Punjabi Moral Story “But Bol Piya”, "ਬੁੱਤ ਬੋਲ ਪਿਆ" Tenali Rama Story for Students of Class 5, 6, 7, 8, 9, 10 in Punjabi Language.

ਬੁੱਤ ਬੋਲ ਪਿਆ 
But Bol Piya 



ਦੁਸਹਿਰੇ ਦਾ ਤਿਉਹਾਰ ਨੇੜੇ ਸੀ। ਰਾਜਾ ਕਿਸ਼ਨਦੇਵ ਰਾਇ ਦੇ ਦਰਬਾਰੀਆਂ ਨੇ ਵੀ ਜਦੋਂ ਦੁਸਹਿਰਾ ਮਨਾਉਣ ਦੀ ਗੱਲ ਕੀਤੀ ਤਾਂ ਰਾਜਾ ਕ੍ਰਿਸ਼ਨਦੇਵ ਰਾਇ ਬੋਲੇ, 'ਮੇਰੀ ਦਿਲੀ ਇੱਛਾ ਹੈ ਕਿ ਇਸ ਵਾਰੀ ਦੁਸਹਿਰਾ ਬਹੁਤ ਧੂਮਧਾਮ ਨਾਲ ਮਨਾਇਆ ਜਾਵੇ। ਮੈਂ ਚਾਹੁੰਦਾ ਹਾਂ ਕਿ ਇਸ ਮੌਕੇ ਤੇ ਸਾਰੇ ਦਰਬਾਰੀ, ਮੰਤਰੀ, ਸੈਨਾਪਤੀ ਤੇ ਪੁਰੋਹਿਤ ਆਪੋ ਆਪਣੀਆਂ ਝਾਂਕੀਆਂ ਸਜਾਉਣ। ਜਿਸ ਦੀ ਝਾਂਕੀ ਸਾਰਿਆਂ ਨਾਲੋਂ ਚੰਗੀ ਹੋਵੇਗੀ ਅਸੀਂ ਉਸ ਨੂੰ ਇਨਾਮ ਦੇਵਾਂਗੇ।”

ਇਹ ਸੁਣ ਕੇ ਸਾਰੇ ਅਗਲੇ ਦਿਨ ਤੋਂ ਹੀ ਆਪੋ-ਆਪਣੀਆਂ ਝਾਂਕੀਆਂ ਬਣਾਉਣ ਵਿਚ ਰੁਝ ਗਏ। ਸਾਰੇ ਇਕ ਦੂਜੇ ਤੋਂ ਚੰਗੀ ਝਾਂਕੀ ਬਣਾਉਣ ਦੀ ਕੋਸ਼ਿਸ਼ ਵਿਚ ਸਨ। ਝਾਂਕੀਆਂ ਬਣਨ ਲੱਗੀਆਂ - ਸੁੰਦਰ, ਸਜੀਲੀਆਂ, ਰੰਗ-ਬਰੰਗੀਆਂ ਅਤੇ ਰਾਜ ਦੇ ਸੁਖ ਤੇ ਅਮੀਰੀ ਨੂੰ ਦਰਸਾਉਣ ਵਾਲੀਆਂ।

ਅੱਜ ਦੁਸਹਿਰਾ ਸੀ। ਰਾਜਾ ਕ੍ਰਿਸ਼ਨਦੇਵ ਰਾਇ ਆਪਣੇ ਸਾਥੀਆਂ ਨਾਲ ਝਾਂਕੀਆਂ ਦੇਖਣ ਆਏ। ਸਾਰੀਆਂ ਝਾਂਕੀਆਂ ਇਕ ਦੂਜੀ ਤੋਂ ਵਧ ਕੇ ਸਨ। ਰਾਜੇ ਨੂੰ ਸਾਰਿਆਂ ਦੀਆਂ ਝਾਂਕੀਆਂ ਦਿਸੀਆਂ ਪਰ ਤੈਨਾਲੀ ਰਾਮ ਦੀ ਝਾਂਕੀ ਨਾ ਦਿਸੀ। ਉਹ ਸੋਚ ਵਿਚ ਪੈ ਗਏ ਅਤੇ ਫਿਰ ਉਨ੍ਹਾਂ ਨੇ ਦਰਬਾਰੀਆਂ ਤੋਂ ਪੁੱਛਿਆ, “ਤੈਨਾਲੀ ਰਾਮ ਕਿਧਰੇ ਨਹੀਂ ਦਿਸਦਾ। ਉਸ ਦੀ ਝਾਂਕੀ ਵੀ ਨਜ਼ਰ ਨਹੀਂ ਆ ਰਹੀ। ਤੈਨਾਲੀ ਰਾਮ ਹੈ ਕਿਧਰ ?"

