ਬਾਗ਼ ਦੀ ਹਵਾ
Baag di Hawa
ਗਰਮੀ ਬੜੀ ਜ਼ਿਆਦਾ ਸੀ। ਰਾਜਾ ਕਿਸ਼ਨਦੇਵ ਰਾਇ ਦੇ ਦਰਬਾਰ ਵਿਚ ਬੜੀ ਹੁੰਮਸ ਸੀ। ਸਾਰੇ ਦਰਬਾਰੀ ਪਸੀਨੇ ਨਾਲ ਨਹਾ ਰਹੇ ਸਨ। ਜਦੋਂ ਗਰਮੀ ਉਨ੍ਹਾਂ ਤੋਂ ਸਹਿਣ ਨਾ ਹੋਈ ਤਾਂ ਦਰਬਾਰੀਆਂ ਨੇ ਮਹਾਰਾਜ ਨੂੰ ਕਿਹਾ, 'ਮਹਾਰਾਜ, ਸਵੇਰ ਵੇਲੇ ਬਾਗ ਦੀ ਹਵਾ ਕਿੰਨੀ ਠੰਡੀ ਤੇ ਮਹਿਕ ਭਰੀ ਹੁੰਦੀ ਹੈ, ਕੀ ਐਸੀ ਹਵਾ ਦਰਬਾਰ ਵਿਚ ਨਹੀਂ ਲਿਆਂਦੀ ਜਾ ਸਕਦੀ ?"
ਸਾਰੇ ਦਰਬਾਰੀ ਇਹ ਪ੍ਰਸ਼ਨ ਸੁਣ ਕੇ ਚੁੱਪ ਹੋ ਗਏ ਤਾਂ ਮਹਾਰਾਜ ਨੇ ਐਲਾਨ ਕੀਤਾ, "ਜਿਹੜਾ ਵੀ ਬਾਗ਼ ਦੀ ਹਵਾ ਨੂੰ ਦਰਬਾਰ ਵਿਚ ਲਿਆਵੇਗਾ ਉਸ ਨੂੰ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਇਨਾਮ ਵਜੋਂ ਦਿੱਤੀਆਂ ਜਾਣਗੀਆਂ।”
ਸਾਰੇ ਦਰਬਾਰੀ ਇਹ ਐਲਾਨ ਸੁਣ ਕੇ ਹੈਰਾਨ ਹੋਏ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਬਾਗ਼ ਦੀ ਹਵਾ ਨੂੰ ਦਰਬਾਰ ਵਿਚ ਕਿਵੇਂ ਲਿਆਂਦਾ ਜਾਵੇ।
ਦੂਜੇ ਦਿਨ ਮਹਾਰਾਜ ਨੇ ਦਰਬਾਰ ਵਿਚ ਜਦੋਂ ਸਾਰੇ ਦਰਬਾਰੀਆਂ ਦੇ ਚਿਹਰੇ ਉਤਰੇ ਹੋਏ ਦੇਖੇ ਤਾਂ ਠੰਡਾ ਸਾਹ ਭਰਦਿਆਂ ਬੋਲੇ, "ਲੱਗਦਾ ਹੈ ਕਿ ਸਾਡੀ ਬਾਗ਼ ਦੀ ਹਵਾ ਵਾਲੀ ਇੱਛਾ ਪੂਰੀ ਨਹੀਂ ਹੋਵੇਗੀ।”
ਉਸੇ ਵੇਲੇ ਸਾਰੇ ਦਰਬਾਰੀਆਂ ਵਿਚੋਂ ਤੈਨਾਲੀ ਰਾਮ ਦੀ ਆਵਾਜ਼ ਸੁਣਾਈ ਦਿੱਤੀ, "ਮਹਾਰਾਜ ਤੁਸੀਂ ਬਿਲਕੁਲ ਫਿਕਰ ਨਾ ਕਰੋ, ਮੈਂ ਬਾਗ਼ ਦੀ ਹਵਾ ਤੁਹਾਡੇ ਲਈ ਕੈਦ ਕਰ ਲਿਆਇਆ ਹਾਂ। ਆਗਿਆ ਹੋਵੇ ਤਾਂ ਹਵਾ ਛੱਡ ਦਿਆਂ।”
ਤੈਨਾਲੀ ਰਾਮ ਦੀ ਇਹ ਗੱਲ ਸੁਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ। ਉਸੇ ਵੇਲੇ ਰਾਜਾ ਕ੍ਰਿਸ਼ਨਦੇਵ ਰਾਇ ਨੇ ਆਗਿਆ ਦੇਂਦਿਆਂ ਕਿਹਾ, “ਕਿਥੇ ਹੈ ਹਵਾ ? ਉਸ ਨੂੰ ਇਕਦਮ ਛੱਡ ਦਿਉ।
ਤੈਨਾਲੀ ਰਾਮ ਨੂੰ ਜਿਉਂ ਹੀ ਆਗਿਆ ਮਿਲੀ ਉਸ ਨੇ ਇਕਦਮ ਬਾਹਰ ਖੜੇ ਪੰਜ ਬੰਦਿਆਂ ਨੂੰ ਅੰਦਰ ਬੁਲਾਇਆ। ਉਨ੍ਹਾਂ ਦੇ ਹੱਥਾਂ ਵਿਚ ਖਸਖਸ ਤੇ ਚਮੇਲੀ,ਗੁਲਾਬ ਦੇ ਫੁੱਲਾਂ ਨਾਲ ਬਣੇ ਦਸ ਵੱਡੇ ਪੱਖੇ ਇਤਰ ਜਲ ਨਾਲ ਪੂਰੀ ਤਰ੍ਹਾਂ ਭਿੱਜੇ ਹੋਏ ਸਨ। ਤੈਨਾਲੀ ਰਾਮ ਦਾ ਇਸ਼ਾਰਾ ਮਿਲਦਿਆਂ ਹੀ ਨੌਕਰ ਉਨ੍ਹਾਂ ਪੱਖਿਆਂ ਨੂੰ ਫੜ ਕੇ ਮਹਾਰਾਜ ਦੇ ਸੱਜੇ ਖੱਬੇ ਖੜੇ ਹੋ ਕੇ ਪੱਖਿਆਂ ਨੂੰ ਝੱਲਣ ਲੱਗੇ।
ਥੋੜੀ ਹੀ ਦੇਰ ਵਿਚ ਮਹਿਕ ਭਰੀ ਹਵਾ ਨਾਲ ਸਾਰਾ ਦਰਬਾਰ ਠੰਡਾ ਹੋ ਕੇ ਮਹਿਕਣ ਲੱਗਾ। ਮਹਾਰਾਜ ਤੇ ਦੂਜੇ ਦਰਬਾਰੀ ਬੜੇ ਖੁਸ਼ ਹੋਏ। ਮਹਾਰਾਜ ਦਿਲੋਂ ਤੈਨਾਲੀ ਰਾਮ ਦੀ ਸਿਆਣਪ ਦੀ ਪ੍ਰਸੰਸਾ ਕਰਦਿਆਂ ਬੋਲੇ, 'ਤੈਨਾਲੀ ਰਾਮ ਤੁਸੀਂ ਇਨਸਾਨ ਨਹੀਂ ਫਰਿਸ਼ਤੇ ਹੋ, ਹਰ ਚੀਜ਼ ਹਾਜ਼ਰ ਕਰ ਦਿੰਦੇ ਹੋ। ਮਹਾਰਾਜ ਨੇ ਤੈਨਾਲੀ ਰਾਮ ਨੂੰ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਦਾ ਇਨਾਮ ਦਿੱਤਾ।
0 Comments