆਪਣੀ ਗੱਲ ਫਿਰ ਯਾਦ ਕਰਾਈ।
ਤੈਨਾਲੀ ਰਾਮ ਨੇ ਰਾਜੇ ਨੂੰ ਰੋਜ਼ ਵਾਂਗ ਸਿਰ ਝੁਕਾ ਕੇ ਸਤਿਕਾਰ ਦਿੱਤਾ ਅਤੇ ਚੁੱਪਚਾਪ ਆਪਣੇ ਘਰ ਚਲਾ ਗਿਆ।
ਅਗਲੇ ਦਿਨ ਜਿਉਂ ਹੀ ਦਰਬਾਰ ਲੱਗਾ ਤਾਂ ਤੈਨਾਲੀ ਰਾਮ ਦਾ ਨੌਕਰ ਅੱਖਾਂ ਵਿਚ ਹੰਝੂ ਭਰੀ ਦਰਬਾਰ ਵਿਚ ਹਾਜ਼ਰ ਹੋਇਆ ਅਤੇ ਇਕ ਚਿੱਠੀ ਮੰਤਰੀ ਜੀ ਦੇ ਹੱਥ ਫੜਾਈ।
ਮੰਤਰੀ ਨੇ ਚਿੱਠੀ ਖੋਲੀ ਤੇ ਪੜਨੀ ਸ਼ੁਰੂ ਕੀਤੀ। ਚਿੱਠੀ ਵਿਚ ਲਿਖਿਆ ਸੀ
“ਕੱਲ੍ਹ ਮੈਨੂੰ ਬੇਕਸੂਰ ਨੂੰ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਿਆ। ਮੇਰੇ ਸਾਰੇ ਦਰਬਾਰੀ ਮੇਰੇ ਖਿਲਾਫ ਦੋਸ਼ ਸੁਣ ਕੇ ਵੀ ਚੁੱਪ ਬੈਠੇ ਰਹੇ। ਮੈਨੂੰ ਇਉਂ ਲੱਗਿਆ ਕਿ ਉਹ ਵੀ ਮੈਨੂੰ ਦੋਸ਼ੀ ਮੰਨ ਬੈਠੇ ਹਨ। ਐਸੀ ਹਾਲਤ ਨੂੰ ਭਲਾ ਮੇਰੇ ਜਿਹਾ ਸੱਚਾ ਬੰਦਾ ਕਿਵੇਂ ਸਵੀਕਾਰ ਕਰ ਸਕਦਾ ਸੀ? ਮੈਂ ਐਸੀ ਜ਼ਿੰਦਗੀ ਨਾਲੋਂ ਮੌਤ ਨੂੰ ਚੰਗਾ ਸਮਝਦਾ ਅਤੇ ਮਰ ਜਾਣਾ ਹੀ ਠੀਕ ਮੰਨਦਾ ਹਾਂ। ਇਸ ਲਈ ਮੈਂ ਆਪਣੇ ਆਪ ਨੂੰ ਨਦੀ ਦੀ ਭੇਟ ਕਰ ਰਿਹਾ ਹਾਂ। ਭਗਵਾਨ ਤੁਹਾਨੂੰ ਲੰਮੀ ਉਮਰ ਦੇਵੇ। ਤੁਸੀਂ ਜਿਹੜਾ ਪਿਆਰ ਮੈਨੂੰ ਦਿੱਤਾ - ਉਸ ਵਾਸਤੇ ਮੈਂ ਜਨਮਜਨਮ ਤਕ ਤੁਹਾਡਾ ਰਿਣੀ ਰਹਾਂਗਾ।
ਤੁਹਾਡਾ
ਤੈਨਾਲੀ ਰਾਮ ਚਿੱਠੀ ਸੁਣਦਿਆਂ ਹੀ ਕ੍ਰਿਸ਼ਨਦੇਵ ਰਾਇ ਦੀਆਂ ਅੱਖਾਂ ਭਿੱਜ ਗਈਆਂ। ਉਹ ਬੋਲੇ - "ਮੈਂ ਵੀ ਕਿਹੋ ਜਿਹਾ ਝੱਲ ਕੀਤਾ ਕਿ ਕੁਝ ਲੋਕਾਂ ਦੀ ਸ਼ਿਕਾਇਤ ਸੁਣ ਕੇ ਹੀ ਤੈਨਾਲੀ ਰਾਮ ਨੂੰ ਸਜ਼ਾ ਸੁਣਾ ਦਿੱਤੀ। ਤੈਨਾਲੀ ਰਾਮ ਜਿਹਾ ਅਨਮੋਲ ਹੀਰਾ ਕਿਥੇ ਮਿਲੇਗਾ। “ਤੁਸੀ ਬਿਲਕੁਲ ਸੱਚ ਕਹਿ ਰਹੇ ਹੋ, ਮਹਾਰਾਜ। ਤੈਨਾਲੀ ਰਾਮ ਬੜਾ ਅਕਲਮੰਦ ਸੀ-ਉਸ ਦੀ ਥਾਂ ਨਹੀਂ ਭਰੀ ਜਾ ਸਕਦੀ। ਉਹ ਰਾਜ ਭਗਤ ਸੀ, ਵਿਦਵਾਨ ਸੀ, ਸੱਚਾ ਸੀ, ਇਮਾਨਦਾਰ ਸੀ ਅਤੇ ਇਨ੍ਹਾਂ ਸਾਰੇ ਗੁਣਾਂ ਦੇ ਨਾਲ-ਨਾਲ ਸਾਰਿਆਂ ਦਾ ਹਿਤੈਸ਼ੀ ਤੇ ਖੁਸ਼ ਰਹਿਣ ਵਾਲਾ ਬੰਦਾ ਵੀ ਸੀ।”
ਰਾਜਾ ਕ੍ਰਿਸ਼ਨਦੇਵ ਰਾਇ ਨੇ ਦੇਖਿਆ ਕਿ ਤੈਨਾਲੀ ਰਾਮ ਦੀ ਪ੍ਰਸੰਸਾ ਕਰਨ ਵਾਲੇ ਉਹੀ ਦਰਬਾਰੀ ਸਨ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਤੈਨਾਲੀ ਰਾਮ ਦੀਆਂ ਸ਼ਿਕਾਇਤਾਂ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ।
ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਪਰ ਹੁਣ ਕੀ ਹੋ ਸਕਦਾ ਸੀ ? ਉਨ੍ਹਾਂ ਨੇ ਇਕਦਮ ਹੁਕਮ ਦਿੱਤਾ, "ਅੱਜ ਦੀ ਬੈਠਕ ਸ਼ੋਕ-ਸਭਾ ਦੇ ਤੌਰ ਤੇ ਹੋਵੇਗੀ। ਸਾਰੇ ਸੱਚੇ ਦਿਲੋਂ ਤੈਨਾਲੀ ਰਾਮ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਤੇ ਤੈਨਾਲੀ ਰਾਮ ਦੇ ਗੁਣਾਂ ਦੀ ਚਰਚਾ ਕਰਨ।”
ਇਕਦਮ ਆਗਿਆ ਦਾ ਪਾਲਣ ਹੋਇਆ। ਕੁਝ ਦੇਰ ਚੁੱਪ ਰਹਿ ਕੇ ਤੇਨਾਲੀ ਰਾਮ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਫਿਰ ਸਾਰੇ ਦਰਬਾਰੀਆਂ ਨੇ ਤੈਨਾਲੀ ਰਾਮ ਦੇ ਗੁਣਾਂ ਦੀ ਚਰਚਾ ਕੀਤੀ।
ਹਾਲੇ ਇਹ ਸ਼ੌਕ-ਸਭਾ ਚਲ ਹੀ ਰਹੀ ਸੀ ਕਿ ਉਸੇ ਵੇਲੇ ਦਰਬਾਰ ਵਿਚ ਇਕ ਜਟਾਧਾਰੀ ਆਪਣੀਆਂ ਜਟਾਵਾਂ ਉਤਾਰ ਕੇ ਸੁਟਦਾ ਆ ਖੜਾ ਹੋਇਆ ਅਤੇ ਬੋਲਿਆ, "ਮਹਾਰਾਜ ਦੀ ਜੈ ਹੋਵੇ ! ਮਹਾਰਾਜ ਨੇ ਆਪਣੇ ਮੁੰਹੋਂ ਅਤੇ ਮੇਰੇ ਸਾਰੇ ਦਰਬਾਰੀ ਦੋਸਤਾਂ ਨੇ ਇਕ ਆਵਾਜ਼ ਨਾਲ ਮੈਨੂੰ ਇਮਾਨਦਾਰ ਤੇ ਸੱਚਾ ਦੱਸਿਆ ਹੈ। ਹੁਣ ਤਾਂ ਮੇਰੀ ਸੱਚਾਈ ਦਾ ਸਬੂਤ ਤੁਹਾਨੂੰ ਮਿਲ ਹੀ ਗਿਆ ਹੈ ਨਾ ?"
ਇਹ ਨਕਲੀ ਜਟਾਧਾਰੀ ਤੈਨਾਲੀ ਰਾਮ ਸੀ।
ਰਾਜਾ ਕ੍ਰਿਸ਼ਨਦੇਵ ਰਾਇ ਨੇ ਜਦੋਂ ਤੈਨਾਲੀ ਰਾਮ ਨੂੰ ਇਸ ਰੂਪ ਵਿਚ ਦੇਖਿਆ ਤਾਂ ਹੱਸਦਿਆਂ ਬੋਲੇ - "ਤੈਨਾਲੀ ਰਾਮ, ਤੇਰੇ ਤੋਂ ਕੋਈ ਨਹੀਂ ਜਿੱਤ ਸਕਦਾ। ਤੁਹਾਡੀ ਅਕਲ ਦਾ ਥਾਹ ਪਾਉਣਾ ਬੜਾ ਔਖਾ ਹੈ। ਇਹ ਨਾਟਕ ਰਚਾ ਕੇ ਤੁਸੀਂ ਨਾ ਸਿਰਫ ਆਪਣੇ ਆਪ ਨੂੰ ਬੇਗੁਨਾਹ ਸਾਬਤ ਕੀਤਾ ਹੈ ਸਗੋਂ ਆਪਣੇ ਆਲੋਚਕਾਂ ਦੇ ਮੂੰਹ ਉਪਰ ਵੀ ਕਰਾਰਾ ਥੱਪੜ ਮਾਰਿਆ ਹੈ।”
ਤੈਨਾਲੀ ਰਾਮ ਨੇ ਆਪ ਫਿਰ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਸਚਮੁੱਚ ਉਨ੍ਹਾਂ ਸਾਰੇ ਦਰਬਾਰੀਆਂ ਦੇ ਮੂੰਹ ਉਪਰ ਕਾਲਖ ਪੋਚੀ ਜਾ ਚੁੱਕੀ ਸੀ ਜਿਨ੍ਹਾਂ ਨੇ ਤੈਨਾਲੀ ਰਾਮ ਦੀ ਮਹਾਰਾਜ ਨੂੰ ਸ਼ਿਕਾਇਤ ਕੀਤੀ ਸੀ।
0 Comments