“ਮਹਾਰਾਜ ਤੈਨਾਲੀ ਰਾਮ ਨੂੰ ਬਾਕੀ ਬਣਾਉਣੀ ਆਉਂਦੀ ਹੀ ਕਿਥੇ ਹੈ ? ਉਹ ਦੇਖੋ, ਉਧਰ ਟਿੱਲੇ ਉਪਰ ਕਾਲੇ ਰੰਰ ਦੀ ਇਕ ਝੌਪੜੀ ਅਤੇ ਉਸ ਦੇ ਅੱਗੇ ਖੜੋਤਾ ਹੈ ਇਕ ਬਦਸੂਰਤ ਜਿਹਾ ਬੁੱਤ। ਇਹੀ ਹੈ ਉਸ ਦੀ ਝਾਂਕੀ। ਤੈਨਾਲੀ ਰਾਮ ਦੀ ਝਾਂਕੀ।” ਮੰਤਰੀ ਨੇ ਟਕੋਰ ਵਾਲੀ ਆਵਾਜ਼ ਵਿਚ ਕਿਹਾ।

ਰਾਜਾ ਉਸ ਉਚੇ ਕਿਲੇ ਤੇ ਗਿਆ ਅਤੇ ਤੈਨਾਲੀ ਰਾਮ ਨੂੰ ਪੁੱਛਿਆ, "ਤੈਨਾਲੀ ਰਾਮ, ਇਹ ਤੂੰ ਕੀ ਬਣਾਇਆ ਹੈ ? ਕੀ ਇਹੀ ਹੈ ਤੇਰੀ ਝਾਂਕੀ ?"

"ਜੀ ਮਹਾਰਾਜ, ਇਹੀ ਮੇਰੀ ਝਾਂਕੀ ਹੈ ਅਤੇ ਮੈਂ ਇਹ ਕੀ ਬਣਾਇਆ ਹੈ ? ਇਸ ਦਾ ਜਵਾਬ ਮੈਂ ਇਸੇ ਤੋਂ ਪੁੱਛ ਕੇ ਦੱਸਦਾ ਹਾਂ, ਕੌਣ ਹੈ ਇਹ ?" ਕਹਿੰਦਿਆਂ ਤੈਨਾਲੀ ਰਾਮ ਨੇ ਬੁੱਤ ਨੂੰ ਪੁੱਛਿਆ, "ਬੋਲਦਾ ਕਿਉਂ ਨਹੀਂ ? ਮਹਾਰਾਜ ਦੇ ਸਵਾਲ ਦਾ ਜਵਾਬ ਦੇ।”

ਮੈਂ ਉਸ ਪਾਪੀ ਰਾਵਣ ਦਾ ਪਰਛਾਵਾਂ ਹਾਂ, ਜਿਸ ਦੇ ਮਰਨ ਦੀ ਖੁਸ਼ੀ ਵਿਚ ਤੁਸੀਂ ਦੁਸ਼ਹਿਰੇ ਦਾ ਤਿਉਹਾਰ ਮਨਾ ਰਹੇ ਹੋ। ਪਰ ਮੈਂ ਮਰਿਆ ਨਹੀਂ। ਇਕ ਵਾਰ ਮਰਿਆ, ਫਿਰ ਪੈਦਾ ਹੋ ਗਿਆ। ਅੱਜ ਜਿਹੜੀ ਤੁਸੀਂ ਆਪਣੇ ਆਲੇ-ਦੁਆਲੇ ਭੁੱਖ ਮਰੀ, ਗਰੀਬੀ, ਜ਼ੁਲਮ, ਪੀੜਾ, ਲੁੱਟ ਆਦਿ ਦੇਖ ਰਹੇ ਹੋ ਨਾ..ਇਹ ਸਾਰਾ ਕੁਝ ਮੇਰਾ ਹੀ ਕੰਮ ਹੈ। ਹੁਣ ਮੈਨੂੰ ਮਾਰਨ ਵਾਲਾ ਕੌਣ ਹੈ? ਕਹਿ ਕੇ ਬੁੱਤ ਨੇ ਇਕ ਜ਼ੋਰਦਾਰ ਠਹਾਕਾ ਲਗਾਇਆ।

ਰਾਜਾ ਕ੍ਰਿਸ਼ਨਦੇਵ ਰਾਇ ਨੂੰ ਉਸ ਦੀ ਗੱਲ ਸੁਣ ਕੇ ਗੁੱਸਾ ਆ ਗਿਆ। ਉਹ ਗੁੱਸੇ ਨਾਲ ਭਰ ਕੇ ਬੋਲਿਆ, "ਮੈਂ ਹੁਣੇ ਆਪਣੀ ਤਲਵਾਰ ਨਾਲ ਇਸ ਬੁੱਤ ਦੇ ਟੁਕੜੇ -ਟੁਕੜੇ ਕਰ ਦਿੰਦਾ ਹਾਂ।”

"ਬੁੱਤ ਦੇ ਟੁਕੜੇ ਕਰ ਦੇਣ ਨਾਲ ਕੀ ਮੈਂ ਮਰ ਜਾਵਾਂਗਾ ? ਕੀ ਬੁੱਤ ਦੇ ਖ਼ਤਮ ਹੋ ਜਾਣ ਨਾਲ ਲੋਕਾਂ ਦੇ ਦੁੱਖ ਦੂਰ ਹੋ ਜਾਣਗੇ ?"

ਐਨਾ ਕਹਿ ਕੇ ਬੁੱਤ ਦੇ ਅੰਦਰੋਂ ਇਕ ਆਦਮੀ ਬਾਹਰ ਨਿਕਲਿਆ ਤੇ ਬੋਲਿਆ, "ਮਹਾਰਾਜ ਮੁਆਫ ਕਰਨਾ। ਇਹ ਸਚਾਈ ਨਹੀ, ਝਾਂਕੀ ਦਾ ਨਾਟਕ ਸੀ।

“ਨਹੀਂ ਇਹ ਨਾਟਕ ਨਹੀਂ, ਸੱਚ ਸੀ। ਇਹੀ ਸੱਚੀ ਝਾਂਕੀ ਹੈ। ਮੈਨੂੰ ਮੇਰੇ ਫਰਜ਼ ਦੀ ਯਾਦ ਕਰਾਉਣ ਵਾਲੀ ਇਹੀ ਸਾਰਿਆਂ ਨਾਲੋਂ ਚੰਗੀ ਝਾਂਕੀ ਹੈ। ਪਹਿਲਾ ਇਨਾਮ ਤੇਨਾਲੀ ਰਾਮ ਨੂੰ ਦਿੱਤਾ ਜਾਂਦਾ ਹੈ। ਰਾਜਾ ਕ੍ਰਿਸ਼ਨਦੇਵ ਰਾਇ ਨੇ ਕਿਹਾ। 

ਰਾਜੇ ਦੀ ਇਸ ਗੱਲ ਨੂੰ ਸੁਣ ਕੇ ਸਾਰੇ ਦਰਬਾਰੀ ਹੈਰਾਨੀ ਨਾਲ ਇਕ ਦੂਜੇ ਦਾ ਮੂੰਹ ਦੇਖਣ ਲੱਗੇ।


Post a Comment

0 Comments